ਮੈਂ ਕੰਗਨਾ ਦੇ ਕਿਸਾਨ ਧਰਨੇ ਪ੍ਰਤੀ ਬਿਆਨ ’ਤੇ ਤੁਰੰਤ ਨਰਾਜ਼ਗੀ ਜਤਾਈ ਸੀ: ਹਰਜੀਤ ਗਰੇਵਾਲ
ਚੰਡੀਗੜ੍ਹ, 2 ਸਤੰਬਰ
ਭਾਜਪਾ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਦਿੱਤੇ ਬਿਆਨ ’ਤੇ ਤੁਰੰਤ ਨਰਾਜ਼ਗੀ ਜ਼ਾਹਰ ਕੀਤੀ ਸੀ। ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕੇਂਦਰੀ ਮੰਤਰੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਫੋਨ 'ਤੇ ਗੱਲ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ਼ ਸੰਸਦ ਮੈਂਬਰ ਬਣ ਕੇ ਹੀ ਕੋਈ ਆਗੂ ਨਹੀਂ ਬਣ ਜਾਂਦਾ। ਪਾਰਟੀ ਦੀ ਵਿਚਾਰਧਾਰਾ ਨਾਲ ਜੁੜਣਾ ਇੱਕ ਦਿਨ ਵਿੱਚ ਨਹੀਂ ਹੁੰਦਾ, ਮੈਂ 35 ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਵਿੱਚ ਹਾਂ। ਉਨ੍ਹਾਂ ਦੱਸਿਆ ਕਿ ਜਦੋਂ ਉਸ (ਕੰਗਨਾ) ਨੇ ਬਿਆਨ ਦਿੱਤਾ ਤਾਂ ਮੈਂ ਤੁਰੰਤ ਪ੍ਰਤੀਕਿਰਿਆ ਦਿੱਤੀ, ਉਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਭਾਜਪਾ ਨੇ ਕੰਗਨਾ ਦੀ ਵਿਵਾਦਿਤ ਟਿੱਪਣੀ ਦੀ ਆਲੋਚਨਾ ਕੀਤੀ ਅਤੇ ਉਸ ਦੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟਾਈ। ਭਾਜਪਾ ਨੇ ਸਪੱਸ਼ਟ ਕੀਤਾ ਸੀ ਕਿ ਉਸ ਨੂੰ ਪਾਰਟੀ ਦੇ ਨੀਤੀਗਤ ਮਾਮਲਿਆਂ 'ਤੇ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਉਹ ਅਜਿਹਾ ਕਰਨ ਲਈ ਅਧਿਕਾਰਤ ਹੈ।
ਗਰੇਵਾਲ ਨੇ ਕਿਹਾ ਕਿ ਕੰਗਨਾ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਬਾਰੇ ਫ਼ੈਸਲਾ ਸੈਂਸਰ ਬੋਰਡ ਨੇ ਲੈਣਾ ਹੈ, ਉਹ ਫਿਲਮ ਨੂੰ ਪਾਸ ਕਰੇ ਜਾਂ ਨਾ। ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। -ਪੀਟੀਆਈ
Kangana Ranaut