ਪੇਪਰ ਮਿੱਲ ਦੇ ਲੱਗਣ ਨਾਲ ਮੇਰਾ ਕੋਈ ਸਬੰਧ ਨਹੀਂ: ਚਰਨਜੀਤ ਚੰਨੀ
ਸੰਜੀਵ ਬੱਬੀ
ਚਮਕੌਰ ਸਾਹਿਬ, 14 ਮਈ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਨਜ਼ਦੀਕੀ ਪਿੰਡ ਧੌਲਰਾਂ ਦੀ ਜ਼ਮੀਨ ਵਿਚ ਲੱਗਣ ਵਾਲੀ ਪੇਪਰ ਮਿੱਲ ਦੇ ਸਬੰਧ ਵਿਚ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਦਾ ਬਾਰੇ ਆਪਣਾ ਪੱਖ ਪੇਸ਼ ਕੀਤਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਇਲਾਕੇ ਦੇ ਲੋਕਾਂ ਨਾਲ ਖੜ੍ਹਾਂ ਹਾਂ ਅਤੇ ਹੁਣ ਵੀ ਇਲਾਕੇ ਦੇ ਲੋਕ ਜੋ ਕਹਿਣਗੇ ਉਸੇ ਤਰ੍ਹਾਂ ਹੀ ਹੋਵੇਗਾ।
ਸ੍ਰੀ ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਇਲਾਕਾ ਵਾਤਾਵਰਨ ਪੱਖੋ ਬਹੁਤ ਸਾਫ ਸੁਥਰਾ ਹੈ ਅਤੇ ਕਿਸੇ ਨੂੰ ਵੀ ਇੱਥੋਂ ਦੇ ਵਾਤਾਵਰਨ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਮੌਕੇ ਉਨ੍ਹਾਂ ਦੇ ਮੁੱਖ ਮੰਤਰੀ ਬਨਣ ਤੋਂ ਪਹਿਲਾਂ ਦੇ ਸਮੇਂ ਦੌਰਾਨ ਪੇਪਰ ਮਿੱਲ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਸੀ ਅਤੇ ਇਸ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਸ੍ਰੀ ਚੰਨੀ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਰੋਧੀਆਂ ਦੇ ਗੁਮਰਾਹਕੁੰਨ ਪ੍ਰਚਾਰ ਤੇ ਵਿਸ਼ਵਾਸ ਨਾ ਕਰਨ, ਉਹ ਇਲਾਕੇ ਦੇ ਲੋਕਾਂ ਨਾਲ ਹਮੇਸ਼ਾ ਖੜ੍ਹੇ ਹਨ।