ਮਾਂ ਬੋਲੀ ਪੰਜਾਬੀ ਬੋਲਾਂ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਮਾਂ-ਬੋਲੀ ਪੰਜਾਬੀ ਬੋਲਾਂ, ਮੈਨੂੰ ਭੁੱਲ ਨਾ ਜਾਇਓ।
ਮੈਨੂੰ ਮਾਣ ਤੁਸਾਂ ’ਤੇ ਪੁੱਤਰੋ ਪਿੱਠ ਨਾ ਕਦੇ ਵਿਖਾਇਓ।
ਮੈਂ ਹੀ ਪਹਿਲੀ ਦੇਵਣ ਵਾਲੀ ਹਾਂ ਪੁੱਤਰੋ ਕਿਲਕਾਰੀ,
ਮੈਂ ਹੀ ਗੁੜ੍ਹਤੀ ਮੈਂ ਹੀ ਲੋਰੀ ਮੈਂ ਹੀ ਰਸਮ ਪਟਾਰੀ,
ਮੇਰੀ ਹੋਂਦ ਤੁਸਾਂ ਦੇ ਕਰਕੇ ਮੇਰਾ ਮਾਣ ਨਾ ਢਾਹਿਓ...
ਮਾਂ-ਬੋਲੀ ਪੰਜਾਬੀ ਬੋਲਾਂ, ਮੈਨੂੰ ਭੁੱਲ ਨਾ ਜਾਇਓ।
ਮੇਰੀ ਉਂਗਲ ਫੜ ਕੇ ਪੁੱਤਰੋ ਵਿੱਚ ਸਕੂਲੇ ਆਏ,
ਮੇਰੇ ਗਲ ’ਨਾ ਲੱਗਕੇ ਗਲ ਵਿੱਚ ਤਮਗੇ ਪਾਏ,
ਪੁੱਤਰ ਬਣ ਕੇ ਹਰ ਥਾਂ ਉੱਤੇ ਮੇਰਾ ਨਾਂ ਚਮਕਾਇਓ...
ਮਾਂ-ਬੋਲੀ ਪੰਜਾਬੀ ਬੋਲਾਂ, ਮੈਨੂੰ ਭੁੱਲ ਨਾ ਜਾਇਓ।
ਦੁਨੀਆ ਉੱਤੇ ਅੱਜ ਤੁਹਾਨੂੰ ਮਿਲੀ ਹੈ ਜੋ ਸਰਦਾਰੀ,
ਇਸ ਸਰਦਾਰੀ ਦੇ ਵਿੱਚ ਮੇਰੀ ਪੁੱਤਰੋ ਹਿੱਸੇਦਾਰੀ,
ਦੁਨੀਆ ਉੱਤੇ ਰਾਜ ਕਰੋ ਪਰ ਮੇਰੇ ਪੁੱਤ ਕਹਾਇਓ...
ਮਾਂ-ਬੋਲੀ ਪੰਜਾਬੀ ਬੋਲਾਂ, ਮੈਨੂੰ ਭੁੱਲ ਨਾ ਜਾਇਓ।
ਹੋਂਦ ਮੇਰੀ ਨੂੰ ਖ਼ਤਰਾ ਜਦ ਨੇ ਆਲਮ-ਫਾਜ਼ਿਲ ਕਹਿੰਦੇ,
ਦਿਲ ਮੇਰੇ ਨੂੰ ਡੋਬੂ ਪੁੱਤਰੋ ਉਸ ਵੇਲੇ ਹਨ ਪੈਂਦੇ,
ਮਰਦੇ ਜਾਂਦੇ ਸ਼ਬਦਾਂ ਨੂੰ ਵੀ ਬੱਚਿਆਂ ਤਾਈਂ ਸਿਖਾਇਓ...
ਮਾਂ-ਬੋਲੀ ਪੰਜਾਬੀ ਬੋਲਾਂ, ਮੈਨੂੰ ਭੁੱਲ ਨਾ ਜਾਇਓ।
ਮੇਰੀ ਥਾਂ ’ਤੇ ਤਾਜ ਤੁਸੀਂ ਹੁਣ ਹੋਰਾਂ ਨੂੰ ਪਹਿਨਾਉਂਦੇ,
ਦੁੱਖ ਲੱਗਦਾ ਜਦ ਮੇਰੇ ਹੋ ਕੇ ਮੈਥੋਂ ਹੀ ਸ਼ਰਮਾਉਂਦੇ,
‘ਪਾਰਸ’ ਪੁੱਤਰਾ ’ਕੱਠੇ ਹੋ ਕੇ ਗੱਲ ਮੇਰੀ ਸਮਝਾਇਓ...
ਮਾਂ-ਬੋਲੀ ਪੰਜਾਬੀ ਬੋਲਾਂ, ਮੈਨੂੰ ਭੁੱਲ ਨਾ ਜਾਇਓ।
ਸੰਪਰਕ: 99888-11681
* * *
ਵਾਹੀਵਾਨ
ਜਗਦੀਸ਼
ਹਲ਼ ਕੀ ਵਾਹੀ ਆਵੇ ਰਾਸ
ਚਾਰ ਵੇਦ ਕਾ ਰੱਖਣ ਪਾਸ
ਉਹ ਪੈਲ਼ੀ ਵਾਹੁੰਦਾ ਹੈ
ਪਹਿਲਾਂ ਧਰਤ ਨਮਸਕਾਰਦਾ ਹੈ
ਮੱਥਾ ਟੇਕ ਹਲ਼ ਦੀ ਕਲਮ ਨਾਲ
ਆਪਣੀ ਆਸ ਧਰਤ ਕੋਲ ਧਰ ਦਿੰਦਾ ਹੈ
ਕਿੰਨੇ ਰੰਗ ਤੇ ਕਿੰਨੇ ਵੇਸ ਪਹਿਨ
ਇਹ ਗੱਭਣ ਧਰਤੀ
ਓਮਕਾਰ ਦਾ ਜਾਪ ਕਰਦੀ ਹੈ
ਤੇ ਬੋਹਲ਼ਾਂ ਦੇ ਬੋਹਲ਼ ਜੰਮਦੀ ਹੈ!
ਮਿੱਟੀ ਦੀ ਖੁਸ਼ਬੋਈ,
ਪਾਣੀ ਦੀ ਕਲਕਲ
ਹਵਾ ਦਾ ਸੰਗੀਤ
ਮਿਲ ਮੰਤਰ-ਜਾਪ ਕਰਦੇ ਨੇ
‘ਹਲ਼ ਕੀ ਵਾਹੀ ਆਵੇ ਰਾਸ
ਚਾਰ ਵੇਦ ਕਾ ਰੱਖਣ ਪਾਸ’!
ਢੋਲ ਦੇ ਡਗੇ ਨਾਲ
ਵਾਹੀਵਾਨ ਦੀ ਰਾਧੀ
ਸਾਰੇ ਜੱਗ ਨੇ ਖਾਧੀ
ਇੱਕ ਢੇਰੀ ਲਾਗੀਆਂ ਦੀ
ਇੱਕ ਚਿੜੀਆਂ ਜਨੌਰਾਂ ਦੀ
ਇੱਕ ਸੰਤਾਂ-ਭਗਤਾਂ ਦੀ
ਪੀਰਾਂ ਦਰਗਾਹਾਂ ਦੀ!
ਮਿੱਟੀ ਦੀ ਖੁਸ਼ਬੋਈ,
ਪਾਣੀ ਦੀ ਕਲਕਲ
ਹਵਾ ਦਾ ਸੰਗੀਤ
ਮਿਲ ਮੰਤਰ-ਜਾਪ ਕਰਦੇ ਨੇ
‘ਹਲ਼ ਕੀ ਵਾਹੀ ਆਵੇ ਰਾਸ
ਚਾਰ ਵੇਦ ਕਾ ਰੱਖਣ ਪਾਸ’...!
ਅੱਜ ਉਹ ਸਾਡੇ ਹਲ਼ ਖੋਹ ਰਹੇ ਨੇ
ਹਲ਼ ਨਹੀਂ
ਉਹ ਸਾਡੇ ਵੇਦ ਖੋਹ ਰਹੇ ਨੇ!
ਮੋਟਾ ਪਹਿਨਣ ਤੇ ਮਿੱਸਾ ਖਾਣ ਵਾਲੇ
ਧਰਤੀ ਦੇ ਵਾਹੀਵਾਨ
ਅੱਜ ਸਿਆਸਤ ਦੇ ਮਾਰੇ
ਸੜਕਾਂ ’ਤੇ ਰੁਲ ਰਹੇ ਨੇ...!
ਸੰਪਰਕ: 92564-46863
* * *
ਲਾਲ ਮਿੱਟੀ
ਜਸਵੰਤ ਗਿੱਲ ਸਮਾਲਸਰ
ਸੂਝਵਾਨ ਕਿਸਾਨਾਂ
ਤੇ ਖੇਤੀ ਵਿਗਿਆਨੀਆਂ ਦਾ
ਕਹਿਣੈਂ ਕਿ
ਕਾਲੀ ਮਿੱਟੀ
ਖੇਤੀ ਲਈ ਸਭ ਤੋਂ ਵੱਧ
ਉਪਜਾਊ, ਫ਼ਾਇਦੇਮੰਦ ਹੁੰਦੀ ਹੈ
ਇਸ ਵਿੱਚ ਫ਼ਸਲ
ਝਾੜ ਵੱਧ ਪੈਦਾ ਕਰਦੀ ਹੈ
ਤੇ ਮੇਰਾ ਮੰਨਣਾ ਹੈ
ਲਾਲ ਮਿੱਟੀ
ਸ਼ਹਾਦਤਾਂ ਦੀ ਖੇਤੀ ਲਈ
ਕੁਰਬਾਨੀਆਂ ਦੀ ਫ਼ਸਲ ਲਈ
ਸਭ ਤੋਂ ਵੱਧ ਉਪਜਾਊ ਹੁੰਦੀ ਹੈ
ਉਹ ਲਾਲ ਮਿੱਟੀ
ਜਿਸ ਦਾ ਰੰਗ
ਲਹੂ ਨਾਲ ਲਾਲ ਹੋਇਆ ਹੋਵੇ
ਲਹੂ ਵੀ ਉਹ
ਜੋ ਆਜ਼ਾਦੀ ਖਾਤਰ
ਹੱਕਾਂ ਲਈ
ਲੜਦੇ ਲੋਕਾਂ ਦਾ ਹੋਵੇ .....
ਮੈਂ ਜਦ ਵੀ
ਲਾਲ ਮਿੱਟੀ ਬਾਰੇ ਸੋਚਦਾ ਹਾਂ
ਪੂਰਾ ਪੰਜਾਬ
ਮੇਰੀਆਂ ਅੱਖਾਂ ਅੱਗੇ
ਘੁੰਮਣ ਲੱਗਦਾ ਹੈ...
ਤੇ ਮੈਨੂੰ ਦਿਖਾਈ ਦਿੰਦੀ ਹੈ
ਇਸ ਧਰਤੀ ਦੇ
ਕਿਸੇ ਟੁਕੜੇ ’ਤੇ
ਝੂਮ ਰਹੀ ਸ਼ਹਾਦਤਾਂ ਦੀ ਫ਼ਸਲ...।
ਸੰਪਰਕ: 97804-51878
* * *
ਉੱਠ ਪਏ ਨੇ ਕਦਮ...
ਅਮਰਪ੍ਰੀਤ ਸਿੰਘ ਝੀਤਾ
ਉੱਠ ਪਏ ਨੇ ਕਦਮ ਵੱਲ ਮੰਜ਼ਿਲਾਂ ਦੇ,
ਰੱਖ ਹੌਸਲਾ ਜਿੱਤ ਪੱਕੀ ਤੇਰੀ ਹੈ।
ਜੇ ਲੜਾਂਗੇ ਹੱਕਾਂ ਲਈ ਰਲਮਿਲ ਆਪਾਂ,
ਇਹ ਮੰਗ ਸਭ ਦੀ, ਨਾ ਤੇਰੀ ਮੇਰੀ ਹੈ।
ਬੂੰਦ ਬੂੰਦ ਨਾਲ ਹੀ ਬਣੇ ਸਾਗਰ,
ਸਾਗਰਾਂ ਦਾ ਤੂਫ਼ਾਨ ਹੈ ਅਸੀਂ ਬਣਨਾ।
ਵੱਖ ਵੱਖ ਵਹਿਣਾਂ ਵਿੱਚ ਨਹੀਂ ਵਹਿਣਾ,
ਨਾ ਹੀ ਇੱਕ ਥਾਂ ’ਤੇ ਅਸੀਂ ਹੈ ਖੜ੍ਹਨਾ।
ਹੋ ਜਾਈਏ ਇੱਕ-ਮੁੱਠ ਅਸੀਂ ਸਾਰੇ,
ਕਾਹਤੋਂ ਲਾ ਰੱਖੀ ਤੁਸਾਂ ਨੇ ਦੇਰੀ ਹੈ।
ਜ਼ਾਲਮਾਂ ਦੀ ਸਦਾ ਇਹ ਰਹੀ ਨੀਤੀ,
ਪਾੜੋ ਤੇ ਇਨ੍ਹਾਂ ’ਤੇ ਰਾਜ ਕਰੋ।
ਹੁਣ ਫਿਰ ਲੋਕ ਜਗਾਉਣੇ ਆਪਾਂ,
ਹੱਕਾਂ ਲਈ ਬੁਲੰਦ ਆਵਾਜ਼ ਕਰੋ।
ਜਿਹੜੇ ਲੜਦੇ ਨਹੀਂ ਹੱਕਾਂ ਵਾਸਤੇ ਜੀ,
ਉਹ ਜੀਂਦੇ ਜਾਗਦੇ ਨਾ, ਮਿੱਟੀ ਦੀ ਢੇਰੀ ਨੇ।
ਇੱਕ ਚੁੱਕੀ ਸੀ ਆਵਾਜ਼ ਭਗਤ ਸਿੰਘ ਨੇ,
ਲੜਿਆ ਸੀ ਲੜਾਈ ਬਰਾਬਰੀ ਲਈ।
ਆਜ਼ਾਦੀ ਸੌਖਿਆਂ ਸਾਨੂੰ ਨਹੀਂ ਮਿਲੀ,
ਸ਼ਹੀਦ ਹੋਏ ਸੀ ਮਾਵਾਂ ਦੇ ਪੁੱਤ ਕਈ।
ਜੇ ਸੋਚੀਏ ਨਾ ‘ਅਮਰ’ ਕੁਝ ਕਰਨੇ ਦੀ,
ਰਹਿਣੀ ਗ਼ੁਲਾਮੀ ਦੀ ਰਾਤ ਹਨੇਰੀ ਹੈ।
ਸੰਪਰਕ: 97791-91447
* * *
ਫੱਗਣ ਤੇ ਰੁੱਖ
ਅਮਰਜੀਤ ਸਿੰਘ ਫ਼ੌਜੀ
ਮਹੀਨਾ ਚੰਗਾ ਹੁੰਦਾ ਏ ਫੱਗਣ ਤੇ ਸਾਉਣ ਦਾ
ਵਿਹਲੀਆਂ ਥਾਵਾਂ ਦੇ ਉੱਤੇ ਬੂਟੇ ਲਾਉਣ ਦਾ
ਪੰਜ ਪੰਜ ਬੂਟੇ ਆਪਾਂ ਸਾਰੇ ਲਾ ਦੇਈਏ
ਮਨੁੱਖਤਾ ਦੀ ਸੇਵਾ ’ਚ ਹਿੱਸਾ ਪਾ ਦੇਈਏ
ਵਾੜ ਕਰ ਬੂਟਿਆਂ ਨੂੰ ਪਾਣੀ ਵੀ ਪਾਈਏ ਜੀ
ਚੰਗਾ ਕੰਮ ਸ਼ੁੱਧ ਵਾਤਾਵਰਨ ਨੂੰ ਬਣਾਈਏ ਜੀ
ਠੰਢੀ ਹਵਾ ਮਿਲੂ ਜਦੋਂ ਲਹਿਲਹਾਉਣਗੇ
ਨਾਲੇ ਇਨ੍ਹਾਂ ਉੱਤੇ ਪੰਛੀ ਆਲ੍ਹਣੇ ਵੀ ਪਾਉਣਗੇ
ਫੁੱਲ ਫ਼ਲ ਨਾਲੇ ਠੰਢੀ ਛਾਂ ਦੇਣਗੇ
ਜੇ ਬਚੇ ਆਵਾਰਾ ਪਸ਼ੂਆਂ ਤੋਂ, ਤਾਂ ਦੇਣਗੇ
ਕੁਦਰਤ ਨਾਲ ਜਿਹੜਾ ਕਰੇ ਮੋਹ ਜੀ
ਸਭ ਨੂੰ ਪਿਆਰਾ ਲੱਗੇ ਬੰਦਾ ਉਹ ਜੀ
ਰੁੱਤ ਪੱਤਝੜ ਲੰਘੀ ਤੇ ਬਸੰਤ ਆ ਗਈ
ਨਵੀਆਂ ਕਰੂੰਬਲਾਂ ਨੂੰ ਫੁੱਟਣ ਲਾ ਗਈ
ਛੇਤੀ ਕਰ ‘ਫ਼ੌਜੀਆ’ ਤੂੰ ਖੁੰਝ ਜਾਈਂ ਨਾ
ਹੋਰਾਂ ਨੂੰ ਵੀ ਕਹਿ ਐਵੇਂ ਦੇਰ ਲਾਈਂ ਨਾ
ਸੰਪਰਕ: 94174-04804
* * *
ਕਿਸਾਨ
ਮਨਜੀਤ ਪਾਲ ਸਿੰਘ
ਨਹੀਂ ਔਕਾਤ ਕਿਸੇ ਹਾਕਮ ਦੀ, ਮੇਰੇ ਲਈ ਨਿਆਂ ਬਣ ਜਾਵੇ।
ਆਪਣੀ ਧੁੱਪ ਮੈਂ ਆਪੇ ਜਰਨੀ, ਕਿਉਂ ਕੋਈ ਮੇਰੀ ਛਾਂ ਬਣ ਜਾਵੇ।
ਧਰਤੀ ਤੇ ਅੰਬਰ ਦਾ ਜਾਇਆ, ਸੂਰਜ, ਚੰਦ ਸਿਤਾਰੇ ਮੇਰੇ
ਜਿੱਥੇ ਜਾ ਮੈਂ ਮੁੜ੍ਹਕਾ ਬੀਜਾਂ, ਓਹੋ ਮੇਰਾ ਗਰਾਂ ਬਣ ਜਾਵੇ।
ਮੇਰੇ ਖੇਤਾਂ ਵਿੱਚ ਉੱਗੀਆਂ ਨੇ, ਤੇਰੀਆਂ ਛੱਤਾਂ ਅਤੇ ਦੀਵਾਰਾਂ
ਮੇਰੀ ਹਸਤੀ ਤੋਂ ਬਿਨ ਕਿੱਦਾਂ, ਤੇਰਾ ਕੋਈ ਜਹਾਂ ਬਣ ਜਾਵੇ।
ਬਹਿ ਕੇ ਕੁੰਦਰ ਦੇ ਵਿੱਚ ਸਮਝਣ, ਲਿਖਣ ਪਏ ਤਕਦੀਰ ਮੇਰੀ
(ਨਾ ਜਾਣਨ) ਕਦ ਸ਼ਾਂਤ ਹਵਾ ਦਾ ਰੁਮਕਾ, ਤੇਜ਼ ਤਰਾਰ ਤੂਫ਼ਾਂ ਬਣ ਜਾਵੇ।
ਨਾਵਾਂ ਦੇ ਵਿੱਚ ਕੀ ਪਿਆ ਏ, ਜੱਟ, ਕਿਸਾਨ, ਜ਼ਿਮੀਂਦਾਰ ਆਖੋ
ਹਲ਼ ਦੇ ਫਾਲ਼ੇ ਲਿਖਣ ਛਾਤੀ ’ਤੇ, ਓਹੀਓ ਮੇਰਾ ਨਾਂ ਬਣ ਜਾਵੇ।
ਸੰਪਰਕ: 96467-13135
* * *
ਰੰਗ ਸਮੇਂ ਦੇ
ਗੁਰਮੀਤ ਸਿੰਘ ਚੀਮਾ
ਰਾਹੀ ਡੁੱਬਿਆ ਸੋਚਾਂ ਅੰਦਰ
ਕਿਹੜੇ ਰਸਤੇ ਜਾਵਾਂ
ਜਿਹੜਾ ਕੱਲ੍ਹ ਅਜੇ ਨਾ ਆਇਆ
ਉਸ ਵੱਲ ਵੀ ਬਹਿ ਦੇਖੇ
ਲੰਘ ਗਿਆ ਸੀ ਕੱਲ੍ਹ ਜਿਹੜਾ
ਦੇਖੇ ਉਸਦਾ ਵੀ ਪਰਛਾਵਾਂ
ਰਿਸ਼ਮਾਂ ਝੁਰਮਟ ਪਾਉਣ ਵਾਲੀਆਂ
ਛੂਈ ਮੂਈ ਹੋ ਗਈਆਂ
ਕਿਧਰ ਗਈਆਂ ਜੁ ਹੁੰਦੀਆਂ ਸੀ
ਰੰਗ ਬਰੰਗੀਆਂ ਰੇਖਾਵਾਂ
ਚੰਦ ਦੀ ਝੋਲ਼ੀ ਸੀ ਚਮਕੀਲੀ
ਹਨੇਰੇ ਵਿੱਚ ਕਿਉਂ ਡੁੱਬੀ
ਸੂਰਜ ਕਿਸ ਰਾਹ ਭੇਜੇ ਕਿਰਨਾਂ
ਭੁੱਲ ਗਿਆ ਸਿਰਨਾਵਾਂ
* * *
ਟੱਪੇ
ਵਿਜੇ ਕੁਮਾਰ ਤਾਲਬਿ
ਪਾਣੀ ਚੱਲੇ ਖਲੋਂਦੇ ਨੇ,
ਤੇਰੀਆਂ ਮਹਿਫ਼ਿਲਾਂ ’ਚ
ਚਲੋ ਜ਼ਿਕਰ ਤਾਂ ਹੋਂਦੇ ਨੇ।
ਚਲੋ ਬਾਪੂ ਡੱਕਦਾ ਏ,
ਚੋਰੀ-ਚੋਰੀ ਖ਼ਾਬਾਂ ’ਚ,
ਬੰਦਾ ਆ ਹੀ ’ਤੇ ਸਕਦਾ ਏ।
ਬੱਚੇ ਪੜ੍ਹ ਗਏ ਪੜ੍ਹਾਈਆਂ ਨੂੰ,
ਅੰਦਰੋ ਅੰਦਰੇ ਹੀ,
ਲੜ ਰਹੇ ਨੇ ਲੜਾਈਆਂ ਨੂੰ।
ਚਿੱਟੀ ਮਿਸ਼ਰੀ ਆਈ ਏ,
ਜਨਮ ਤੋਂ ਪਹਿਲਾਂ ਦੀ,
ਧੀਏ ਤੇਰੀ ਲੜਾਈ ਏ।
ਹਰ ਪਾਸੇ ਸਜਾਵਟ ਏ,
ਜਦ ਬਾਪੂ ਦਿੰਦਾ ਥਾਪੜੇ,
ਲੱਥ ਜਾਂਦੀ ਥਕਾਵਟ ਏ।
ਸਾਡਾ ਕੀ ਖਾਂਦੇ ਨੇ,
ਸਾਰਿਆਂ ਜੀਵਾਂ ਨੂੰ,
ਇਕੱਲੇ ਰੁੱਖ ਸਾਂਭੀ ਜਾਂਦੇ ਨੇ।
ਕੋਈ ਸੋਹਣਾ ਜ਼ਮਾਨਾ ਸੀ,
ਬਾਰੀ ਵਿੱਚੋਂ ਪਿੰਡ ਤੱਕਣੇ,
ਉਲਟੀ ਦਾ ਬਹਾਨਾ ਸੀ।
ਲਾਟੂ ਕੋਠੇ ਜਗਾ ਦੇਵੀਂ,
ਦੁਸ਼ਮਣ ਵੈਰੀ ਨੂੰ ਵੀ,
ਰੱਬਾ ਯਾਰ ’ਤੇ ਮਿਲਾ ਦੇਵੀਂ।
ਗੱਲਾਂ ਮਿੱਠੀਆਂ ਮੁਕਾਵਾਂ ਨਾ,
ਇਹ ਕਿੱਦਾਂ ਹੋ ਸਕਦਾ,
ਤੂੰ ਸੱਦਿਆ ਮੈਂ ਆਵਾਂ ਨਾ।
ਲੱਗੇ ਚਾਂਦੀ ਕੱਚਿਆਂ ’ਤੇ,
ਗਿੱਲਾ ਹੱਥ ਮਾਂ ਫੇਰੇ,
ਨੂਰ ਆ ਜਾਂਦਾ ਬੱਚਿਆਂ ’ਤੇ।
ਘਰ ਛੱਡ ਨਾ ਸਕਦੀ ਸੀ,
ਮਾਂ ਤੇ ਹਰੇਕ ਸ਼ੈਅ ਨੂੰ,
ਕਿਤੇ ਸਾਂਭ ਸਾਂਭ ਰੱਖਦੀ ਸੀ।
ਸੰਪਰਕ: 94177-36610