ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਨੂੰ ਲੱਗਦਾ ਮੈਂ ਠੀਕ ਨਹੀਂ ਹਾਂ

11:23 AM Oct 22, 2023 IST

ਕੁਲਵਿੰਦਰ ਕੌਸ਼ਲ

Advertisement

ਕਥਾ ਪ੍ਰਵਾਹ

ਸਾਲ ਭਰ ਹੋ ਗਿਆ ਪਿੰਡੋਂ ਸ਼ਹਿਰ ਦੀ ਇਸ ਅਧੁਨਿਕ ਕਲੋਨੀ ’ਚ ਆਇਆਂ ਨੂੰ। ਇਸ ਤਰ੍ਹਾਂ ਲੱਗਦਾ ਜਿਵੇਂ ਸਮਾਂ ਹਵਾ ਬਣ ਕੇ ਉੱਡ ਗਿਆ ਹੋਵੇ। ਹਾਲੇ ਕੱਲ੍ਹ ਦੀ ਤਾਂ ਗੱਲ ਹੈ ਜਦੋਂ ਮੈਂ ਹਫ਼ਤਾ ਭਰ ਸੌਂ ਕੇ ਨਹੀਂ ਦੇਖਿਆ ਸੀ ਕਿ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗਣਾ ਹੈ, ਕਿਵੇਂ ਰਹਾਂਗਾ? ਦਿਲ ਕਿਵੇਂ ਲੱਗੂ? ਕਿਸ ਨੂੰ ਆਪਣਾ ਕਹਾਂਗਾ? ਚਾਹੇ ਪਿੰਡ ’ਚ ਵੀ ਪਹਿਲਾਂ ਵਾਲੀ ਅਪਣੱਤ ਨਹੀਂ ਰਹੀ ਪਰ ਸ਼ਹਿਰ ਨੂੰ ਤਾਂ ਕਿਹਾ ਹੀ ਕੰਕਰੀਟ ਦਾ ਜੰਗਲ ਗਿਆ ਹੈ। ਮੇਰੇ ਦੋਸਤ ਦੇ ਕਹਿਣ ਅਨੁਸਾਰ ‘ਸੋਚ ਲੈ ਓਥੇ ਗੁੰਮ ਕੇ ਰਹਿ ਜਾਵੇਂਗਾ, ਆਪਣੀ ਪਛਾਣ ਵੀ ਨਹੀਂ ਲੱਭਣੀ... ਭੁੱਬਾਂ ਮਾਰ-ਮਾਰ ਰੋਵੇਂਗਾ।’
ਉਸ ਨੇ ਸੋਚ ਲੈ ਜਿਸ ਅੰਦਾਜ਼ ਵਿੱਚ ਕਿਹਾ ਸੀ ਮੈਨੂੰ ਫਿਰ ਇੱਕ ਵਾਰ ਸੋਚਾਂ ਵਿੱਚ ਪਾ ਗਿਆ ਸੀ। ਪਿਛਲੇ ਕਿੰਨੇ ਮਹੀਨਿਆਂ ਤੋਂ ਸੋਚਦਾ ਹੀ ਆਇਆ ਸੀ ਕਿ ਮੇਰਾ ਇਹ ਫ਼ੈਸਲਾ ਠੀਕ ਹੈ ਜਾਂ ਗ਼ਲਤ ਪਰ ਹਮੇਸ਼ਾ ਮਨ ਪਿੰਡ ਛੱਡ ਸ਼ਹਿਰ ਵੱਲ ਜਾਣ ਨੂੰ ਹੀ ਹਾਮੀ ਭਰਦਾ।
‘‘ਮੈਂ ਕੁਝ ਗਲਤ ਤਾਂ ਕਰਨ ਨਹੀਂ ਲੱਗਿਆ, ਨਾ ਹੀ ਨਵਾਂ ਕਰਨ ਲੱਗਿਆ ਹਾਂ। ਮਨੁੱਖ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਮੁੱਢ ਤੋਂ ਪਰਵਾਸ ਹੀ ਕਰਦਾ ਆਇਆ ਹੈ।’’ ਮੈਂ ਖ਼ੁਦ ਨੂੰ ਦਲੀਲ ਦਿੰਦਾ।
ਇਹ ਵੀ ਨਹੀਂ ਸੀ ਕਿ ਮੈਂ ਪਿੰਡ ਵਿੱਚ ਰਹਿਣਾ ਹੀ ਨਹੀਂ ਚਾਹੁੰਦਾ ਸੀ। ਪਹਿਲਾਂ ਤਾਂ ਇਰਾਦਾ ਪਿੰਡ ਵਾਲਾ ਘਰ ਉਧੇੜ ਕੇ ਇੱਥੇ ਹੀ ਨਵੇਂ ਹਿਸਾਬ ਦਾ ਘਰ ਬਣਾਉਣ ਦਾ ਸੀ ਪਰ ਜੱਦੀ ਘਰ ਹੋਣ ਕਰਕੇ ਇਸ ਵਿੱਚ ਇੱਕ ਹਿੱਸਾ ਚਾਚੇ ਦਾ ਵੀ ਆਉਂਦਾ ਸੀ ਜੋ ਹੁਣ ਪਿਛਲੇ ਕਾਫ਼ੀ ਸਾਲਾਂ ਤੋਂ ਮੁਹਾਲੀ ਜਾ ਵਸਿਆ ਸੀ। ਚਾਚੇ ਵਾਲੇ ਹਿੱਸੇ ਨਾਲ ਘਰ ਲਈ ਜਗ੍ਹਾ ਪੂਰੀ ਪੈਂਦੀ ਸੀ ਪਰ ਚਾਚਾ ਸੀ ਕਿ ਨਾ ਤਾਂ ਸਾਨੂੰ ਘਰ ’ਚੋਂ ਹਿੱਸਾ ਛੱਡਦਾ ਸੀ ਨਾ ਹੀ ਵੇਚਦਾ ਸੀ। ਇੱਕ ਵਾਰ ਮੈਂ ਗੱਲ ਸਿੱਧੀ ਨਬਿੇੜਣ ਲਈ ਚਾਚੇ ਕੋਲ ਮੁਹਾਲੀ ਹੀ ਚਲਿਆ ਗਿਆ ਕਿ ਉਸ ਨਾਲ ਗੱਲ ਕਰ ਹੀ ਆਵਾਂ। ਹਾਲਚਾਲ ਤੋਂ ਬਾਅਦ ਮੈਂ ਮਲਵੀ ਜਿਹੀ ਜੀਭ ਨਾਲ ਗੱਲ ਤੋਰ ਵੀ ਲਈ।
‘‘ਚਾਚਾ, ਪਿੰਡ ਵਾਲੇ ਘਰ ਦਾ ਕੀ ਕਰਨਾ ਫਿਰ?’’
‘‘ਕੀ ਕਰਨਾ ਮਤਲਬ ਸ਼ੇਰਾ?’’
‘‘ਇਹੋ ਕਿ ਹੁਣ ਉਹ ਘਰ ਕਾਫ਼ੀ ਪੁਰਾਣਾ ਹੋ ਗਿਆ, ਮੈਂ ਸੋਚਦਾ ਸੀ ਕਿ ਉਸਨੂੰ ਢਾਹ ਕੇ ਨਵਾਂ ਬਣਾ ਲਈਏ।’’
‘‘ਜਿਵੇਂ ਮਰਜ਼ੀ ਕਰ ਪੁੱਤਰਾ, ਤੂੰ ਰਹਿਣਾ ਤੇ ਤੂੰ ਪਾਉਣਾ ਹੈ।’’ ਚਾਚੇ ਨੇ ਪੂਰਾ ਪਿਆਰ ਜਤਾਉਂਦੇ ਕਿਹਾ ਸੀ।
‘‘ਮੈਂ ਸੋਚਦਾ ਸੀ ਆਪਾਂ... ਉਸ ਘਰ ਦੀ ਜਗ੍ਹਾ ਦਾ ਹਿਸਾਬ ਜਿਹਾ ਕਰ ਲੈਂਦੇ ਜੋ ਤੁਹਾਡੇ ਹਿੱਸੇ ਦੀ ਜਗ੍ਹਾ ਹੈ ਮੈਂ ਉਸਦੇ ਪੈਸੇ ਦੇ ਦਿੰਦਾ।’’ ਬਹੁਤ ਹੀ ਮੁਸ਼ਕਿਲ ਨਾਲ ਇਹ ਗੱਲ ਮੈਂ ਕਹਿ ਸਕਿਆ। ਪਤਾ ਨਹੀਂ ਕਿਉਂ ਮੈਨੂੰ ਚਾਚੇ ਨਾਲ ਉਸ ਘਰ ਦੀ ਜਗ੍ਹਾ ਲਈ ਪੈਸਿਆਂ ਬਾਰੇ ਗੱਲ ਕਰਨ ਤੋਂ ਝਿਜਕ ਜਿਹੀ ਮਹਿਸੂਸ ਹੁੰਦੀ ਸੀ। ਸ਼ਾਇਦ ਬੇਬੇ ਬਾਪੂ ਦੇ ਜਾਣ ਮਗਰੋਂ ਇੱਕ ਚਾਚਾ ਹੀ ਸੀ ਜਿਸ ਦਾ ਮੈਂ ਆਪਣੇ ਸਿਰ ਉੱਪਰ ਹੱਥ ਸਮਝਦਾ ਸੀ ਪਰ ਉਹ ਗੱਲ ਵੱਖ ਸੀ ਕਿ ਕਦੇ-ਕਦੇ ਇਹ ਹੱਥ ਮੈਨੂੰ ਸਿਰ ਤੋਂ ਗਿੱਚੀ ਵੱਲ ਆਉਂਦਾ ਲੱਗਦਾ ਜਦੋਂ ਵੀ ਚਾਚਾ ਸਾਲ ਛਿਮਾਹੀ ਖੇਤੀ ਦਾ ਹਿਸਾਬ ਕਰਨ ਆਉਂਦਾ। ਜਦੋਂ ਦਾ ਮੈਂ ਸਰਕਾਰੀ ਨੌਕਰੀ ’ਚ ਭਰਤੀ ਹੋਇਆ ਹਾਂ ਚਾਚੇ ਦੀ ਹਰ ਗੱਲ ’ਚੋਂ ਮੈਨੂੰ ਅਜੀਬ ਜਿਹਾ ਮੁਸ਼ਕ ਮਾਰਦਾ।
ਚਾਚਾ ਖੰਘੂਰਾ ਜਿਹਾ ਮਾਰ ਕੇ ਕਹਿਣ ਲੱਗਾ, ‘‘ਲੈ ਪੁੱਤ, ਤੈਥੋਂ ਪੈਸੇ ਲੈਂਦਾ ਚੰਗਾ ਲੱਗਦਾ ਹਾਂ! ਤੂੰ ਐਂ ਕਰ ਉਧੇੜ ਕੇ ਜਿਹੜਾ ਵਗਲਣਾ ਵਗਲ ਲੈ ਜਿੰਨਾ ਚਿਰ ਮੈਂ ਬੈਠਾ ਹਾਂ ਤੂੰ ਭੋਰਾ ਦਿਮਾਗ ’ਤੇ ਬੋਝ ਨਾ ਪਾ। ਫਿਰ ਤੁਸੀਂ ਭਾਈ-ਭਾਈ ਦੇਖ ਲਿਓ।’’ ਚਾਚੇ ਨੇ ਹੱਸਦਿਆਂ ਗੱਲ ਮੁਕਾਈ।
‘‘ਫਿਰ ਵੀ ਚਾਚਾ, ਕੱਲ੍ਹ ਨੂੰ ਕਿਸੇ ਰੌਲੇ ਨਾਲੋਂ ਅੱਜ ਗੱਲ ਮੁਕਾਈ ਚੰਗੀ ਹੁੰਦੀ ਹੈ।’’ ਮੈਂ ਇੱਕ ਵਾਰ ਫਿਰ ਚਾਚੇ ’ਤੇ ਜ਼ੋਰ ਪਾਇਆ।
‘‘ਲੈ ਤੂੰ ਕਮਲਾ ਹੋਇਆਂ, ਰੌਲਾ ਕੀ ਪੈਣਾ? ਤੂੰ ਕਿਹੜਾ ਮੈਨੂੰ ਬਿੱਟੂ ਤੋਂ ਅੱਡ ਏਂ, ਨਾਲੇ ਭਾਈ ਉਸ ਜਗ੍ਹਾ ਬਹਾਨੇ ਪਿੰਡ ਵਿੱਚ ਮੇਰਾ ਵੀ ਸੀਰ ਰਹੂ।’’
ਮੈਨੂੰ ਪਤਾ ਤਾਂ ਸੀ ਕਿ ਚਾਚੇ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦੇਣਾ ਤੇ ਹੋਇਆ ਵੀ ਇਹੋ। ਉਹ ਹਿਸਾਬ ਜਿਹੇ ਨਾਲ ਜਵਾਬ ਦੇ ਗਿਆ। ਮੁੰਡਾ ਉਸ ਦਾ ਕੈਨੇਡਾ ਬੈਠਾ। ਉਹਨੇ ਕਿਹੜਾ ਆਉਣਾ ਇੱਥੇ। ਚਾਚੀ ਆਪ ਕਈ ਮਹੀਨਿਆਂ ਦੀ ਉੱਥੇ ਗਈ ਹੋਈ ਹੈ। ਇਹਦੀ ਵੀ ਇੱਕ ਲੱਤ ਉੱਥੇ ਤੇ ਇੱਕ ਇੱਥੇ ਲਟਕਦੀ ਰਹਿੰਦੀ ਹੈ ਪਰ ਗੱਲਾਂ-ਗੱਲਾਂ ’ਚ ਇਹ ਮੈਨੂੰ ਵੀ ਅੱਧ-ਵਿਚਕਾਰ ਲਟਕਾ ਗਿਆ।
‘‘ਮੈਂ ਇਨ੍ਹਾਂ ਦੇ ਸਾਰੇ ਲਟਕੇ-ਝਟਕੇ ਸਮਝਦੀ ਹਾਂ। ਇਹ ਨਹੀਂ ਚਾਹੁੰਦੇ ਆਪਾਂ ਚੰਗਾ ਘਰ ਬਣਾ ਕੇ ਬੈਠੀਏ, ਓਹੀ ਸ਼ਰੀਕਾਂ ਵਾਲੀ ਗੱਲ ਹੋਈ।’’ ਮੇਰੀ ਘਰਵਾਲੀ ਮਨਜੋਤ ਨੇ ਮੂੰਹ ਬਣਾਉਂਦਿਆਂ ਕਿਹਾ।
ਉਸ ਦੇ ਮੂੰਹੋਂ ਸ਼ਰੀਕਾਂ ਵਾਲੀ ਗੱਲ ਸੁਣ ਕੇ ਪਤਾ ਨਹੀਂ ਕਿਉਂ ਮੇਰੇ ਚਿਹਰੇ ’ਤੇ ਮੁਸਕਰਾਹਟ ਆ ਗਈ।
‘‘ਕੀ ਹੋਇਆ? ਨਾ ਮੇਰੀ ਗੱਲ ਥੋਨੂੰ ਝੂਠ ਲੱਗਦੀ ਹੈ?’’
‘‘ਝੂਠ ਨਹੀਂ, ਇੱਕ ਗੱਲ ਚੇਤੇ ਆ ਗਈ ਸੀ,’’ ਮੈਂ ਉਸੇ ਤਰ੍ਹਾਂ ਮੁਸਕਰਾਉਂਦਿਆਂ ਕਿਹਾ।
‘‘ਕਿਹੜੀ ਗੱਲ? ਮੈਨੂੰ ਵੀ ਪਤਾ ਚੱਲੇ।’’
‘‘ਤਾਂ ਸੁਣ, ਇੱਕ ਦੋਸਤ ਨੇ ਸੁਣਾਈ ਸੀ। ਕਹਿੰਦਾ ਉਹਦੇ ਗੁਆਂਢ ’ਚ ਦੋ ਭਾਈ ਰਹਿੰਦੇ ਨੇ। ਇੱਕ ਤਾਂ ਸਾਰਾ-ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਤੇ ਦੂਜਾ ਪੂਰੀ ਐਸ਼ ਉਡਾਉਂਦਾ ਪਰ ਉਨ੍ਹਾਂ ’ਚ ਇੱਕ ਫ਼ਰਕ ਹੈ। ਐਸ਼ ਉਡਾਉਣ ਵਾਲਾ ਹਰ ਸਾਲ ਦੋ ਸਾਲ ਬਾਅਦ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੰਦਾ ਹੈ ਤੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਉਸ ਤੋਂ ਜ਼ਮੀਨ ਖਰੀਦ ਲੈਂਦਾ ਹੈ। ਇੱਕ ਦਿਨ ਐਸ਼ ਕਰਨ ਵਾਲੇ ਨੂੰ ਮੇਰੇ ਦੋਸਤ ਨੇ ਸਮਝਾਉਂਦਿਆਂ ਕਿਹਾ ‘ਤੂੰ ਵੀ ਥੋੜ੍ਹੀ ਬਹੁਤ ਮਿਹਨਤ ਕਰ ਲਿਆ ਕਰ, ਦੇਖ ਤੇਰਾ ਹੀ ਭਾਈ ਹੈ ਜੋ ਹਰ ਸਾਲ ਜ਼ਮੀਨ ਖਰੀਦਦਾ ਹੈ ਤੇ ਤੂੰ ਵੇਚਦਾ ਹੈਂ।’ ਉਹਨੇ ਪਤਾ ਕੀ ਜਵਾਬ ਦਿੱਤਾ? ਕਹਿੰਦਾ, ‘ਜ਼ਮੀਨ ਜ਼ਮੂਨ ਦੀ ਤਾਂ ਛੱਡ, ਤੂੰ ਦੇਖ ਕਿਵੇਂ ਸ਼ਰੀਕਾਂ ਨੂੰ ਸਾਰੀ ਉਮਰ ਨਵੀਂ ਜੁੱਤੀ ਨਹੀਂ ਪਾਉਣ ਦਿੰਦਾ। ਜਦੋਂ ਨੂੰ ਪਹਿਲੀ ਖਰੀਦੀ ਜ਼ਮੀਨ ਦੇ ਪੈਸੇ ਆੜ੍ਹਤੀਆਂ ਕੋਲ ਮੋੜ ਕੇ ਉਹ ਸੌਖਾ ਹੋਣ ਲੱਗਦੈ, ਆਪਾਂ ਭੋਰਾ ਕੁ ਜ਼ਮੀਨ ਫਿਰ ਵਿਕਾਊ ਕਰ ਦੇਈਦੀ ਹੈ। ਨਾਲ ਲੱਗਦੀ ਜ਼ਮੀਨ ਕੌਣ ਛੱਡੇ! ਇਸ ਲਈ ਫਿਰ ਉਸ ਦਾ ਹੱਥ ਟਾਈਟ ਕਰ ਦੇਈਦਾ ਹੈ। ਦੱਸ ਕਦੋਂ ਜੁੜੂ ਉਹਨੂੰ ਜੁੱਤੀ’।’’
ਮੇਰੀ ਗੱਲ ਸੁਣ ਮਨਜੋਤ ਵੀ ਹੱਸ ਪਈ ਤੇ ਸਾਡੇ ਘਰ ’ਚ ਆਇਆ ਤਣਾਅ ਕੁਝ ਘਟ ਗਿਆ ਸੀ।
... ... ...
ਮੈਂ ਇੱਕ ਦੋ ਸਿਆਣੇ ਬੰਦੇ ਵੀ ਚਾਚੇ ਕੋਲ ਭੇਜੇ ਪਰ ਜਦੋਂ ਉਸ ਨੇ ਕੋਈ ਕੰਨੀ ਨਾ ਫੜਾਈ ਤਾਂ ਮੈਂ ਪਿੰਡ ’ਚ ਹੀ ਕੋਈ ਹੋਰ ਜਗ੍ਹਾ ਦੇਖ ਘਰ ਬਣਾਉਣ ਦੀ ਸੋਚਣ ਲੱਗਿਆ ਸੀ।
‘‘ਆਪਾਂ ਐਂ ਕਰਦੇ ਹਾਂ ਪਿੰਡ ’ਚ ਹੀ ਕੋਈ ਹੋਰ ਜਗ੍ਹਾ ਲੈ ਕੇ ਘਰ ਬਣਾ ਲੈਂਦੇ ਹਾਂ।’’ ਇੱਕ ਦਿਨ ਡਿਊਟੀ ਤੋਂ ਆਉਂਦਿਆਂ ਹੀ ਮੈਂ ਮਨਜੋਤ ਨੂੰ ਆਪਣੇ ਮਨ ਦੀ ਗੱਲ ਦੱਸੀ।
‘‘ਜਿਵੇਂ ਮਰਜ਼ੀ ਕਰੋ, ਮੈਥੋਂ ਨ੍ਹੀ ਹੁਣ ਇਸ ਘਰ ਵਿੱਚ ਰਿਹਾ ਜਾਂਦਾ। ਡਿਗੂੰ-ਡਿਗੂੰ ਕਰਦਾ ਹੈ ਪਤਾ ਨਹੀਂ ਕਦੋਂ ਉੱਪਰ ਆ ਪਏ। ਮੀਂਹ ਹਨੇਰੀ ’ਚ ਜਾਨ ਤ੍ਰਹਿ-ਤ੍ਰਹਿ ਕਰਦੀ ਹੈ। ਦੇਖਣ ਵਾਲਾ ਵੀ ਕੀ ਕਹੂ ਸਾਰਾ ਕੁਝ ਹੁੰਦੇ ਸੁੰਦੇ ਵੀ...।’’
ਮਨਜੋਤ ਦਾ ਡਰ ਜਾਇਜ਼ ਸੀ। ਘਰ ਬਣਿਆ ਵੀ ਬਹੁਤ ਪੁਰਾਣਾ ਸੀ। ਹਰ ਸਾਲ ਉਸ ਦੀ ਲਿੱਪਾ-ਪੋਚੀ ’ਤੇ ਹੀ ਵੀਹ-ਤੀਹ ਹਜ਼ਾਰ ਲੱਗ ਜਾਂਦਾ ਸੀ।
‘‘ਓਏ ਤੂੰ ਕਮਲਾ ਹੋਇਐਂ! ਪਿੰਡ ’ਚ ਐਨੇ ਪੈਸੇ ਲਾਵੇਂਗਾ। ਦੁਨੀਆਂ ਗਹਾਂ ਦੀ ਸੋਚਦੀ ਹੈ, ਤੂੰ ਉੱਥੇ ਹੀ ਟੱਕਰਾਂ ਮਾਰੀ ਜਾਨਾਂ।’’ ਮੈਂ ਇੱਕ ਦਿਨ ਆਪਣੇ ਜੁੰਡੀ ਦੇ ਯਾਰ ਗੁਰਮੁਖ ਨਾਲ ਗੱਲ ਕੀਤੀ ਤਾਂ ਉਹ ਇਕਦਮ ਟੱਪ ਉੱਠਿਆ।
‘‘ਮਤਲਬ...?’’
‘‘ਮਤਲਬ ਕਿ ਘਰ ਬਣਾਉਣੈ ਤਾਂ ਸ਼ਹਿਰ ’ਚ ਬਣਾ, ਐਥੇ ਪਿੰਡ ’ਚ ਕੀ ਰੱਖਿਐ?’’ ਉਹਨੇ ਸ਼ਹਿਰਾਂ ਦੇ ਹੱਕ ’ਚ ਹਮੇਸ਼ਾ ਪਿੰਡਾਂ ਬਾਰੇ ਕਹੀ ਜਾਂਦੀ ਗੱਲ ਦੁਹਰਾਈ।
‘‘ਨਹੀਂ-ਨਹੀਂ, ਪਿੰਡ ਬਿਨਾ ਅਸੀਂ ਕਿੱਥੇ ਰਹਿ ਸਕਦੇ ਹਾਂ, ਨਾਲੇ ਆਪਣੇ ਪਿੰਡ ਕਿਹੜੀ ਸਹੂਲਤ ਦੀ ਘਾਟ ਹੈ ਸ਼ਹਿਰ ਨਾਲੋਂ?’’ ਮੈਂ ਸਿਰ ਮਾਰਦਿਆਂ ਕਿਹਾ।
‘‘ਘਾਟ-ਘੂਟ ਤੈਨੂੰ ਕੱਲ੍ਹ ਨੂੰ ਰੜਕੂ ਜਦੋਂ ਜੁਆਕਾਂ ਨੂੰ ਟਿਊਸ਼ਨਾਂ ਲਈ ਸਵੇਰੇ ਸ਼ਾਮ ਲੱਦੀ ਫਿਰੇਂਗਾ।’’ ਮੁੱਕਦੀ ਗੱਲ ਆਪਣੀਆਂ ਦਲੀਲਾਂ ਨਾਲ ਉਹਨੇ ਮੈਨੂੰ ਸ਼ਹਿਰ ਦੇ ਹੱਕ ’ਚ ਭੁਗਤਾ ਲਿਆ। ਮੇਰੇ ਵੀ ਅੰਦਰ ਕਿਤੇ ਨਾ ਕਿਤੇ ਸ਼ਹਿਰ ਵਸਣ ਦੀ ਗੱਲ ਬੈਠੀ ਸੀ। ਘਰ ਆ ਕੇ ਮੈਂ ਮਨਜੋਤ ਨੂੰ ਆਪਣਾ ਨਵਾਂ ਫ਼ੈਸਲਾ ਸੁਣਾ ਦਿੱਤਾ ਕਿ ਹੁਣ ਤਾਂ ਨਵਾਂ ਘਰ ਸ਼ਹਿਰ ਹੀ ਬਣੂਗਾ ਤੇ ਉਹ ਮੇਰੇ ਵੱਲ ਦੇਖ ਮਿੰਨਾ-ਮਿੰਨਾ ਮੁਸਕਰਾਈ ਸੀ। ਸੋਚਦੀ ਹੋਣੀ ਕਿ ਸਵੇਰੇ ਦੇਖੂ ਕੀ ਕਹਿੰਦੇ ਹਨ ਜਦੋਂ ਰਾਤ ਦੇ ਵਪਾਰੀ ਲੱਦ ਗਏ ਕਿਉਂਕਿ ਉਹ ਜਾਣਦੀ ਸੀ ਕਿ ਪਿੰਡ ਵਿੱਚ ਮੇਰੀ ਜਾਨ ਵੱਸਦੀ ਹੈ। ਪਹਿਲਾਂ ਵੀ ਇੱਕ ਦੋ ਵਾਰ ਗੱਲ ਚੱਲੀ ਸੀ ਪਿੰਡੋਂ ਸ਼ਹਿਰ ਸ਼ਿਫਟ ਕਰਨ ਦੀ ਪਰ ਮੈਂ ਕਦੇ ਕੰਨ ’ਤੇ ਜੂੰ ਨਾ ਸਰਕਣ ਦਿੱਤੀ। ਮੈਂ ਸੋਚਦਾ ਸੀ ਇਸ ਪਿੰਡ ਤੋਂ ਬਿਨਾ ਮੈਂ ਕਿਤੇ ਹੋਰ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ। ਇੱਥੇ ਮੇਰੇ ਦੋਸਤ ਵੱਸਦੇ ਨੇ ਜਨਿ੍ਹਾਂ ਨਾਲ ਮੈਂ ਬਚਪਨ ਤੋਂ ਖੇਡਦਾ ਰਿਹਾ ਹਾਂ। ਇਸ ਪਿੰਡ ਦਾ ਹਰ ਬਸ਼ਿੰਦਾ ਮੇਰਾ ਕੁਝ ਨਾ ਕੁਝ ਲੱਗਦਾ ਹੈ। ਹਰ ਜਗ੍ਹਾ ਨਾਲ ਕੋਈ ਨਾ ਕੋਈ ਯਾਦ ਜੁੜੀ ਹੈ ਪਰ ਹੁਣ...!
ਪਰ ਹੁਣ ਗੱਲ ਬਦਲ ਚੁੱਕੀ ਹੈ। ਪਿਛਲੇ ਕੁਝ ਸਾਲਾਂ ਤੋਂ ਮੈਂ ਪਿੰਡ ਨਾਲੋਂ ਟੁੱਟਦਾ ਜਾ ਰਿਹਾ ਹਾਂ। ਬਚਪਨ ਦੇ ਦੋਸਤਾਂ ਨੂੰ ਮਿਲਿਆਂ ਮਹੀਨੇ ਲੰਘ ਜਾਂਦੇ ਹਨ। ਡਿਊਟੀ ਤੋਂ ਘਰ, ਘਰ ਤੋਂ ਡਿਊਟੀ। ਜ਼ਿੰਦਗੀ ਸਿਮਟ ਕੇ ਜਿਹੇ ਰਹਿ ਗਈ ਹੈ। ਚਾਚੇ ਤਾਇਆਂ ਦਾ ਰੰਗ ਵੀ ਦੇਖ ਲਿਆ ਹੈ। ਸਾਰੇ ਚਾਚੇ ਵਰਗੇ ਹੀ ਹਨ। ਬਸ ਮਖੌਟੇ ਬਦਲੇ ਹੋਏ ਹਨ। ਹਾਲੇ ਪਿਛਲੇ ਸਾਲ ਹੀ ਗਲੀ ਵਿੱਚ ਨਾਲੀ ਬਣਾਉਣ ਵੇਲੇ ਜੋ ਰੱਫੜ ਪਿਆ ਸੀ, ਉਸ ਵੇਲੇ ਦੀਆਂ ਕਹੀਆਂ ਸੁਣੀਆਂ ਗੱਲਾਂ ਦੇ ਜ਼ਖ਼ਮ ਹੁਣ ਤੱਕ ਸੀਨੇ ’ਤੇ ਪਏ ਹਨ।
ਸਾਥੋਂ ਅਗਲੇ ਘਰ ਵਾਲੇ ਨਾਜਰ ਤਾਏ ਕੇ ਔਖੇ ਹੋ ਗਏ ਕਿ ਗਲੀ ਉੱਚੀ ਚੁੱਕਣ ਨਹੀਂ ਦੇਣੀ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਘਰ ਨੀਵਾਂ ਰਹਿ ਜਾਊ ਗਲੀ ਤੋਂ, ਪਰ ਨਾਲੀ ਦੀ ਢਾਲ ਬਣਾਉਣ ਲਈ ਉਸ ਨੂੰ ਥੋੜ੍ਹਾ ਚੁੱਕਣਾ ਹੀ ਪੈਣਾ ਸੀ। ਪਤਾ ਨਹੀਂ ਉਨ੍ਹਾਂ ਕੋਲ ਕਿਸ ਨੇ ਮੇਰਾ ਨਾਮ ਲੈ ਦਿੱਤਾ ਕਿ ਮੈਂ ਪੰਚਾਇਤ ਉੱਤੇ ਜ਼ੋਰ ਪਾ ਰਿਹਾ ਹਾਂ ਕਿ ਨਾਲੀ ਜ਼ਰੂਰ ਉੱਚੀ ਚੁੱਕੀ ਜਾਵੇ ਕਿਉਂਕਿ ਮੇਰੇ ਘਰ ਦੇ ਪਾਣੀ ਲੰਘਣ ਵਿੱਚ ਦਿੱਕਤ ਆਉਂਦੀ ਹੈ। ਮੈਨੂੰ ਕਿਸੇ ਕਹੀ ਸੁਣੀ ਗੱਲ ਦਾ ਪਤਾ ਵੀ ਨਹੀਂ ਸੀ ਕਿ ਰਾਤ ਨੂੰ ਨਾਜਰ ਤਾਇਆ ਤੇ ਉਹਦਾ ਮੁੰਡਾ ਦਾਰੂ ਪੀ ਕੇ ਲੱਗੇ ਲਲਕਾਰੇ ਮਾਰਨ। ਪਹਿਲਾਂ ਤਾਂ ਕੋਈ ਗੱਲ ਪੱਲੇ ਨਹੀਂ ਪਈ ਪਰ ਜਦੋਂ ਸਮਝ ਆਈ ਕਿ ਇਹ ਭੋਗ ਤਾਂ ਮੈਨੂੰ ਹੀ ਵਰਤਾਇਆ ਜਾ ਰਿਹਾ ਹੈ ਤਾਂ ਮੈਂ ਵੀ ਤਾਅ ’ਚ ਆ ਗਿਆ। ਗੁਆਂਢੀਆਂ ਨੇ ਵਿੱਚ ਪੈ ਕੇ ਮਸਾਂ ਲੜਾਈ ਹਟਾਈ। ਬਾਅਦ ਵਿੱਚ ਗਲੀ ਵੀ ਉੱਚੀ ਹੋ ਗਈ, ਨਾਲੀ ਵੀ ਬਣ ਗਈ। ਨਾਜਰ ਤਾਏ ਕਿਆਂ ਨੂੰ ਵੀ ਕੋਈ ਔਖ ਨਾ ਹੋਈ ਪਰ ਉਸ ਦਿਨ ਬਾਅਦ ਅਸੀਂ ਕਦੇ ਆਪਸ ’ਚ ਕਲਾਮ ਨਾ ਕੀਤਾ।
... ... ...
ਸ਼ਹਿਰ ’ਚ ਘਰ ਦੇਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ। ਸੋਚ ਸੀ ਬਣਿਆ ਬਣਾਇਆ ਘਰ ਹੀ ਲਵਾਂਗਾ। ਕਿਸੇ ਨੇ ਦੱਸਿਆ ਸੀ ਕਿ ਅੱਜਕੱਲ੍ਹ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਤੋਰਨ ਲਈ ਬਹੁਤ ਸਾਰੇ ਮਾਪੇ ਆਪਣੇ ਨਵੇਂ ਨਕੋਰ ਘਰ ਵੀ ਵੇਚ ਰਹੇ ਹਨ। ਬਸ ਲੱਭਣ ਲਈ ਤੁਹਾਨੂੰ ਥੋੜ੍ਹੀ ਮਿਹਨਤ ਕਰਨੀ ਪੈਣੀ ਹੈ। ਸ਼ਹਿਰ ਦੋ ਤਿੰਨ ਚੱਕਰ ਵੀ ਲਾ ਆਏ। ਕਦੇ ਕੋਈ ਘਰ ਪਸੰਦ ਨਾ ਤੇ ਕਿਤੇ ਕੋਈ ਜਗ੍ਹਾ ਜਿੱਥੇ ਘਰ ਹੁੰਦਾ ਜਾਂ ਘਰ ਸਾਡੀ ਲੋੜ ਤੋਂ ਵੱਡਾ ਛੋਟਾ ਹੁੰਦਾ।
ਫਿਰ ਕਿਸੇ ਨੇ ਸਲਾਹ ਦਿੱਤੀ ਕਿ ਦਲਾਲ ਵਿੱਚ ਪਾਓ ਤੇ ਸੱਚਮੁੱਚ ਦਲਾਲ ਦੇ ਦਿਖਾਏ ਘਰਾਂ ਵਿੱਚੋਂ ਸਾਨੂੰ ਪਹਿਲੇ ਦਿਨ ਹੀ ਇੱਕ ਘਰ ਪਸੰਦ ਆ ਗਿਆ। ਉਸ ਨਾਲ ਜਦੋਂ ਘਰ ਦੇਖਣ ਕਲੋਨੀ ’ਚ ਵੜੇ ਤਾਂ ਕਲੋਨੀ ਦਾ ਸ਼ਾਨਦਾਰ ਗੇਟ ਵੜਦਿਆਂ ਹੀ ਸਾਨੂੰ ਇਹ ਲੱਗਾ ਜਿਵੇਂ ਕਿਸੇ ਹੋਰ ਦੁਨੀਆਂ ’ਚ ਆ ਗਏ ਹੋਈਏ, ਇਹ ਸਾਡੇ ਪੰਜਾਬ ਦਾ ਹਿੱਸਾ ਨਾ ਹੋਵੇ। ਇੱਕ ਚਾਲੀ ਫੁੱਟ ਮੇਨ ਸੜਕ ਜਿਸ ਤੋਂ ਅੱਗੇ ਤੀਹ-ਤੀਹ ਫੁੱਟੀਆਂ ਸੜਕਾਂ। ਜਨਿ੍ਹਾਂ ਉੱਪਰ ਦੋਵੇਂ ਪਾਸੇ ਲੜੀਵਾਰ ਖਜੂਰਾਂ, ਚਾਈਨਾ ਪਾਮ, ਬੋਤਲ ਪਾਮ ਵਰਗੇ ਪਤਾ ਨਹੀਂ ਕਿੰਨੇ ਕੁ ਬੂਟੇ ਲੱਗੇ ਹੋਏ ਸਨ। ਸਾਰੇ ਘਰ ਵੀ ਇੱਕ ਨਿਸ਼ਚਿਤ ਤਰਤੀਬ ਵਿੱਚ ਸਨ।
‘‘ਇਸ ਕਲੋਨੀ ’ਚ ਤੁਹਾਨੂੰ ਕੋਈ ਤਾਰ ਜਾਂ ਬਿਜਲੀ ਦਾ ਖੰਬਾ ਨਹੀਂ ਦਿਸੂ ਜੀ, ਸਾਰਾ ਬਿਜਲੀ ਦਾ ਕੰਮ ਅੰਡਰਗਰਾਊਂਡ ਹੈ।’’ ਦਲਾਲ ਨੇ ਕਲੋਨੀ ਦੀ ਸਿਫ਼ਤ ਕਰਦਿਆਂ ਮੈਨੂੰ ਇੱਕ ਬਹੁਤ ਵੱਡੇ ਪਾਰਕ ਕੋਲੋਂ ਅੰਦਰ ਨੂੰ ਸੜਕ ਘੁੰਮਣ ਲਈ ਕਿਹਾ। ਪਾਰਕ ਵਿੱਚ ਬੱਚਿਆਂ ਲਈ ਝੂਲੇ ਲੱਗੇ ਹੋਏ ਸਨ। ਮੂਰਤੀਆਂ ਨਾਲ ਉਸ ਨੂੰ ਸਜਾਇਆ ਗਿਆ ਸੀ, ਸਾਈਡਾਂ ’ਤੇ ਬੈਠਣ ਲਈ ਬੈਂਚ ਸਨ।
‘‘ਹਾਂ ਜੀ ਉਸ ਪਾਰਕ ਕੋਲ ਜਾਣਾ ਹੈ ਆਪਾਂ, ਹਾਂ ਹਾਂ, ਬੱਸ ਇੱਥੇ ਹੀ ਰੋਕ ਦਿਓ, ਇਹ ਇੱਕ ਹੋਰ ਪਾਰਕ ਹੈ ਬਿਲਕੁਲ ਉਸ ਘਰ ਕੋਲ ਜਿਸ ਨੂੰ ਆਪਾਂ ਦੇਖਣਾ ਹੈ। ਇਸ ਤਰ੍ਹਾਂ ਦੇ ਸੱਤ ਪਾਰਕ ਨੇ ਕਲੋਨੀ ’ਚ। ਤੁਹਾਨੂੰ ਇਸ ਤਰ੍ਹਾਂ ਦੀ ਕਲੋਨੀ ਸਾਰੇ ਸ਼ਹਿਰ ’ਚ ਨਹੀਂ ਮਿਲਣੀ। ਖੁੱਲ੍ਹੀ-ਡੁੱਲ੍ਹੀ। ਘੱਟੋ-ਘੱਟ ਦਸ ਸਾਲ ਉਮਰ ਵਧ ਜਾਣੀ ਤੁਹਾਡੀ ਜੀ।’’ ਦਲਾਲ ਆਪਣੀ ਦਲਾਲੀ ਖਰੀ ਕਰਨ ਲਈ ਪੂਰਾ ਜ਼ੋਰ ਲਗਾ ਰਿਹਾ ਸੀ।
ਘਰ ਦਾ ਹਾਲੇ ਲੈਂਟਰ ਹੀ ਪਾਇਆ ਸੀ, ਪਲੱਸਤਰ ਫਰਸ਼ ਵਗੈਰਾ ਸਾਰਾ ਕੰਮ ਰਹਿੰਦਾ ਸੀ। ਇਹ ਘਰ ਬਿਲਡਰ ਬਣਾ ਕੇ ਵੇਚ ਰਹੇ ਸੀ।
ਪਹਿਲੀ ਗੱਲ ਜੋ ਸਾਨੂੰ ਪਸੰਦ ਆਈ ਘਰ ਹਾਲੇ ਨਵਾਂ ਬਣ ਰਿਹਾ ਸੀ ਤੇ ਬਾਕੀ ਰਹਿੰਦਾ ਅਸੀਂ ਆਪਣੀ ਨਿਗ੍ਹਾ ’ਚ ਬਣਵਾ ਸਕਦੇ ਸੀ।
ਦੂਸਰਾ ਕਲੋਨੀ ਬਹੁਤ ਖੁੱਲ੍ਹੀ-ਡੁੱਲ੍ਹੀ ਤੇ ਆਧੁਨਿਕ ਨਕਸ਼ੇ ਦੇ ਹਿਸਾਬ ਨਾਲ ਬਣੀ ਹੋਈ ਸੀ।
ਰਿਹਾਇਸ਼ ਵੀ ਬਹੁਤ ਘਰਾਂ ਵਿੱਚ ਹੋ ਚੁੱਕੀ ਸੀ।
ਦਸ ਕੁ ਦਿਨਾਂ ਵਿੱਚ ਆਪਣੇ ਖ਼ਾਸ ਰਿਸ਼ਤੇਦਾਰਾਂ ਤੇ ਉਸਾਰੀ ਦੇ ਕੰਮ ਦੀ ਜਾਣਕਾਰੀ ਰੱਖਣ ਵਾਲੇ ਦੋਸਤਾਂ ਨੂੰ ਦਿਖਾ ਕੇ ਪੂਰੀ ਤਸੱਲੀ ਬਾਅਦ ਮੈਂ ਬਿਲਡਰ ਨੂੰ ਸਾਈ ਫੜਾ ਕੇ ਪੁੱਛਿਆ, ‘‘ਛੇ ਸੱਤ ਮਹੀਨੇ ’ਚ ਤਾਂ ਘਰ ਤਿਆਰ ਹੋ ਹੀ ਜਾਊ?’’
ਉਹ ਹੱਸਦਾ ਕਹਿਣ ਲੱਗਾ, ‘‘ਛੇ ਸੱਤ ਮਹੀਨੇ ਕਿਹੜੇ! ਤੁਸੀਂ ਡੇਢ ਦੋ ਮਹੀਨੇ ’ਚ ਤਿਆਰ ਲਵੋ। ਤੁਸੀਂ ਬਸ ਬਿਆਨਾ ਕਰਵਾਓ। ਅਸੀਂ ਤਾਂ ਸਾਰੀ ਲੇਬਰ ਏਧਰ ਹੀ ਲਾ ਦੇਣੀ ਹੈ।’’
ਘਰ ਬਾਰੇ ਸਾਰੀ ਗੱਲ ਪੱਕੀ ਕਰ ਕੇ ਜਦੋਂ ਮੈਂ ਤੇ ਮਨਜੋਤ ਵਾਪਸ ਪਿੰਡ ਵੱਲ ਨੂੰ ਆ ਰਹੇ ਸੀ ਪਤਾ ਨਹੀਂ ਕਿਉਂ ਮਨ ਖ਼ੁਸ਼ ਹੋਣ ਦੀ ਜਗ੍ਹਾ ਉਦਾਸ ਸੀ।
‘ਡੇਢ ਦੋ ਮਹੀਨੇ ਜਾਣੀ ਕਿ ਹੱਦ ਪੰਜਾਹ ਸੱਠ ਦਿਨਾਂ ਤੱਕ...’
ਪਿੰਡ ਛੱਡ ਸ਼ਹਿਰ ਵਸੋਂ ਕਰਨ ਦਾ ਜੋ ਜਨੂੰਨ ਸਾਡੇ ਮਨ ’ਚ ਸੀ ਹੁਣ ਹਕੀਕਤ ’ਚ ਬਦਲਣ ਵਾਲਾ ਸੀ। ਕੀ ਸੱਚਮੁੱਚ ਅਸੀਂ ਪਿੰਡ ਛੱਡਣ ਲੱਗੇ ਹਾਂ! ਆਪਣਿਆਂ ਨੂੰ ਛੱਡ ਕੇ ਬਿਗਾਨਿਆਂ ਦੇ ਵਿੱਚ... ਸ਼ਹਿਰ ਚਾਹੇ ਮੇਰੇ ਲਈ ਅਣਜਾਣ ਨਹੀਂ ਸੀ ਪਰ ਸ਼ਹਿਰ ਮੈਨੂੰ ਪਿੰਡ ਵਾਂਗ ਕਿੱਥੇ ਜਾਣ ਸਕਦਾ ਸੀ?
ਮੇਰਾ ਦਿਲ ਘਟਣ ਲੱਗਾ ਜੋ ਅਹਿਸਾਸ ਸ਼ਹਿਰ ’ਚ ਘਰ ਲੱਭਣ ਤੱਕ ਨਹੀਂ ਹੋਇਆ ਸੀ... ਹੁਣ ਜਦੋਂ ਅਸੀਂ ਸਾਈ ਫੜਾ ਆਏ ਸੀ ਤਾਂ ਦਿਲ ’ਚ ਡੋਬੂ ਪੈਣ ਲੱਗੇ।
ਮਨਜੋਤ ਜੋ ਹਰ ਵੇਲੇ ਘਰ ਬਾਰੇ ਗੱਲਾਂ ਕਰਦੀ ਨਹੀਂ ਥੱੱਕਦੀ ਸੀ, ਮੇਰੇ ਨਾਲ ਵਾਲੀ ਸੀਟ ’ਤੇ ਚੁੱਪਚਾਪ ਬੈਠੀ ਸੀ।
... ... ...
ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਅਸੀਂ ਸ਼ਹਿਰ ’ਚ ਸ਼ਿਫਟ ਕਰ ਗਏ। ਐਥੇ ਆ ਕੇ ਕੁਝ ਦਿਨ ਓਪਰਾ ਜਿਹਾ ਲੱਗਿਆ। ਮਨ ਉਦਾਸ ਰਹਿੰਦਾ, ਦਿਮਾਗ ਪਿੱਛੇ ਵੱਲ ਖਿੱਚਦਾ ਪਰ ਫਿਰ ਅਸੀਂ ਆਪਣੇ ਕੰਮਾਂਕਾਰਾਂ ’ਚ ਰੁੱਝ ਗਏ। ਕੰਮ ਤੋਂ ਘਰ, ਘਰ ਤੋਂ ਕੰਮ। ਸ਼ਾਮ ਨੂੰ ਕਲੋਨੀ ਵਿੱਚ ਸੈਰ ਕਰਦੇ, ਰਾਹ ਮਿਲਦੇ ਹਰ ਇੱਕ ਨੂੰ ਮੈਂ ਸਿਰ ਝੁਕਾ ਕੇ ਅਤੇ ਮਨਜੋਤ ਦੋਵੇਂ ਹੱਥ ਜੋੜ ਫ਼ਤਹਿ ਬੁਲਾ ਜਾਂਦੇ।
ਮਨ ਹੀ ਮਨ ਮੈਂ ਸੋਚਦਾ ਜੇ ਇਹੋ ਪਿੰਡ ਹੁੰਦਾ ਤਾਂ ਦੂਰੋਂ ਹੀ ਕਿਹਾ ਕਰਨਾ ਸੀ ‘ਕਿਵੇਂ ਆਂ ਤਾਇਆ ਕੈਮ ਐਂ।’ ਤੇ ਤਾਏ ਦਾ ਜਵਾਬ ਹੋਣਾ ਸੀ ‘ਆਹੋ ਜੁਆਨਾ ਤੂੰ ਸੁਣਾ ਬਾਲ ਬੱਚੇ ਰਾਜੀ ਨੇ?’ ਇੱਥੇ ਤਾਂ ਅਣਕਿਹਾ ਜਿਹਾ ਅਨੁਸ਼ਾਸਨ ਹੈ। ਬਸ ਮੂੰਹ ਜਿਹੇ ’ਚ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਕਰੋ। ਅਗਲਾ ਵੀ ਬਸ ਸਿਰ ਜਿਹਾ ਝੁਕਾ ਦਿੰਦਾ। ਆਪਣੇ ਆਪ ’ਤੇ ਮੈਂ ਹੱਸਦਾ, ‘ਜਿੰਨੀ ਮਰਜ਼ੀ ਫ਼ਤਹਿ ਬੁਲਾ ਲੈ ਬੱਲਿਆ, ਉਹ ਗੱਲ ਨ੍ਹੀ ਬਣਨੀ ਜੋ ਪਿੰਡ ਵਿੱਚ ਸੀ। ਇੱਥੇ ਕੀਹਨੇ ਔਖੇ ਵੇਲੇ ਤੇਰੇ ਕੰਮ ਆਉਣਾ।’ ਪਿੰਡ ਦੇ ਮੋਹ ਦਾ ਉਬਾਲ ਜਿਹਾ ਅੰਦਰੋਂ ਉੱਠਦਾ।
ਸ਼ਹਿਰ ਆਇਆਂ ਨੂੰ ਕੁਝ ਕੁ ਦਿਨ ਹੀ ਹੋਏ ਸਨ ਕਿ ਬੇਟਾ ਪਾਰਕ ’ਚ ਖੇਡਣ ਗਿਆ ਉਸੇ ਤਰ੍ਹਾਂ ਮੁੜ ਆਇਆ ਤੇ ਆ ਕੇ ਕਮਰੇ ਵਿੱਚ ਉੱਚੀ-ਉੱਚੀ ਰੋਣ ਲੱਗਾ। ਮੈਂ ਆਪਣਾ ਦਫ਼ਤਰ ਦਾ ਕੰਮ ਕਰ ਰਿਹਾ ਸੀ ਤੇ ਮਨਜੋਤ ਰਸੋਈ ’ਚ ਰੋਟੀ ਪਾਣੀ ਦੇ ਆਹਰ ਲੱਗੀ ਹੋਈ ਸੀ। ਉਸ ਨੂੰ ਰੋਂਦਾ ਦੇਖ ਸਾਡੇ ਦੋਵਾਂ ਦੇ ਕੰਮ ਹੱਥੋਂ ਛੁੱਟ ਗਏ।
ਬਥੇਰਾ ਪੁੱਛਿਆ ਉਸ ਨੂੰ ਪਰ ਓਹ ਕਹੀ ਜਾਵੇ ‘ਤੁਸੀਂ ਗੰਦੇ ਹੋ, ਇੱਥੇ ਰਹਿਣ ਆ ਗਏ।’
ਉਸ ਦਿਨ ਘਰ ਰੋਟੀ ਨਹੀਂ ਪੱਕੀ ਸੀ। ਦਿਲ ’ਚ ਵਾਰ-ਵਾਰ ਇਹੋ ਆਈ ਜਾਵੇ ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਕੀਤਾ? ਜਿਸ ਦਿਨ ਘਰੋਂ ਸਮਾਨ ਚੁੱਕਿਆ ਸੀ ਬੇਟੇ ਦੇ ਸਾਰੇ ਦੋਸਤ ਮਿਲਣ ਆਏ ਸੀ। ਛੋਟੇ-ਛੋਟੇ ਜਿਹੇ ਬੱਚੇ ਅੱਖਾਂ ਭਰੀ ਖੜ੍ਹੇ ਸਨ। ਸਾਰਿਆਂ ਨੇ ਬੇਟੇ ਨੂੰ ਇੱਕ ਕਾਰਡ ਦਿੱਤਾ ਤੇ ਗਲੇ ਮਿਲੇ। ਇਹ ਦੇਖ ਮੇਰਾ ਮਨ ਵੀ ਭਰ ਆਇਆ ਸੀ ਤੇ ਬੇਟਾ ਰਾਹ ’ਚ ਆਉਂਦਾ-ਆਉਂਦਾ ਕਾਰ ਵਿੱਚ ਰੋਣ ਲੱਗ ਪਿਆ ਸੀ। ‘ਤੁਸੀਂ ਗੰਦੇ ਹੋ।’ ਉਸ ਦਿਨ ਵੀ ਬੇਟੇ ਨੇ ਇਹੋ ਕਿਹਾ ਸੀ।
ਅਸੀਂ ਸੋਚਦੇ ਸੀ ਕੁਝ ਦਿਨਾਂ ਤੱਕ ਇਸ ਦਾ ਦਿਲ ਲੱਗ ਜਾਵੇਗਾ ਤੇ ਇੱਥੇ ਹੋਰ ਬੱਚਿਆਂ ਨਾਲ ਪਰਚ ਜਾਵੇਗਾ ਪਰ ਕਹਾਣੀ ਤਾਂ ਉੱਥੇ ਹੀ ਖੜ੍ਹੀ ਸੀ।
ਕੀ ਹੋਇਆ ਹੋਵੇਗਾ? ਸਾਡੇ ਮਨ ’ਚ ਉਥਲ-ਪੁਥਲ ਚੱਲ ਰਹੀ ਸੀ। ਸ਼ਹਿਰ ਦੇ ਬੱਚਿਆਂ ਵਿੱਚ ਆਪਣੇ ਆਪ ਨੂੰ ਅਡਜਸਟ ਕਰਨਾ ਮਨੀ ਨੂੰ ਕਿੰਨਾ ਔਖਾ ਹੁੰਦਾ ਹੋਵੇਗਾ, ਇਹ ਅਸੀਂ ਸਮਝ ਸਕਦੇ ਸੀ ਕਿਉਂਕਿ ਹਾਲੇ ਤਾਂ ਇਨ੍ਹਾਂ ਲੋਕਾਂ ’ਚ ਅਸੀਂ ਖ਼ੁਦ ਨੂੰ ਅਡਜਸਟ ਨਹੀਂ ਕਰ ਪਾ ਰਹੇ ਸੀ। ਨਾਲੇ ਸ਼ਹਿਰੀ ਬੱਚਿਆਂ ’ਚ ਸੁਪਰੀਰੀਅਰ ਫੈਕਟਰ ਵੀ ਹੁੰਦਾ ਹੈ। ਪਿੰਡ ਵਾਲਾ ਬੱਚਾ ਜਿੰਨਾ ਮਰਜ਼ੀ ਲਾਇਕ ਤੇ ਤੇਜ਼ ਹੋਵੇ, ਸ਼ਹਿਰ ਦੇ ਬੱਚੇ ਉਸ ਨੂੰ ਉਹ ਤਵੱਜੋ ਨਹੀਂ ਦਿੰਦੇ ਜੋ ਆਪਣੇ ਨਾਲ ਦਿਆਂ ਨੂੰ ਦਿੰਦੇ ਹਨ।
ਇੱਕ ਹੋਰ ਚਿੰਤਾ ਮਨ ’ਚ ਘਰ ਕਰਨ ਲੱਗੀ ਕਿਤੇ ਮਨੀ ਇਨ੍ਹਾਂ ਬੱਚਿਆਂ ’ਚ ਰਹਿੰਦਾ ਹੀਣ ਭਾਵਨਾ ਦਾ ਸ਼ਿਕਾਰ ਨਾ ਹੋ ਜਾਵੇ! ਫਿਰ ਤਾਂ ਇਸ ਦੀ ਸ਼ਖ਼ਸੀਅਤ ਦੇ ਵਿਕਾਸ ’ਤੇ ਵੀ ਬੁਰਾ ਅਸਰ ਪਵੇਗਾ।
ਮਨਜੋਤ ਨੇ ਰੋਟੀ ਪਕਾ ਕੇ ਕਦੋਂ ਦੀ ਇੱਕ ਪਾਸੇ ਰੱਖ ਦਿੱਤੀ ਸੀ ਪਰ ਨਾ ਉਸ ਨੇ ਮੈਨੂੰ ਖਾਣ ਨੂੰ ਕਿਹਾ ਨਾ ਹੀ ਮੈਂ ਉਸ ਨੂੰ। ਇੱਕ ਚੁੱਪ ਜਿਹੀ ਸਾਰੇ ਘਰ ਵਿੱਚ ਪਸਰ ਗਈ ਸੀ। ਮਨੀ ਮੋਬਾਇਲ ਵਿੱਚ ਰੁੱਝ ਗਿਆ ਸੀ ਪਰ ਕੁਝ ਖਾਣ ਤੋਂ ਉਸ ਨੇ ਵੀ ਸਾਫ਼ ਇਨਕਾਰ ਕਰ ਦਿੱਤਾ ਸੀ। ਅਸੀਂ ਬਥੇਰੇ ਲੱਲੇ ਪੱਪੇ ਜਿਹੇ ਕਰਨ ਦੀ ਕੋਸ਼ਿਸ ਕੀਤੀ ਪਰ ਉਹ ਆਪਣੀ ਨਾਰਾਜ਼ਗੀ ਸਾਡੇ ’ਤੇ ਕੱਢ ਰਿਹਾ ਸੀ।
ਰਾਤ ਨੂੰ ਅੱਠ ਕੁ ਵਜੇ ਡੋਰ ਬੈੱਲ ਵੱਜੀ ਤਾਂ ਬਾਹਰ ਦੋ ਛੋਟੇ-ਛੋਟੇ ਬੱਚੇ ਖੜ੍ਹੇ ਸਨ। ਬੇਟੇ ਦੇ ਹਾਣ ਦੇ ਹੀ ਹੋਣਗੇ।
‘‘ਅੰਕਲ, ਮਨੀ ਕਿੱਥੇ ਹੈ?’’
‘‘ਬੇਟੇ, ਆਪਣੇ ਕਮਰੇ ’ਚ ਹੈ।’’
‘‘ਅੱਜ ਉਹ ਰੋਣ ਲੱਗ ਪਿਆ ਸੀ?’’
‘‘ਕਿਉਂ ਬੇਟੇ?’’ ਇਹੋ ਤਾਂ ਅਸੀਂ ਜਾਨਣਾ ਚਾਹੁੰਦੇ ਸੀ।
‘‘ਦੂਜੇ ਬੱਚਿਆਂ ਨੇ ਇਸਨੂੰ ਆਪਣੇ ਨਾਲ ਨਹੀਂ ਖਿਡਾਇਆ ਇਸ ਲਈ।’’ ਇੱਕ ਬੱਚੇ ਨੇ ਸਿਆਣਿਆਂ ਵਾਂਗ ਕਿਹਾ। ਉਸ ਦਾ ਅੰਦਾਜ਼ ਦੇਖ ਮੇਰੇ ਚਿਹਰੇ ’ਤੇ ਹਲਕੀ ਜਿਹੀ ਮੁਸਕਰਾਹਟ ਹੋਰ ਫੈਲ ਗਈ।
‘‘ਅਸੀਂ ਉਸ ਕੋਲ ਚਲੇ ਜਾਈਏ ਅੰਕਲ?’’
‘‘ਹਾਂ ਹਾਂ ਕਿਉਂ ਨਹੀਂ।’’
ਕੁਝ ਦੇਰ ਬਾਅਦ ਜਦੋਂ ਬੇਟੇ ਦੇ ਕਮਰੇ ’ਚੋਂ ਹੱਸਣ ਖੇਡਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਕਿਤੇ ਜਾ ਕੇ ਸਾਡੇ ਗਲੋਂ ਰੋਟੀ ਉੱਤਰੀ।
... ... ...
ਇੱਕ ਅਣਕਹੀ ਦੂਰੀ ਜਿਹੀ ਫਿਰ ਵੀ ਸਾਡੇ ਤੇ ਗੁਆਂਢੀਆਂ ਵਿੱਚ ਹਰ ਸਮੇਂ ਹਰ ਗੱਲ ਵਿੱਚ ਰਹਿੰਦੀ ਸੀ। ਕਿਤੇ ਨਾ ਕਿਤੇ ਸਾਡੇ ਮਨ ’ਚ ਇਹ ਗੱਲ ਵੀ ਵਸੀ ਪਈ ਸੀ ਕਿ ਅਸੀਂ ਪਿੰਡਾਂ ਵਾਲੇ ਹਾਂ ਤੇ ਇਹ ਸ਼ਹਿਰੀਏ। ਇਨ੍ਹਾਂ ਨਾਲ ਸਾਡੀ ਮੱਤ ਕਿੱਥੇ ਮਿਲਣੀ ਹੈ। ਇਸ ਲਈ ਅਸੀਂ ਉਨ੍ਹਾਂ ਨਾਲ ਘੱਟ ਹੀ ਖੁੱਲ੍ਹਦੇ।
ਸਾਡੇ ਨਾਲ ਵਰਮਾ ਜੀ ਦੀ ਕੰਧ ਨਾਲ ਕੰਧ ਲੱਗਦੀ ਹੈ। ਇਨ੍ਹਾਂ ਦਾ ਸਰਾਫਾ ਬਾਜ਼ਾਰ ਵਿੱਚ ਸੋਨੇ ਦਾ ਚੰਗਾ ਕਾਰੋਬਾਰ ਹੈ। ਘਰਵਾਲੀ ਇਨ੍ਹਾਂ ਦੀ ਘਰੇਲੂ ਔਰਤ ਹੀ ਹੈ। ਇੱਕ ਬੇਟੀ ਵਿਆਹੁਣ ਦੀ ਉਮਰ ਦੀ। ਸਾਰਾ ਪਰਿਵਾਰ ਧਾਰਮਿਕ ਬਿਰਤੀ ਦਾ ਹੈ। ਆਏ ਦਿਨ ਕੋਈ ਨਾ ਕੋਈ ਧਾਰਮਿਕ ਪੂਜਾ ਇਨ੍ਹਾਂ ਦੇ ਹੋਈ ਰਹਿੰਦੀ ਹੈ। ਸਾਡੇ ਹਿੰਦੂ ਧਰਮ ਦੇ ਬਹੁਤੇ ਤਿਉਹਾਰਾਂ ਦਾ ਸਾਨੂੰ ਇੱਥੇ ਆ ਕੇ ਪਤਾ ਚੱਲਿਆ। ਸਾਹਮਣੇ ਰਮੇਸ਼ ਜੀ ਹਨ। ਇੱਕ ਵੱਡੀ ਫੈਕਟਰੀ ਵਿੱਚ ਡਿਪਟੀ ਮੈਨੇਜਰ, ਰਮੇਸ਼ ਜੀ ਦੀ ਪਤਨੀ ਵੀ ਘਰ ਹੀ ਹੁੰਦੀ ਹੈ। ਇੱਕ ਬੇਟਾ ਹੈ ਜੋ ਪਿਛਲੇ ਸਾਲ ਕੈਨੇਡਾ ਗਿਆ ਹੈ। ਉਨ੍ਹਾਂ ਦੇ ਨਾਲ ਵਾਲੇ ਘਰ ਵਾਲੇ ਮਿੱਤਲ ਜੀ ਤੇ ਉਨ੍ਹਾਂ ਦੀ ਪਤਨੀ ਦੋਵੇਂ ਬੈਂਕ ’ਚ ਨੌਕਰੀ ਕਰਦੇ ਹਨ। ਇੱਕ ਬੇਟਾ ਤੇ ਬੇਟੀ ਹੈ ਲਗਭਗ ਮਨੀ ਹਾਣ ਦੇ ਤੇ ਉਨ੍ਹਾਂ ਦੇ ਮਾਤਾ ਜੀ ਵੀ ਨਾਲ ਰਹਿੰਦੇ ਹਨ ਜਨਿ੍ਹਾਂ ਨੂੰ ਅਸੀਂ ਆਂਟੀ ਕਹਿੰਦੇ ਹਾਂ। ਇਸੇ ਤਰ੍ਹਾਂ ਹੋਰ ਨਾਲ ਦੇ ਘਰਾਂ ’ਚ ਸਾਡੇ ਪਿੰਡਾਂ ਵਾਲਿਆਂ ਦੇ ਕਹਿਣ ਅਨੁਸਾਰ ਮਹਾਜਨੀ ਪਰਿਵਾਰ ਰਹਿੰਦੇ ਹਨ ਅਤੇ ਵਿੱਚ ਵਿਚਾਲੇ ਅਸੀਂ।
ਸਮਾਂ ਲੰਘ ਰਿਹਾ ਸੀ। ਅਸੀਂ ਖ਼ੁਸ਼ ਹੁੰਦੇ ਹੋਏ ਵੀ ਖ਼ੁਸ਼ ਨਹੀਂ ਸਾਂ। ਇੱਕ ਉਦਾਸੀ ਦੀ ਪਰਤ ਜਿਹੀ ਮਨ ਦੇ ਕਿਸੇ ਕੋਨੇ ’ਚ ਚੜ੍ਹੀ ਰਹਿੰਦੀ। ਹਰ ਕੋਈ ਆਪਣੇ ਆਪ ’ਚ ਰੁੱਝਿਆ ਹੋਇਆ ਸੀ। ਕਦੇ-ਕਦੇ ਘਰਾਂ ਦੀਆਂ ਔਰਤਾਂ ਜ਼ਰੂਰ ਸਮਾਂ ਕੱਢ ਲੈਂਦੀਆਂ ਤੇ ਘਰਾਂ ਮੂਹਰੇ ਬਣੇ ਥੜ੍ਹੇ ’ਤੇ ਬੈਠੀਆਂ ਸਬਜ਼ੀ ਵਗੈਰਾ ਕੱਟਦੀਆਂ ਇੱਕ ਦੂਜੀ ਨਾਲ ਗੱਲਬਾਤ ਕਰ ਲੈਂਦੀਆਂ।
ਹੌਲੀ-ਹੌਲੀ ਅਸੀਂ ਨਾਲ ਦੇ ਘਰਾਂ ’ਚ ਰਚਣ ਮਿਚਣ ਲੱਗ ਪਏ। ਸ਼ਾਮ ਨੂੰ ਗੱਲਾਂਬਾਤਾਂ, ਉੱਠਦੇ ਬਹਿੰਦੇ, ਲੱਗਦਾ ਬੰਦੇ ਤਾਂ ਇਹ ਵੀ ਆਪਣੇ ਵਰਗੇ ਹੀ ਹਨ।
‘‘ਤੁਸੀਂ ਨਵੇਂ ਆਏ ਹੋ?’’ ਆਥਣੇ ਜਿਹੇ ਪਾਰਕ ਵਿੱਚ ਬੈਠੇ ਸੀ ਇੱਕ ਰੋਹਬਦਾਰ ਸੱਜਣ ਸਾਡੇ ਕੋਲ ਆ ਖੜ੍ਹੇ ਹੋਏ।
‘‘ਹਾਂ ਜੀ,’’ ਮੈਂ ਸਤਿਕਾਰ ਨਾਲ ਸਿਰ ਝੁਕਾਉਂਦਿਆਂ ਕਿਹਾ।
‘‘ਇਹ 231 ਵਾਲੇ ਹਨ ਜੀ।’’ ਮੇਰੇ ਨਾਲ ਬੈਠੇ ਗੁਆਂਢੀ ਰਮੇਸ਼ ਜੀ ਨੇ ਮੇਰੀ ਜਾਣ ਪਛਾਣ ਕਰਵਾਈ।
‘231 ਵਾਲੇ!’ ਆਪਣੀ ਪਛਾਣ ਵੀ ਗੁੰਮ ਜਾਂਦੀ ਹੈ ਸ਼ਹਿਰ ’ਚ ਜਾ ਕੇ। ਬੰਦਾ ਮਕਾਨ ਨੰਬਰ ਬਣ ਕੇ ਹੀ ਰਹਿ ਜਾਂਦਾ ਹੈ। ਕਿਸੇ ਕਿਤਾਬ ’ਚ ਪੜ੍ਹੀ ਗੱਲ ਮੇਰੇ ਯਾਦ ਆਈ।
‘‘ਮੇਰਾ ਨਾਮ ਬਲਜਿੰਦਰ ਹੈ ਜੀ, 231 ਨੰਬਰ ਆਪਣਾ ਮਕਾਨ ਹੈ,’’ ਮੈਂ ਜਲਦੀ ’ਚ ਕਹਿ ਗਿਆ।
‘‘ਓਹ ਠੀਕ।’’ ਜਿਵੇਂ ਮੈਂ ਲੋੜ ਤੋਂ ਵੱਧ ਉਨ੍ਹਾਂ ਨੂੰ ਦੱਸ ਗਿਆ ਹੋਵਾਂ। ਫਿਰ ਉਹ ਮੇਰੇ ਵੱਲ ਬਹੁਤਾ ਧਿਆਨ ਨਾ ਦੇ ਕੇ ਹੋਰ ਗੱਲਾਂ ’ਚ ਰੁੱਝ ਗਏ। ਮੈਂ ਕੱਚਾ ਜਿਹਾ ਹੋਇਆ ਬੈਠਾ ਰਿਹਾ। ਮੈਨੂੰ ਲੱਗਿਆ ਜਿਵੇਂ ਪਿੰਡ ਦੇ ਕਿਸੇ ਤਕੜੇ ਜ਼ਿਮੀਂਦਾਰ ਨੂੰ ਕੋਈ ਕੰਮੀ ਆਪਣੀ ਪਛਾਣ ਲੋੜ ਤੋਂ ਵੱਧ ਦੱਸ ਗਿਆ ਹੋਵੇ ਤੇ ਜ਼ਿਮੀਂਦਾਰ ਨੂੰ ਇਸ ਨਾਲ ਕੋਈ ਮਤਲਬ ਨਾ ਹੋਵੇ।
ਜਦੋਂ ਉਹ ਚਲੇ ਗਏ ਰਮੇਸ਼ ਜੀ ਦੱਸਣ ਲੱਗੇ, ‘‘ਆਰਮੀ ’ਚੋਂ ਰਿਟਾਇਰਡ ਕੈਪਟਨ ਹਨ, ਬੇਟਾ ਵਿਜੀਲੈਂਸ ਵਿਭਾਗ ਵਿੱਚ ਅਫਸਰ ਹੈ। ਇਨ੍ਹਾਂ...’’
ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਉਨ੍ਹਾਂ ਬਾਰੇ ਦੱਸਦੇ, ਮੈਂ ਵਿੱਚੋਂ ਟੋਕ ਕੇ ਪੁੱਛਿਆ, ‘‘ਮਕਾਨ ਨੰਬਰ ਕਿੰਨਾ ਹੈ ਇਨ੍ਹਾਂ ਦਾ?’’
‘‘155 ਨੰਬਰ।’’
‘‘155 ਨੰਬਰ ਵਾਲੇ, ਠੀਕ।’’ ਮੈਂ ਇਸ ਅੰਦਾਜ਼ ’ਚ ਕਿਹਾ ਜਿਵੇਂ ਮੇਰੇ ਲਈ ਉਨ੍ਹਾਂ ਬਾਰੇ ਐਨੀ ਕੁ ਜਾਣਕਾਰੀ ਹੀ ਕਾਫ਼ੀ ਹੈ।
... ... ...
ਇਨ੍ਹਾਂ ਦਿਨਾਂ ਵਿੱਚ ਹੀ ਇੱਕ ਦਿਨ ਅੱਧੀ ਰਾਤ ਨੂੰ ਮਨਜੋਤ ਦੇ ਪੇਟ ’ਚ ਦਰਦ ਉੱਠ ਖੜ੍ਹਿਆ।
ਰਾਤ ਦੇ ਦੋ ਵੱਜੇ ਪਏ ਸਨ, ਮਨਜੋਤ ਮੈਨੂੰ ਜਗਾ ਰਹੀ ਸੀ। ਅਧਸੁੱਤਾ ਜਿਹਾ ਮੈਂ ਪੁੱਛਣ ਲੱਗਾ, ‘‘ਕੀ ਹੋਇਆ?’’
‘‘ਦਰਦ ਬਹੁਤ ਹੋਈ ਜਾਂਦਾ ਹੈ।’’
‘‘ਕਿੱਥੇ?’’
ਮਨਜੋਤ ਨੇ ਆਪਣੇ ਪੇਟ ’ਤੇ ਦਰਦ ਵਾਲੀ ਜਗ੍ਹਾ ਹੱਥ ਰੱਖ ਦਿੱਤਾ। ਮੈਂ ਇੱਕ ਦੋ ਵਾਰ ਉਸ ਨੂੰ ਦੱਬ ਕੇ ਦੇਖਿਆ ਜਿਵੇਂ ਮੁਆਇਨਾ ਕਰਦਾ ਹੋਵਾਂ। ਫਿਰ ਉਸ ਨੂੰ ਦਰਦ ਦੀ ਗੋਲੀ ਦੇਣ ਲਈ ਉੱਠ ਖੜ੍ਹਾ ਹੋਇਆ।
‘‘ਤੇਜ਼ਾਬ ਬਣ ਗਿਆ ਹੋਣਾ।’’ ਮੈਂ ਮਨਜੋਤ ਨੂੰ ਇੱਕ ਐਂਟਾਐਸਿਡ ਦੀ ਤੇ ਇੱਕ ਪੇਨਕਿਲਰ ਗੋਲੀ ਦਿੰਦਿਆਂ ਕਿਹਾ।
‘‘ਪਤਾ ਨਹੀਂ ਪਰ ਸਹਿਆ ਨਹੀਂ ਜਾਂਦਾ।’’ ਮਨਜੋਤ ਦੀਆਂ ਅੱਖਾਂ ਭਰ ਆਈਆਂ ਸਨ।
‘‘ਦਵਾਈ ਲੈ ਕੇ ਸੌਣ ਦੀ ਕੋਸ਼ਿਸ ਕਰ, ਠੀਕ ਹੋ ਜਾਣਾ।’’ ਕਹਿੰਦਾ ਹੋਇਆ ਮੈਂ ਪਾਸਾ ਜਿਹਾ ਲੈ ਕੇ ਪੈ ਗਿਆ। ਮਨਜੋਤ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਅੱਧੇ ਕੁ ਘੰਟੇ ਬਾਅਦ ਫਿਰ ਉਹ ਮੈਨੂੰ ਉਠਾ ਰਹੀ ਸੀ।
‘‘ਉੱਠੋ ਕੋਈ ਅਸਰ ਨਹੀਂ ਹੋਇਆ ਦਵਾਈ ਦਾ ਤਾਂ?’’ ਉਸਦੇ ਚਿਹਰੇ ’ਤੇ ਦਰਦ ਸਾਫ਼ ਝਲਕ ਰਿਹਾ ਸੀ। ਮੈਨੂੰ ਵੀ ਹੁਣ ਫ਼ਿਕਰ ਹੋਣ ਲੱਗਾ। ਕੀ ਕੀਤਾ ਜਾਵੇ? ਮੈਂ ਰਜਾਈ ’ਚੋਂ ਬਾਹਰ ਨਿਕਲ ਆਇਆ ਜੋ ਘਰ ਪਈ ਦਵਾਈ ਦੇ ਚੁੱਕਾ ਸੀ। ਪਿੰਡ ਹੁੰਦਾ ਤਾਂ ਡਾਕਟਰ ਨੂੰ ਬੁਲਾ ਲਿਆਉਂਦਾ। ਐਥੇ ਕਿਸ ਕੋਲ ਜਾਵਾਂ?
ਬਾਹਰ ਧੁੰਦ ਕਾਰਟ ਹੱਥ ਨੂੰ ਹੱਥ ਨਹੀਂ ਦਿਖਾਈ ਦੇ ਰਿਹਾ ਸੀ। ਨਹੀਂ ਤਾਂ ਕਿਸੇ ਹਸਪਤਾਲ ’ਚ ਹੀ ਲੈ ਜਾਂਦਾ।
‘‘ਕਲੋਨੀ ਵਿੱਚ ਹੀ ਕੋਈ ਡਾਕਟਰ ਹੋਊ!’’
‘‘ਪਤਾ ਨਹੀਂ ਪਰ ਹੁਣ ਪੁੱਛੀਏ ਕਿਸਨੂੰ? ਢਾਈ ਤਿੰਨ ਵੱਜੇ ਪਏ ਹਨ, ਕਿਸੇ ਨੂੰ ਉਠਾਵਾਂਗੇ ਬੁਰਾ ਨਾ ਮੰਨ ਜਾਵੇ।’’ ਮਨਜੋਤ ਨੇ ਦਰਦ ਨਾਲ ਮੇਲਦੀ ਨੇ ਮੈਨੂੰ ਕਿਹਾ।
ਮੈਂ ਉਸ ਵੇਲੇ ਨੂੰ ਪਛਤਾ ਰਿਹਾ ਸੀ ਜਦੋਂ ਪਿੰਡ ਛੱਡ ਇਸ ਸ਼ਹਿਰ ’ਚ ਆਉਣ ਦਾ ਫ਼ੈਸਲਾ ਲਿਆ ਸੀ। ਕਿੰਨਾ ਇਕੱਲਾ ਸੀ ਇੱਥੇ ਮੈਂ, ਪਿੰਡ ਹੁਣ ਨੂੰ ਵੀਹ ਬੰਦੇ ਇਕੱਠੇ ਕਰ ਲੈਂਦਾ। ਸਾਰਾ ਸ਼ਹਿਰ ਡਾਕਟਰਾਂ ਨਾਲ ਭਰਿਆ ਪਿਆ ਹੈ ਪਰ ਮੈਂ ਮਨਜੋਤ ਲਈ ਇੱਕ ਗੋਲੀ ਨਹੀਂ ਲਿਆ ਕੇ ਦੇ ਸਕਦਾ। ਕਿੰਨਾ ਬੇਬਸ ਹੋ ਗਿਆ ਹਾਂ।
‘‘ਹੂੰ...।’’ ਕਹਿੰਦਾ ਹੋਇਆ ਮੈਂ ਰਸੋਈ ’ਚ ਪਾਣੀ ਗਰਮ ਕਰਨ ਚਲਾ ਗਿਆ। ਸੋਚਿਆ ਗਰਮ ਪਾਣੀ ਦੀ ਬੋਤਲ ਹੀ ਪੇਟ ’ਤੇ ਫੇਰ ਦੇਵਾਂਗਾ ਸ਼ਾਇਦ ਦਰਦ ਘਟ ਜਾਵੇ।
ਪਰ ਦਰਦ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈਣ ਅਇਆ ਸੀ ਘਟਣ ਦਾ ਨਾਮ ਨਹੀਂ ਲੈ ਰਿਹਾ ਸੀ। ਮੇਰੀਆਂ ਅੱਖਾਂ ’ਚ ਹੰਝੂ ਆ ਗਏ ਜਿਸ ਨੂੰ ਦੇਖ ਮਨਜੋਤ ਹੱਸ ਪਈ, ‘‘ਤੁਸੀਂ ਵੀ ਬਸ ਬੁੜੀਆਂ ਵਰਗੇ ਹੋ, ਦਰਦ ਮੇਰੇ ਹੁੰਦਾ ਅੱਖਾਂ ਆਪ ਭਰੀ ਬੈਠੇ ਹੋ।’’
ਮੈਂ ਕੁਝ ਨਹੀਂ ਬੋਲਿਆ। ਉਸ ਦਾ ਸਿਰ ਆਪਣੀ ਗੋਦੀ ’ਚ ਰੱਖ ਹੌਲੀ-ਹੌਲੀ ਵਾਲਾਂ ’ਚ ਹੱਥ ਫੇਰਨ ਲੱਗਾ। ਸਾਰੀ ਰਾਤ ਅਸੀਂ ਬੈਠ ਕੇ ਕੱਢੀ। ਸਵੇਰ ਹੁੰਦੇ ਹੀ ਅਸੀਂ ਨੇੜੇ ਦੇ ਹਸਪਤਾਲ ਚਲੇ ਗਏ ਜਿੱਥੇ ਡਾਕਟਰ ਨੇ ਕਈ ਟੈਸਟ ਕਰਵਾ ਕੇ ਦਵਾਈ ਲਿਖ ਦਿੱਤੀ ਤੇ ਨਾਲ ਬੋਤਲਾਂ ਵੀ ਚੜ੍ਹਾ ਦਿੱਤੀਆਂ। ਮਨਜੋਤ ਦੇ ਚਿਹਰੇ ’ਤੇ ਹੁਣ ਰਾਹਤ ਸੀ। ਦਰਦ ਟਿਕ ਗਿਆ ਸੀ। ਕੋਈ ਗਿਆਰਾਂ ਕੁ ਵਜੇ ਸਾਨੂੰ ਘਰ ਜਾਣ ਲਈ ਕਹਿ ਦਿੱਤਾ ਤੇ ਨਾਲ ਪੰਜ ਦਿਨ ਦੀ ਦਵਾਈ ਵੀ ਲਿਖ ਦਿੱਤੀ।
ਮਨੀ ਘਰੇ ਇਕੱਲਾ ਡੌਰ-ਭੌਰ ਹੋਈ ਜਾ ਰਿਹਾ ਸੀ। ਪਹਿਲਾ ਸਮਾਂ ਸੀ ਉਸ ਨੂੰ ਘਰੇ ਇਕੱਲਾ ਛੱਡ ਕੇ ਗਏ ਸੀ ਪਰ ਉਸ ਅੰਦਰ ਪਤਾ ਨਹੀਂ ਕਿਧਰੋਂ ਰਾਤੋ ਰਾਤ ਸਿਆਣਪ ਪੈਦਾ ਹੋ ਗਈ ਸੀ। ਸਾਡੇ ਆਉਂਦਿਆਂ ਨੂੰ ਘਰ ਦੇ ਨਿੱਕੇ-ਨਿੱਕੇ ਕੰਮ ਕਰਨ ਲੱਗਿਆ ਪਿਆ ਸੀ।
‘‘ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ, ਮਨੀ ਵੀ ਭੁੱਖਾ ਹੈ। ਬਾਜ਼ਾਰ ’ਚੋਂ ਰੋਟੀ ਹੀ ਫੜ ਲਿਆਓ।’’ ਮਨਜੋਤ ਨੇ ਸਾਡਾ ਫ਼ਿਕਰ ਕਰਦਿਆਂ ਕਿਹਾ।
‘‘ਲੈ ਆਉਂਦਾ ਹਾਂ, ਤੂੰ ਟੈਨਸ਼ਨ ਨਾ ਲੈ, ਆਰਾਮ ਨਾਲ ਸੌਂ ਜਾ।’’ ਕਹਿੰਦਿਆਂ ਮੇਰਾ ਗਲ ਭਰ ਆਇਆ। ਇਹੀ ਜੇ ਅੱਜ ਅਸੀਂ ਪਿੰਡ ਹੁੰਦੇ ਤਾਂ ਹੁਣ ਨੂੰ ਸਾਰੀ ਗਲੀ ਨੇ ਇਕੱਠੇ ਹੋ ਜਾਣਾ ਸੀ। ਕਿੰਨੇ ਘਰਾਂ ਤੋਂ ਰੋਟੀ ਆ ਜਾਣੀ ਸੀ ਪਰ ਐਥੇ ਕਿਸ ਨੂੰ ਕਿਸ ਦੀ ਫ਼ਿਕਰ ਹੈ...। ਫਿਰ ਅਹਿਸਾਸ ਹੋਇਆ ਕਿ ਸ਼ਹਿਰ ਆ ਕੇ ਅਸੀਂ ਗਲਤ ਕੀਤਾ ਹੈ। ਪਿੰਡਾਂ ’ਚ ਚਾਹੇ ਸਹੂਲਤਾਂ ਦੀ ਘਾਟ ਹੈ ਪਰ ਬੰਦੇ ਨੂੰ ਬੰਦੇ ਦੀ ਘਾਟ ਨਹੀਂ... ਇੱਥੇ ਕੋਈ ਨਾਲ ਦਾ ਮਰੇ ਜਾਂ ਜੀਵੇ ਕਿਸਨੂੰ ਫ਼ਿਕਰ ਆ...। ਰਾਤ ਵਾਲੀ ਗੱਲ ਮੇਰੇ ਅੰਦਰ ਫਿਰ ਖੌਰੂ ਪਾਉਣ ਲੱਗੀ ਸੀ ਕਿ ਕਿਉਂ ਮੈਂ ਫ਼ੈਸਲਾ ਲਿਆ ਬਈ ਸ਼ਹਿਰ ਆ ਕੇ ਰਹਾਂਗਾ।
ਮੈਂ ਇਨ੍ਹਾਂ ਸੋਚਾਂ ’ਚ ਹੀ ਸੀ ਕਿ ਡੋਰਬੈੱਲ ਵੱਜੀ। ਖਿਝ ਜਿਹੀ ’ਚ ਉੱਠਿਆ ਕਿ ਪਤਾ ਨਹੀਂ ਕੌਣ ਹੈ? ਦੇਖਿਆ ਸਾਹਮਣੇ ਘਰ ਵਾਲੇ ਆਂਟੀ ਸਨ।
‘‘ਕੀ ਹੋਇਆ? ਮਨਜੋਤ ਠੀਕ ਹੈ?’’ ਆਂਟੀ ਨੇ ਅੰਦਰ ਵੜਦਿਆਂ ਹੀ ਸਵਾਲ ਦਾਗ ਦਿੱਤੇ।
‘‘ਸਵੇਰੇ ਮੈਂ ਦੇਖਿਆ ਕਾਰ ’ਚ ਪਤਾ ਨਹੀਂ ਕਿੱਥੇ ਗਏ ਹੋ। ਜਦੋਂ ਦੇਖਿਆ ਮਨੀ ਇਕੱਲਾ ਘਰੇ ਹੈ ਤਾਂ ਇਹਤੋਂ ਪਤਾ ਚੱਲਿਆ। ਰਾਤ ਕਿਉਂ ਨਾ ਦੱਸਿਆ?’’ ਮੈਨੂੰ ਪਿੱਛੇ ਛੱਡਦੀ ਹੋਈ ਆਂਟੀ ਮਨਜੋਤ ਕੋਲ ਕਮਰੇ ’ਚ ਪਲਾਂ ਵਿੱਚ ਪਹੁੰਚ ਗਈ। ਮੈਨੂੰ ਲੱਗਿਆ ਜਿਵੇਂ ਪਿੰਡ ਦੀ ਮੇਰੀ ਕੋਈ ਚਾਚੀ ਤਾਈ ਪੂਰੇ ਹੱਕ ਨਾਲ ਘਰ ਅੰਦਰ ਵੜਦੀ ਹੋਵੇ।
ਮਨਜੋਤ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਕਦੋਂ ਉਨ੍ਹਾਂ ਨੇ ਮੇਰੇ ਹੱਥੋਂ ਲੈ ਲਈ ਪਤਾ ਨਹੀਂ ਚੱਲਿਆ।
‘‘ਮੈਂ ਧਿਆਨ ਨਾ ਕਰਦੀ ਇਕੱਲੇ ਹੀ ਔਖੇ ਹੋਈ ਜਾਣਾ ਸੀ, ਨਾ ਆਸ-ਪੜੋਸ ਨੂੰ ਪਤਾ ਕਿਸੇ ਨੂੰ। ਬੱਚੇ ਨੂੰ ਤਾਂ ਸਾਡੇ ਕਿਸੇ ਕੋਲ ਛੱਡ ਜਾਂਦੇ।’’ ਆਂਟੀ ਸਹਿਜ ਸੁੁਭਾਅ ਹੀ ਗੱਲਾਂ ਦੀ ਲੜੀ ਟੁੱਟਣ ਨਹੀਂ ਦੇ ਰਹੀ ਸੀ ਜਨਿ੍ਹਾਂ ਵਿੱਚ ਪਿਆਰ ਸੀ, ਫ਼ਿਕਰ ਸੀ ਤੇ ਹਲਕੀ ਜਿਹੀ ਝਿੜਕ ਵੀ।
‘‘ਹਸਪਤਾਲ ਵਿੱਚ ਤਾਂ ਥੋਨੂੰ ਆਥਣ ਤੱਕ ਨਾ ਛੱਡਦੇ ਫਿਰ! ਬੱਚਾ ਭੁੱਖਾ-ਭਾਣਾ, ਇਹ ਤਾਂ ਮੈਂ ਪਰੌਂਠਾ ਖੁਆ ਗਈ ਇਸ ਨੂੰ...।’’
ਆਂਟੀ ਕੀ ਕਹਿ ਰਹੀ ਹੈ, ਮੈਨੂੰ ਕੁਝ ਸਮਝ ਨਾ ਆਵੇ। ਜੀਅ ਕਰਦਾ ਸੀ, ਉੱਠਾਂ ਤੇ ਘੁੱਟ ਕੇ ਜੱਫੀ ਪਾ ਲਵਾਂ ਉਨ੍ਹਾਂ ਨੂੰ ਜਿਵੇਂ ਮੇਰੀ ਮਾਂ ਹੋਵੇ ਪਰ ਇੱਕ ਝਿਜਕ ਜਿਹੀ ਨਾਲ ਬੈਠਾ ਰਿਹਾ।
ਨਾਲੇ ਰੋਟੀ ਖਾਈ ਜਾਵਾਂ ਨਾਲੇ ਰੋਈ ਜਾਵਾਂ। ‘‘ਸ਼ਹਿਰ ਵੀ ਕੰਕਰੀਟ ਦਾ ਜੰਗਲ ਨਹੀਂ ਹੁੰਦਾ, ਇਸ ਦਾ ਵੀ ਦਿਲ ਧੜਕਦਾ ਹੈ।’’ ਉਸ ਦਿਨ ਮੇਰੇ ਮੂੰਹੋਂ ਆਪਮੁਹਾਰੇ ਨਿਕਲਿਆ। ਅਸੀਂ ਆਪਣੇ ਆਪ ਹੀ ਧਾਰਨਾ ਬਣਾ ਕੇ ਗੁਆਂਢੀਆਂ ਤੋਂ ਦੂਰੀ ਬਣਾ ਲਈ ਸੀ, ਉਹ ਮਿਟ ਗਈ ਸੀ। ਦਾਦੀ ਦੇ ਕਹੇ ਸ਼ਬਦ ਯਾਦ ਆਈ ਜਾਣ, ‘‘ਪੁੱਤ ਹੱਥਾਂ ਨੂੰ ਹੱਥ ਨੇ, ਜਿਹੋ ਜਿਹੇ ਬਣ ਜਾਵੋਗੇ, ਅਗਲਾ ਵੀ ਮੂਹਰਿਓਂ ਓਵੇਂ ਹੀ ਟੱਕਰਦਾ ਹੈ।’’
ਉਹ ਦਿਨ ਤੇ ਅੱਜ ਦਾ ਦਿਨ। ਸਾਲ ਕਿਵੇਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ ਪਰ ਅੱਜਕੱਲ੍ਹ ਮੈਨੂੰ ਮੇਰੀ ਸਮਝ ਨਹੀਂ ਆਉਂਦੀ। ਮੇਰੇ ਅੰਦਰ ਜੋ ਪਿੰਡ ਸੀ ਸਾਲ ਹੁੰਦੇ-ਹੁੰਦੇ ਕਿੱਥੇ ਚਲਾ ਗਿਆ? ਮੈਨੂੰ ਪਿੰਡ ਦਾ ਹੇਰਵਾ ਕਿਉਂ ਨਹੀਂ ਸਤਾਉਂਦਾ? ਕਿਉਂ ਨਹੀਂ ਮੈਂ ਭੁੱਬਾਂ ਮਾਰ-ਮਾਰ ਰੋਂਦਾ? ਮੇਰੇ ਅੰਦਰ ਜ਼ਰੂਰ ਕੋਈ ਗੜਬੜ ਹੋ ਗਈ ਹੈ, ਮੈਨੂੰ ਲੱਗਦਾ ਮੈਂ ਠੀਕ ਨਹੀਂ ਹਾਂ।

Advertisement

ਸੰਪਰਕ: 94176-36255

Advertisement