For the best experience, open
https://m.punjabitribuneonline.com
on your mobile browser.
Advertisement

ਤੇਰੇ ਬਿਨਾਂ ਮੈਂ ਬੜੀ ਵੇ ਬਗੁੱਚੀ...

07:14 AM Jan 20, 2024 IST
ਤੇਰੇ ਬਿਨਾਂ ਮੈਂ ਬੜੀ ਵੇ ਬਗੁੱਚੀ
Advertisement

ਜੋਗਿੰਦਰ ਕੌਰ ਅਗਨੀਹੋਤਰੀ
ਦੰਪਤੀ ਜੀਵਨ ਦੀ ਸਾਂਝ ਹੀ ਵੱਖਰੀ ਹੈ। ਔਰਤ ਤੋਂ ਬਿਨਾਂ ਆਦਮੀ ਦਾ ਜੀਵਨ ਅਧੂਰਾ ਹੈ ਅਤੇ ਆਦਮੀ ਬਿਨਾਂ ਔਰਤ ਦਾ। ਇਹ ਸਾਂਝ ਬਣਾਉਣ ਲਈ ਕੁਦਰਤ ਦਾ ਮਹੱਤਵਪੂਰਨ ਯੋਗਦਾਨ ਹੈ। ਕੁਦਰਤ ਅਨੁਸਾਰ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਅਤੇ ਵਿਕਾਸ ਹੋਇਆ। ਇਸ ਤੋਂ ਬਾਅਦ ਸਮਾਜ ਵਰਗੀ ਸੰਸਥਾ ਹੋਂਦ ਵਿੱਚ ਆਈ। ਇਸ ਨੇ ਜੀਵਨ ਜਿਉਣ ਲਈ ਕੁੱਝ ਨਿਯਮ ਬਣਾਏ ਅਤੇ ਲਾਗੂ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਰੀਤ ਵਿਆਹ ਦੀ ਹੈ। ਜਿਸ ਅਨੁਸਾਰ ਸਮਾਜ ਇੱਕ ਔਰਤ ਅਤੇ ਮਰਦ ਨੂੰ ਖ਼ੁਸ਼ੀ ਖ਼ੁਸ਼ੀ ਆਪਣਾ ਨਿੱਜੀ ਜੀਵਨ ਜਿਉਣ ਦੀ ਖੁੱਲ੍ਹ ਦਿੰਦਾ ਹੈ। ਇਹ ਇੱਕ ਸੂਝ-ਬੂਝ ਵਾਲਾ ਫ਼ੈਸਲਾ ਹੈ ਜਿਸ ਨਾਲ ਵੰਸ਼ ਵਧਦੇ ਹਨ ਅਤੇ ਸਦੀਆਂ ਤੋਂ ਵਧਦੇ ਚਲੇ ਆ ਰਹੇ ਹਨ।
ਦੰਪਤੀ ਜੀਵਨ ਵਿੱਚ ਆਦਮੀ ਅਤੇ ਔਰਤ ਦੀ ਸਾਂਝ ਇੰਨੀ ਪਕੇਰੀ ਹੈ ਕਿ ਘਰੇਲੂ ਲੜਾਈ ਝਗੜਾ ਹੋਣ ਦੇ ਬਾਵਜੂਦ ਇਹ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਕਦਰ ਕਰਦੇ ਹਨ। ਇਨ੍ਹਾਂ ਦੇ ਆਪਸੀ ਝਗੜੇ ਨੂੰ ਨਿਪਟਾਉਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੁੰਦੀ। ਜੇਕਰ ਇਹ ਝਗੜਾ ਕਰਦੇ ਹਨ ਤਾਂ ਸੁਲ੍ਹਾ ਵੀ ਆਪ ਹੀ ਕਰ ਲੈਂਦੇ ਹਨ। ਸ਼ਾਇਦ ਵਿਆਹ ਸਮੇਂ ਹੋਈਆਂ ਲਾਵਾਂ ਦੀ ਲੱਜ ਪਾਲਦੇ ਆਪਣੇ ਵਾਅਦੇ ਉੱਤੇ ਖਰੇ ਉਤਰਦੇ ਹਨ। ਵਡੱਪਣ ਦੀ ਗੱਲ ਇਹ ਹੈ ਕਿ ਔਰਤ ਘਰ ਸੰਭਾਲਦੀ ਹੈ ਅਤੇ ਮਰਦ ਆਪਣੀ ਕਮਾਈ ਉਸ ਦੇ ਹੱਥ ਉੱਤੇ ਰੱਖਦਾ ਹੈ। ਇਸ ਲਈ ਹੀ ਕਿਹਾ ਜਾਂਦਾ ਹੈ ਕਿ ਘਰ ਤੀਵੀਆਂ ਦੇ ਅਤੇ ਨਾਂ ਆਦਮੀਆਂ ਦੇ। ਔਰਤ ਘਰ ਦੀ ਇਕੱਲੀ ਇਕੱਲੀ ਚੀਜ਼ ਨੂੰ ਸਾਵਧਾਨੀ ਨਾਲ ਸੰਭਾਲਦੀ ਹੈ।
ਔਰਤ-ਮਰਦ ਦੇ ਇਸ ਗੂੜ੍ਹੇ ਰਿਸ਼ਤੇ ਨੂੰ ਕਈ ਵਡੇਰੀ ਉਮਰ ਦੀਆਂ ਔਰਤਾਂ ਈਰਖਾ ਵੱਸ ਇਹ ਕਹਿ ਕੇ ਵੀ ਛੋਟਾ ਕਰਨਾ ਚਾਹੁੰਦੀਆਂ ਹਨ ਕਿ ਮੁੰਡਾ ਪਰਨਾਇਆ ਤੇ ਗਿਆ, ਨੋਟ ਭੰਨਾਇਆ ਤੇ ਗਿਆ। ਭਾਵ ਦੋਵੇਂ ਹੀ ਹੱਥੋਂ ਨਿਕਲ ਜਾਂਦੇ ਹਨ। ਕੁੱਝ ਔਰਤਾਂ ਤਾਂ ਇਹ ਵੀ ਕਹਿ ਦਿੰਦੀਆਂ ਹਨ, ‘‘ਮੈਂ ਤੇ ਮੇਰਾ ਪੁਰਸ਼ ਅਤੇ ਦੂਜੇ ਦਾ ਮੂੰਹ ਝੁਲਸ।’’
ਦੇਖਣ ਵਿੱਚ ਗੱਲ ਭਾਵੇਂ ਛੋਟੀ ਹੈ ਪਰ ਇਸ ਦੇ ਅਰਥ ਵੱਡੇ ਹਨ। ਇਹੋ ਜਿਹੀਆਂ ਗੱਲਾਂ ਉਦੋਂ ਹੋ ਜਾਂਦੀਆਂ ਹਨ ਜਦੋਂ ਨੂੰਹ ਪੁੱਤਰ ਬਜ਼ੁਰਗਾਂ ਦੇ ਕੁੱਝ ਸਮਝਾਉਣ ਦਾ ਬੁਰਾ ਮਨਾਉਣ। ਆਦਮੀ ਅਤੇ ਔਰਤ ਦਾ ਸਬੰਧ ਉਮਰ ਭਰ ਦਾ ਹੈ ਜੋ ਇੱਕ ਦੂਜੇ ਨਾਲ ਨਿਭਾਇਆ ਜਾਂਦਾ ਹੈ। ਇੱਕ ਦੂਜੇ ਦੇ ਦੁੱਖ ਨੂੰ ਦੁੱਖ ਅਤੇ ਸੁੱਖ ਨੂੰ ਸੁੱਖ ਸਮਝਿਆ ਜਾਂਦਾ ਹੈ। ਇਹ ਬੜਾ ਪਵਿੱਤਰ ਰਿਸ਼ਤਾ ਹੈ। ਦੋਵੇਂ ਰਲ ਮਿਲ ਕੇ ਘਰ ਦੇ ਕੰਮਾਂ ਨੂੰ ਇੱਕ ਦੂਜੇ ਦੀ ਸਲਾਹ ਨਾਲ ਕਰਦੇ ਹਨ। ਸਮਾਜ ਵਿੱਚ ਵਿਚਰਦਿਆਂ ਹਰ ਵਿਸ਼ੇਸ਼ ਕਾਰਜ ਦੋਵਾਂ ਦੇ ਇਕੱਠੇ ਬੈਠਣ ਨਾਲ ਹੀ ਸ਼ੋਭਦਾ ਹੈ। ਬੱਚਿਆਂ ਦੇ ਵਿਆਹ ਦੇ ਮੌਕੇ ਸ਼ਗਨ ਵਿਹਾਰ ਕਰਨ ਸਮੇਂ ਮਾਂ-ਬਾਪ ਦੋਵੇਂ ਹੀ ਰਲ਼ ਕੇ ਕਰਦੇ ਹਨ। ਕੰਨਿਆ ਦਾਨ ਕਰਨ ਵੇਲੇ ਵੀ ਦੋਵਾਂ ਦਾ ਬੈਠਣਾ ਜ਼ਰੂਰੀ ਸਮਝਿਆ ਜਾਂਦਾ ਹੈ।
ਆਦਮੀ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਾ ਤਾਂ ਘਬਰਾਉਂਦਾ ਹੈ ਅਤੇ ਨਾ ਹੀ ਕਤਰਾਉਂਦਾ ਹੈ। ਘਰੇਲੂ ਚੀਜ਼ਾਂ ਦੀ ਲੋੜ ਤੋਂ ਬਿਨਾਂ ਆਪਣੀ ਪਤਨੀ ਦੀ ਹਰ ਖਾਹਿਸ਼ ਨੂੰ ਪੂਰੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਉੱਧਰ ਔਰਤ ਵੀ ਘਰ ਦੇ ਕੰਮਾਂ ਨੂੰ ਕਰਦੀ ਹੋਈ ਆਪਣੇ ਪਤੀ ਦਾ ਪੂਰਾ ਖ਼ਿਆਲ ਰੱਖਦੀ ਹੈ। ਉਸ ਦੇ ਖਾਣ-ਪੀਣ ਅਤੇ ਪਹਿਨਣ ਤੋਂ ਇਲਾਵਾ ਉਸ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੀ ਹੈ। ਘਰ ਵਿੱਚ ਜਿੰਨੀ ਜ਼ਿੰਮੇਵਾਰੀ ਉਸ ਦੀ ਪਤਨੀ ਨਿਭਾਉਂਦੀ ਹੈ, ਓਨੀ ਜ਼ਿੰਮੇਵਾਰੀ ਹੋਰ ਕਿਸੇ ਦੀ ਨਹੀਂ ਹੁੰਦੀ ਕਿਉਂਕਿ ਵਿਆਹ ਤੋਂ ਬਾਅਦ ਇਹ ਜ਼ਿੰਮੇਵਾਰੀ ਸਮਾਜ ਦੀ ਰੀਤ ਅਨੁਸਾਰ ਉਸ ਨੂੰ ਸੌਂਪੀ ਗਈ ਹੈ।
ਜੇਕਰ ਔਰਤ ਦਾ ਪਤੀ ਬਾਹਰ ਨੌਕਰੀ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਘਟ ਜਾਂਦੀ ਹੈ। ਸਰੀਰਕ ਸੁੱਖ ਮਹਿਸੂਸ ਕਰਦੀ ਔਰਤ ਦੇ ਮੂੰਹੋਂ ਆਪ ਮੁਹਾਰੇ ਬੋਲੀ ਫੁੱਟਦੀ ਹੈ:
ਤੇਰੇ ਬਿਨਾਂ ਮੈਂ ਬੜੀ ਵੇ ਸੁਖਾਲੀ
ਨਾ ਮਾਂਜਾਂ ਛੰਨਾ ਤੇ ਮਾਂਜਾਂ ਥਾਲੀ।
ਇਹ ਗੀਤ ਔਰਤ ਦੇ ਪਤੀ ਦੀ ਰੋਟੀ ਵੱਲ ਸੰਕੇਤ ਕਰਦਾ ਹੈ ਕਿਉਂਕਿ ਘਰ ਵਿੱਚ ਪਤੀ ਦੇ ਨਾ ਹੋਣ ਕਾਰਨ ਉਸ ਦੀ ਇਹ ਜ਼ਿੰਮੇਵਾਰੀ ਨਹੀਂ ਹੁੰਦੀ ਜਾਂ ਉਹ ਜ਼ਿੰਮੇਵਾਰੀ ਨਹੀਂ ਸਮਝਦੀ। ਦੂਜੀ ਗੱਲ ਉਸ ਨੂੰ ਰੋਟੀ ਖੁਆਉਣ ਤੋਂ ਬਾਅਦ ਭਾਂਡੇ ਚੁੱਕਣ ਦਾ ਕੰਮ ਵੀ ਨਹੀਂ ਹੁੰਦਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਉਹ ਆਪਣੀਆਂ ਰੀਝਾਂ ਪੂਰੀਆਂ ਕਰਨ ਲਈ ਕਿਸ ਨੂੰ ਆਖੇ? ਉਸ ਦਾ ਹੱਕ ਆਪਣੇ ਪਤੀ ਉੱਤੇ ਹੀ ਹੈ। ਉਹੀ ਇਸ ਜ਼ਿੰਮੇਵਾਰੀ ਨੂੰ ਸਮਝਦਾ ਹੈ। ਜਦੋਂ ਉਸ ਨੂੰ ਆਪਣੇ ਪਤੀ ਦੀ ਗ਼ੈਰਹਾਜ਼ਰੀ ਰੜਕਦੀ ਹੈ ਤਾਂ ਉਸ ਨੂੰ ਆਪਣੇ ਪਤੀ ਬਗੈਰ ਆਪਣੀ ਜ਼ਿੰਦਗੀ ਅਧੂਰੀ ਜਾਪਦੀ ਹੈ ਤੇ ਫਿਰ ਉਸ ਦੇ ਮੂੰਹੋਂ ਆਪ ਮੁਹਾਰੇ ਬੋਲ ਨਿਕਲਦੇ ਹਨ ਜੋ ਗੀਤ ਦਾ ਰੂਪ ਧਾਰਨ ਕਰ ਜਾਂਦੇ ਹਨ:
ਤੇਰੇ ਬਿਨਾਂ ਮੈਂ ਬੜੀ ਵੇ ਬਗੁੱਚੀ
ਨਾ ਸਿਰ ਸਾਲੂ ਨਾ ਪੈਰ ਜੁੱਤੀ।
ਰੁੱਸਣਾ ਅਤੇ ਮਨਾਉਣਾ ਦੋਵੇਂ ਵਿਰੋਧੀ ਸ਼ਬਦ ਹਨ ਪਰ ਰੁੱਸੇ ਹੋਏ ਨੂੰ ਮਨਾਉਣ ਲਈ ਜੋ ਪਾਪੜ ਵੇਲਣੇ ਪੈਂਦੇ ਹਨ ਉਨ੍ਹਾਂ ਦਾ ਵੀ ਬਹੁਤ ਮਹੱਤਵ ਹੈ। ਆਦਮੀ ਹੋਵੇ ਜਾਂ ਔਰਤ, ਬੱਚਾ ਹੋਵੇ ਜਾਂ ਬਜ਼ੁਰਗ ਰੁੱਸਣਾ ਅਤੇ ਮੰਨਣਾ ਸਾਰਿਆਂ ਦਾ ਸੁਭਾਅ ਹੈ। ਜਦੋਂ ਰੁੱਸੇ ਹੋਏ ਨੂੰ ਮਨਾਇਆ ਜਾਂਦਾ ਹੈ ਤਾਂ ਉਹ ਸਮਾਂ ਵੀ ਲਾਜਵਾਬ ਹੁੰਦਾ ਹੈ। ਜਦੋਂ ਉਸ ਨੂੰ ਮਨਾਇਆ ਜਾਂਦਾ ਹੈ ਤਾਂ ਰੁੱਸੇ ਹੋਏ ਨੂੰ ਕਿੰਨਾ ਮਜ਼ਾ ਆਉਂਦਾ ਹੈ। ਉਸ ਸਮੇਂ ਹੋਣ ਵਾਲੀਆਂ ਕਿਰਿਆਵਾਂ ਅਤੇ ਸ਼ਬਦ ਬਹੁਤ ਸਵਾਦਲੇ ਹੁੰਦੇ ਹਨ ਤਾਂ ਹੀ ਇਨ੍ਹਾਂ ਨੂੰ ਲੋਕ ਗੀਤਾਂ ਵਿੱਚ ਲਿਆਂਦਾ ਗਿਆ ਹੈ:
ਮਾਂ ਨਾਲ ਰੁੱਸ ਕੇ ਰੋਟੀ ਨ੍ਹੀਂ ਖਾਂਦਾ
ਤੈਨੂੰ ਕੌਣ ਮਨਾਊਗਾ ਨਿੱਤ
ਵੇ ਨਿੱਤ, ਭੈੜਿਆ ਸੱਜਣਾ।
ਜੇਕਰ ਆਦਮੀ ਘਰਵਾਲੀ ਨਾਲ ਰੁੱਸਿਆ ਹੋਵੇ ਤਾਂ ਉਸ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਹੁੰਦਾ ਹੈ:
ਨਾਰ ਨਾਲ ਰੁੱਸ ਕੇ ਭੁੰਜੇ ਸੌਂ ਜਾਂਦਾ
ਕੀੜੇ ਪਤੰਗੇ ਦੀ ਰੁੱਤ ਵੇ
ਵੇ ਉੱਠ ਭੈੜਿਆ ਸੱਜਣਾ
ਐਵੇਂ ਨਾ ਮੇਰੇ ਨਾਲ ਰੁੱਸ ਵੇ।
ਔਰਤ ਦੀ ਇਹ ਖ਼ਾਸੀਅਤ ਹੈ ਕਿ ਉਹ ਆਪਣੇ ਪਤੀ ਨਾਲ ਲੜੇ-ਭਿੜੇ, ਰੁੱਸੀ ਹੋਵੇ ਜਾਂ ਨਾ ਰੁੱਸੀ ਹੋਵੇ ਪਰ ਉਹ ਆਪਣੇ ਘਰ ਦਾ ਭੇਤ ਕਿਸੇ ਨੂੰ ਨਹੀਂ ਦਿੰਦੀ। ਜੇਕਰ ਪਤੀ ਦਾ ਸੁਭਾਅ ਗੁਸੈਲਾ ਵੀ ਹੋਵੇ ਤਾਂ ਆਪ ਉਸ ਨੂੰ ਆਪਣੇ ਪਤੀ ਉੱਤੇ ਜਿੰਨਾ ਮਰਜ਼ੀ ਗੁੱਸਾ ਆਵੇ। ਗੁੱਸੇ ਵਿੱਚ ਆ ਕੇ ਉਸ ਨੂੰ ਤਾਅਨੇ ਮਿਹਣੇ ਵੀ ਦੇਵੇ ਪ੍ਰੰਤੂ ਦੂਜੇ ਦੇ ਸਾਹਮਣੇ ਉਹ ਉਸ ਦਾ ਪੱਖ ਚੰਗਾ ਹੀ ਪੇਸ਼ ਕਰਦੀ ਹੈ। ਉਸ ਦੀ ਬੁਰਾਈ ਉਸ ਤੋਂ ਬਰਦਾਸ਼ਤ ਨਹੀਂ ਹੁੰਦੀ ਤਾਂ ਹੀ ਤੁਰੰਤ ਮੋੜਵਾਂ ਉੱਤਰ ਦਿੰਦੀ ਹੈ:
ਮੇਰੇ ਲਈ ਤਾਂ ਬੜਾ ਸਿਆਣਾ
ਲੋਕਾਂ ਲਈ ਲੜਾਕੂ।
ਨੀਂ ਟਿੱਕੀਆਂ ਦੇ ਗੁੜ ਵਰਗਾ
ਮੇਰੀ ਗੁਰਬਚਨੋਂ ਦਾ ਬਾਪੂ।
ਪਤੀ-ਪਤਨੀ ਦੀ ਸਾਂਝ ਇੰਨੀ ਪਕੇਰੀ ਹੈ ਕਿ ਜਦੋਂ ਕਿਸੇ ਗੱਲ ਦਾ ਕੋਈ ਸ਼ਿਕਵਾ ਹੋਵੇ ਤਾਂ ਉਹ ਇੱਕ ਦੂਜੇ ਨੂੰ ਨਹੋਰੇ ਵੀ ਦਿੰਦੇ ਹਨ ਕਿਉਂਕਿ ਉਨ੍ਹਾਂ ਦਾ ਇੱਕ ਦੂਜੇ ਉੱਤੇ ਅਧਿਕਾਰ ਹੁੰਦਾ ਹੈ। ਉਹ ਨਹੋਰੇ ਦੇ ਕੇ ਆਪਣੇ ਮਨ ਨੂੰ ਹੌਲਾ ਕਰ ਲੈਂਦੇ ਹਨ। ਜਦੋਂ ਕਿਤੇ ਔਰਤ ਦੀ ਗ਼ੈਰ ਮੌਜੂਦਗੀ ਵਿੱਚ ਉਸ ਨੂੰ ਕੰਮ ਕਰਨਾ ਪੈ ਜਾਵੇ ਤਾਂ ਉਹ ਉਸ ਨੂੰ ਨਹੋਰਾ ਦਿੰਦਾ ਹੈ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ ਜਿਸ ਨੂੰ ਗੀਤਕਾਰ ਆਪਣੇ ਸ਼ਬਦਾਂ ਵਿੱਚ ਇੰਜ ਬਿਆਨ ਕਰਦਾ ਹੈ:
ਆਪੇ ਭੌਰ ਨੇ ਥੱਪੀਆਂ ਰੋਟੀਆਂ
ਆਪੇ ਈ ਦਾਲ ਬਣਾਈ ਨੀਂ।
ਢਲ਼ ਗਏ ਪਰਛਾਵੇਂ
ਕਿਹੜਿਆਂ ਕੰਮਾਂ ’ਚੋਂ ਆਈ ਨੀਂ।
ਔਰਤ ਵੀ ਆਪਣਾ ਪੱਖ ਨਹੋਰੇ ਨਾਲ ਹੀ ਪੇਸ਼  ਕਰਦੀ ਹੈ:
ਉਰਲੇ ਖੇਤ ਵਿੱਚ ਸਰ੍ਹੋਂ ਤੋਰੀਆ
ਪਰਲੇ ਖੇਤ ਵਿੱਚ ਰਾਈ ਵੇ
ਭਰਮਾਂ ਦਿਆ ਪੱਟਿਆ
ਸਾਗ ਤੋੜ ਕੇ ਲਿਆਈ ਵੇ।
ਔਰਤ ਨੂੰ ਆਪਣੇ ਪਤੀ ਉੱਤੇ ਮਾਣ ਹੁੰਦਾ ਹੈ ਕਿ
ਉਸ ਦਾ ਪਤੀ ਸਭ ਤੋਂ ਵੱਧ ਵਫ਼ਾਦਾਰ ਹੈ ਪਰ ਜੇ ਕਿਤੇ ਸ਼ੱਕ ਪੈ ਜਾਵੇ ਤਾਂ ਉਹ ਆਪਣੀ ਸੂਝ-ਬੂਝ ਤੋਂ ਕੰਮ ਲੈਂਦਿਆਂ ਉਸ ਨੂੰ ਸਮਝਦਾਰੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਰੁੱਸਦੀ ਨਹੀਂ ਬਲਕਿ ਉਸ ਦਾ ਦਿਲ ਜਿੱਤਣ ਲਈ ਹਰ ਹਥਕੰਡਾ ਵਰਤਦੀ ਹੈ। ਕਈ ਵਾਰ ਤਾਂ ਉਹ ਬੋਲੀ ਪਾ ਕੇ ਹੀ ਸੁਣਾਉਂਦੀ ਹੈ ਤਾਂ ਕਿ ਹੱਸਦੇ ਹੱਸਦੇ ਗੱਲ ਵੀ ਕਹਿ ਦਿੱਤੀ ਜਾਵੇ ਅਤੇ ਅਗਲਾ ਗੁੱਸਾ ਵੀ ਨਾ ਕਰੇ। ਅਜਿਹੇ ਮੌਕੇ ਉਹ ਇਹ ਬੋਲੀ ਪਾ ਕੇ ਸੁਣਾਉਂਦੀ ਹੈ:
ਟਾਂਡੇ ਚੂਪਦੈਂ ਚਰ੍ਹੀ ਦੇ ਹਾਣੀਆਂ
ਵੇ ਘਰ ’ਚ, ਸੰਧੂਰੀ ਅੰਬੀਆਂ।
ਇਸ ਬੋਲੀ ਦੇ ਅਨੁਸਾਰ ਔਰਤ ਚੋਰੀ ਦੇ ਇਸ਼ਕ ਦਾ ਚਰ੍ਹੀ ਦੇ ਟਾਂਡਿਆਂ ਵਰਗਾ ਸਵਾਦ ਦੱਸਦੀ ਹੈ ਕਿਉਂਕਿ ਚਰ੍ਹੀ ਦੇ ਟਾਂਡੇ ਇੱਖ ਦੇ ਗੰਨੇ ਮੁਕਾਬਲੇ ਬਹੁਤ ਹੀ ਫਿੱਕੇ ਹੁੰਦੇ ਹਨ। ਸੋ ਚੋਰੀ ਦੇ ਇਸ਼ਕ ਦਾ ਮਿਹਣਾ ਅਤੇ ਡਰ ਦੋਵੇਂ ਹੀ ਪੱਖ ਹਨ। ਔਰਤਾਂ ਆਪਣੇ ਪਤੀ ਨਾਲ ਝਗੜਾ ਕਿਸੇ ਖ਼ਾਸ ਗੱਲ ’ਤੇ ਹੀ ਕਰਦੀਆਂ ਹਨ ਪਰ ਝਗੜਾ ਕਰਨ ਤੋਂ ਬਾਅਦ ਉਹ ਇਸ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਵਿੱਚ ਵੀ ਪਹਿਲ ਕਰ ਲੈਂਦੀਆਂ ਹਨ ਅਤੇ ਘਰ ਦੇ ਮਾਹੌਲ ਨੂੰ ਫਿਰ ਤੋਂ ਸਾਵਾਂ ਕਰ ਲੈਂਦੀਆਂ ਹਨ। ਉਨ੍ਹਾਂ ਦੇ ਦੋ ਸ਼ਬਦ ਜੋ ਉਹ ਸਨੇਹ ਨਾਲ ਕਹਿੰਦੀਆਂ ਹਨ, ਪਤੀ ਨੂੰ ਪੱਥਰ ਤੋਂ ਮੋਮ ਬਣਾ ਦਿੰਦੇ ਹਨ:
ਤੂੰ ਗੜਬਾ
ਮੈਂ ਤੇਰੀ ਡੋਰ ਵੇ ਮਾਹੀਆ।
ਤੇਰਾ ਮੇਰਾ ਝਗੜਾ
ਹੋਰ ਵੇ ਮਾਹੀਆ।
ਸਮਾਜ ਦੇ ਇਸ ਰਿਸ਼ਤੇ ਵਿੱਚ ਅਨੇਕਾਂ ਰਿਸ਼ਤੇ ਸਮਾਏ ਹੋਏ ਹਨ। ਇਸ ਰਿਸ਼ਤੇ ਵਿੱਚ ਬਖੇੜਾ ਪੈਣਾ ਸਮਾਜ ਅਤੇ ਪਰਿਵਾਰ ਲਈ ਖ਼ਤਰਨਾਕ ਸਿੱਧ ਹੁੰਦਾ ਹੈ। ਪੀੜ੍ਹੀਆਂ ਇਸ ਰਿਸ਼ਤੇ ਦੇ ਆਧਾਰ ’ਤੇ ਹੀ ਵਧਦੀਆਂ ਹਨ। ਦੋ ਜਣਿਆਂ ਨੂੰ ਪਤੀ-ਪਤਨੀ ਦੇ ਰੂਪ ਵਿੱਚ ਬੰਨ੍ਹਣ ਲਈ ਅਜਿਹੀ ਰੀਤ ਬਹੁਤ ਹੀ ਮਹੱਤਵਪੂਰਨ ਹੈ। ਸਮਾਜ ਰੂਪੀ ਸੰਸਥਾ ਇਸ ਸ਼ੁਭ ਕਾਰਜ ਨੂੰ ਲਾਗੂ ਕਰਨ ਵਿੱਚ ਸਦੀਵੀ ਸਹਾਈ ਹੋ ਚੁੱਕੀ ਹੈ।
ਸੰਪਰਕ: 94178-40323

Advertisement

Advertisement
Advertisement
Author Image

Advertisement