‘ਖੇਲ ਰਤਨ’ ਲਈ ਨਾਮਜ਼ਦਗੀ ਦਾਖ਼ਲ ਕਰਦਿਆਂ ਮੇਰੇ ਕੋਲੋਂ ਗਲਤੀ ਹੋਈ: ਮਨੂ
ਨਵੀਂ ਦਿੱਲੀ, 24 ਦਸੰਬਰ
ਪੈਰਿਸ ਓਲੰਪਿਕ ਵਿੱਚ ਦੋ ਕਾਂਸੇ ਦੇ ਤਗ਼ਮੇ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੇ ‘ਖੇਲ ਰਤਨ ਪੁਰਸਕਾਰ’ ਜੇਤੂਆਂ ਦੀ ਸੂਚੀ ’ਚੋਂ ਬਾਹਰ ਰੱਖੇ ਜਾਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਅੱਜ ਮੰਨਿਆ ਕਿ ਇਸ ਸਾਲ ਦੇ ਕੌਮੀ ਖੇਡ ਪੁਰਸਕਾਰਾਂ ਲਈ ਨਾਮਜ਼ਦਗੀ ਦਾਖਲ ਕਰਨ ਸਮੇਂ ਉਸ ਤੋਂ ਕੁਝ ਗਲਤੀ ਹੋਈ ਹੈ। ਖੇਡ ਮੰਤਰਾਲੇ ਨੇ ਨੁਕਸਾਨ ਦੀ ਪੂਰਤੀ ਲਈ ਕਦਮ ਚੁੱਕਦਿਆਂ ਕਿਹਾ ਸੀ ਕਿ ਪੁਰਸਕਾਰ ਲਈ ਨਾਮਜ਼ਦਗੀਆਂ ਦੀ ਸੂਚੀ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਗਿਆ। ਇਸ ਤੋਂ ਇੱਕ ਦਿਨ ਬਾਅਦ 22 ਸਾਲਾ ਸਟਾਰ ਪਿਸਟਲ ਨਿਸ਼ਾਨੇਬਾਜ਼ ਨੇ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ।
ਮਨੂ ਨੇ ਇਸ ਸਬੰਧੀ ਐਕਸ ’ਤੇ ਲਿਖਿਆ,‘ਖੇਲ ਰਤਨ ਪੁਰਸਕਾਰ ਲਈ ਮੇਰੀ ਨਾਮਜ਼ਦਗੀ ਨੂੰ ਲੈ ਕੇ ਚੱਲ ਰਹੇ ਮੁੱਦੇ ਸਬੰਧੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਖਿਡਾਰਨ ਵਜੋਂ ਮੇਰੀ ਭੂਮਿਕਾ ਦੇਸ਼ ਲਈ ਖੇਡਣਾ ਹੈ।’ ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਨਾਮਜ਼ਦਗੀ ਦਾਖਲ ਕਰਦਿਆਂ ਸ਼ਾਇਦ ਮੇਰੇ ਵੱਲੋਂ ਹੀ ਕੋਈ ਗਲਤੀ ਹੋਈ ਹੈ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ।’ ਹਰਿਆਣਾ ਦੀ ਨਿਸ਼ਾਨੇਬਾਜ਼ ਨੇ ਕਿਹਾ ਕਿ ਉਸ ਦਾ ਟੀਚਾ ਦੇਸ਼ ਲਈ ਪ੍ਰਦਰਸ਼ਨ ਕਰਨਾ ਹੈ ਅਤੇ ਇਸ ਵਿੱਚ ਬਦਲਾਅ ਨਹੀਂ ਆਵੇਗਾ, ਚਾਹੇ ਉਸ ਨੂੰ ਪੁਰਸਕਾਰ ਮਿਲੇ ਜਾਂ ਨਾ।
ਮਨੂ ਨੇ ਕਿਹਾ, ‘ਪੁਰਸਕਾਰ ਮੈਨੂੰ ਪ੍ਰੇਰਿਤ ਕਰਦੇ ਹਨ ਪਰ ਇਹ ਮੇਰਾ ਟੀਚਾ ਨਹੀਂ ਹੈ।’ ਇਸ ਤੋਂ ਪਹਿਲਾਂ ਉਸ ਦੇ ਨਿੱਜੀ ਕੋਚ ਜਸਪਾਲ ਰਾਣਾ ਆਤੇ ਪਿਤਾ ਰਾਮਕਿਸ਼ਨ ਭਾਕਰ ਨੇ ਖੇਡ ਮੰਤਰਾਲੇ ਅਤੇ ਚੋਣ ਕਮੇਟੀ ’ਤੇ ਮਨੂ ਭਾਕਰ ਨੂੰ ਖੇਲ ਪੁਰਸਕਾਰ ਲਈ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਸੀ। -ਪੀਟੀਆਈ
ਹਾਕੀ ਕਪਤਾਨ ਹਰਮਨਪ੍ਰੀਤ ਨੂੰ ਮਿਲ ਸਕਦੈ ‘ਖੇਲ ਰਤਨ’
ਭਰੋਸੇਯੋਗ ਸੂਤਰਾਂ ਤੋਂ ਪੱਤਾ ਲੱਗਾ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਹਾਈ ਜੰਪਰ ਪ੍ਰਵੀਨ ਕੁਮਾਰ ਨੂੰ ਖੇਲ ਰਤਨ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ 30 ਅਰਜੁਨ ਪੁਰਸਕਾਰ ਜੇਤੂਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ’ਚ 17 ਪੈਰਾ ਖਿਡਾਰੀਆਂ ਦੇ ਹਨ।