ਮੈਂ ਕਈ ਵਾਰ ਬਾਥਰੂਮ ’ਚ ਰੋਇਆ ਹਾਂ: ਸ਼ਾਹਰੁਖ ਖ਼ਾਨ
ਦੁਬਈ:
ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅੱਜ ਇੱਥੇ ਗਲੋਬਲ ਫਰੇਟ ਸਮਿਟ ’ਚ ਸ਼ਾਮਲ ਹੋਏ, ਜਿਸ ’ਚ ਉਨ੍ਹਾਂ ਆਪਣੇ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਦਾ ਤਜਰਬਾ ਸਾਂਝਾ ਕੀਤਾ। ਇਸ ਦੌਰਾਨ ਸ਼ਾਹਰੁਖ ਨੇ ਨਾ ਸਿਰਫ਼ ਆਪਣੀ ਪ੍ਰਸਿੱਧੀ ਬਾਰੇ ਗੱਲਬਾਤ ਕੀਤੀ, ਸਗੋਂ ਇਹ ਵੀ ਦੱਸਿਆ ਕਿ ਉਨ੍ਹਾਂ ਅਸਫ਼ਲਤਾਵਾਂ ਨਾਲ ਕਿਸ ਤਰ੍ਹਾਂ ਨਜਿੱਠਿਆ ਹੈ। ਲੋਕਾਂ ਨੂੰ ਆਪਣੀ ਹਾਰ ’ਤੇ ਧਿਆਨ ਦੇਣ ਦੀ ਬਜਾਏ ਆਤਮ-ਪੜਚੋਲ ਕਰਨ ਦੀ ਅਪੀਲ ਕਰਦਿਆਂ ਸ਼ਾਹਰੁਖ ਨੇ ਕਿਹਾ, ‘‘ਜਦੋਂ ਤੁਸੀਂ ਅਸਫ਼ਲ ਹੁੰਦੇ ਹੋ ਤਾਂ ਤੁਹਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਤੁਹਾਡਾ ਉਤਪਾਦ, ਸੇਵਾ ਜਾਂ ਨੌਕਰੀ ਗਲਤ ਹੈ। ਸ਼ਾਇਦ ਤੁਸੀਂ ਉੱਥੋਂ ਦੇ ਈਕੋਸਿਸਟਮ ਨੂੰ ਗਲਤ ਸਮਝਿਆ ਹੋਵੇ, ਜਿੱਥੇ ਤੁਸੀਂ ਕੰਮ ਕਰ ਰਹੇ ਹੋ। ਤੁਹਾਨੂੰ ਸਮਝਣਾ ਹੋਵੇਗਾ ਕਿ ਲੋਕ ਕਿਸ ਤਰ੍ਹਾਂ ਪ੍ਰਤੀਕਿਰਿਆ ਦੇ ਰਹੇ ਹਨ।’ ਇਸ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਦੇ ਆਪਣੇ ਕੰਮ ਦੀ ਆਲੋਚਨਾ ਕਰਦਾ ਹੈ ਤਾਂ ਸ਼ਾਹਰੁਖ ਨੇ ਕਿਹਾ, ‘‘ਹਾਂ ਮੈਂ ਕਰਦਾ ਹਾਂ। ਮੈਂ ਕਈ ਵਾਰ ਬਾਥਰੂਮ ਵਿੱਚ ਰੋਇਆ ਹਾਂ। ਮੈਂ ਇਹ ਕਿਸੇ ਨੂੰ ਦਿਖਾਉਂਦਾ ਨਹੀਂ। ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਦੁਨੀਆਂ ਤੁਹਾਡੇ ਵਿਰੁੱਧ ਨਹੀਂ ਹੈ। ਜੇ ਤੁਹਾਡੀ ਫਿਲਮ ਗਲਤ ਹੋਈ ਹੈ ਤਾਂ ਇਹ ਤੁਹਾਡੇ ਜਾਂ ਕਿਸੇ ਸਾਜ਼ਿਸ਼ ਕਾਰਨ ਨਹੀਂ ਹੈ। ਤੁਹਾਨੂੰ ਮੰਨਣਾ ਪਵੇਗਾ ਕਿ ਤੁਸੀਂ ਇਸ ਨੂੰ ਠੀਕ ਨਹੀਂ ਬਣਾਇਆ ਅਤੇ ਫਿਰ ਤੁਹਾਨੂੰ ਅੱਗੇ ਵਧਣਾ ਪਵੇਗਾ’’। ਉਨ੍ਹਾਂ ਹਾਰ ਤੋਂ ਅੱਗੇ ਵਧ ਕੇ ਸਿੱਖਣ ’ਤੇ ਵੀ ਜ਼ੋਰ ਦਿੱਤਾ। -ਏਐੱਨਆਈ