For the best experience, open
https://m.punjabitribuneonline.com
on your mobile browser.
Advertisement

ਮੈਂ ‘ਬੰਬੇ ਮੱਲ੍ਹਮ’ ਵਾਂਗ ਫੌਰੀ ਅਸਰ ਕਰਦਾ ਹਾਂ: ਰਾਜਾ ਵੜਿੰਗ

08:00 AM May 08, 2024 IST
ਮੈਂ ‘ਬੰਬੇ ਮੱਲ੍ਹਮ’ ਵਾਂਗ ਫੌਰੀ ਅਸਰ ਕਰਦਾ ਹਾਂ  ਰਾਜਾ ਵੜਿੰਗ
ਜਗਰਾਉਂ ’ਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦੇ ਹੋਏ ਰਾਜਾ ਵੜਿੰਗ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਮਈ
ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਹ ਪਹਿਲੇ ਸਮੇਂ ’ਚ ਵਿਕਦੀ ‘ਬੰਬੇ ਮੱਲ੍ਹਮ’ ਵਰਗੇ ਹਨ ਜਿਹੜਾ ਹਰ ਤਰ੍ਹਾਂ ਦੇ ਜ਼ਖ਼ਮ ’ਤੇ ਫੌਰੀ ਅਸਰ ਕਰਦਾ ਹੁੰਦਾ ਸੀ। ਉਨ੍ਹਾਂ ਦੀ ਵੀ ਜਦੋਂ ਲੋਕਾਂ ਨੂੰ ਲੋੜ ਪਵੇਗੀ ਤਾਂ ਉਹ ਅੱਧੀ ਰਾਤ ਨੂੰ ਵੀ ਲੋਕਾਂ ਦੀ ਸੇਵਾ ’ਚ ਹਾਜ਼ਰ ਹੋਣਗੇ। ਉਹ ਜਗਰਾਉਂ ਦੇ ਵਾਰਡ ਨੰਬਰ ਛੇ, ਇਕ ਅਤੇ ਗਿਆਰਾਂ ’ਚ ਚੋਣ ਜਲਸਿਆਂ ਦੌਰਾਨ ਸੰਬੋਧਨ ਕਰ ਰਹੇ ਸਨ। ਵਾਰਡ ਨੰਬਰ ਛੇ ’ਚ ਕਾਂਗਰਸੀ ਕੌਂਸਲਰ ਜਰਨੈਲ ਸਿੰਘ ਲੋਹਟ ਨੇ ਭਰਵਾਂ ਇਕੱਠ ਕੀਤਾ। ਇਸੇ ਤਰ੍ਹਾਂ ਇਕ ਨੰਬਰ ਵਾਰਡ ’ਚ ਮਹਿਲਾ ਕੌਂਸਲਰ ਗੁਰਪ੍ਰੀਤ ਕੌਰ ਤਤਲਾ ਅਤੇ ਗਿਆਰਾਂ ਨੰਬਰ ’ਚ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਨੇ ਚੋਣ ਜਲਸਾ ਕਰਵਾਇਆ। ਇਸ ਸਮੇਂ ਰਾਜਾ ਵੜਿੰਗ ਦੀ ਧੀ ਏਕਮ ਵੜਿੰਗ ਅਤੇ ਪੁੱਤਰ ਅਮਾਨ ਵੜਿੰਗ ਵੀ ਹਾਜ਼ਰ ਰਹੇ। ਰਾਜਾ ਵੜਿੰਗ ਨੇ ਆਖਿਆ ਕਿ ਉਨ੍ਹਾਂ ਦੀ ਮਾਂ ਨੇ ਲਾਡ ’ਚ ਰਾਜਾ ਨਾਂ ਜ਼ਰੂਰ ਰੱਖਿਆ ਪਰ ਉਹ ਇਕ ਸਾਧਾਰਨ ਜਿਹੇ ਪਰਿਵਾਰ ’ਚੋਂ ਹਨ। ਉਨ੍ਹਾਂ ਨੇ ਚੋਣ ਜਲਸਿਆਂ ਦੌਰਾਨ ਜਿੱਤ ਕੇ ਸੰਸਦ ’ਚ ਪੰਜਾਬ ਦੀ ਆਵਾਜ਼ ਚੁੱਕਣ ਅਤੇ ਲੋਕਾਂ ਦੇ ਹੱਕ ਦੀ ਗੱਲ ਕਰਨ ਦਾ ਭਰੋਸਾ ਦਿੱਤਾ। ਭਰਵੇਂ ਇਕੱਠ ਲਈ ਉਨ੍ਹਾਂ ਕੌਂਸਲਰ ਜਰਨੈਲ ਸਿੰਘ ਲੋਹਟ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰੀਤਮ ਸਿੰਘ ਅਖਾੜਾ, ਕਾਮਰੇਡ ਰਵਿੰਦਰਪਾਲ ਰਾਜੂ, ਪ੍ਰਸ਼ੋਤਮ ਲਾਲ ਖ਼ਲੀਫਾ, ਜਤਿੰਦਰਪਾਲ ਰਾਣਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਗੋਪਾਲ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×