ਮੈਨੂੰ ਰਾਜਨੀਤੀ ’ਚ 35 ਸਾਲ ਦਾ ਤਜਰਬਾ: ਪ੍ਰਿਯੰਕਾ
ਵਾਇਨਾਡ, 23 ਅਕਤੂਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਵਾਇਨਾਡ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕਰਕੇ ਆਪਣੀ ਚੋਣ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਇਸ ਮੌਕੇ ਕਿਹਾ ਕਿ ਉਨ੍ਹਾਂ ਰਾਜਨੀਤੀ ’ਚ 35 ਸਾਲ ਦਾ ਤਜਰਬਾ ਹੈ ਕਿਉਂਕਿ ਉਹ 1989 ’ਚ ਆਪਣੇ ਪਿਤਾ ਰਾਜੀਵ ਗਾਂਧੀ ਨਾਲ 17 ਸਾਲ ਦੀ ਉਮਰ ’ਚ ਪਹਿਲੀ ਵਾਰ ਚੋਣ ਪ੍ਰਚਾਰ ’ਚ ਸ਼ਾਮਲ ਹੋਈ ਸੀ। ਇਸ ਦੌਰਾਨ ਉਨ੍ਹਾਂ ਸ਼ਹਿਰ ’ਚ ਰੋਡ ਸ਼ੋਅ ਵੀ ਕੀਤਾ।
ਵਾਇਨਾਡ ਲੋਕ ਸਭਾ ਉਪ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਕਲਪੇਟਾ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ 1989 ’ਚ ਆਪਣੇ ਪਿਤਾ ਰਾਜੀਵ ਗਾਂਧੀ ਨਾਲ ਚੋਣ ਪ੍ਰਚਾਰ ’ਚ ਸ਼ਾਮਲ ਹੋਈ ਸੀ। ਉਸ ਮਗਰੋਂ 35 ਸਾਲਾਂ ’ਚ ਉਨ੍ਹਾਂ ਆਪਣੀ ਮਾਂ ਸੋਨੀਆ ਗਾਂਧੀ, ਭਰਾ ਰਾਹੁਲ ਗਾਂਧੀ ਤੇ ਪਾਰਟੀ ਦੇ ਹੋਰ ਸਹਿਯੋਗੀਆਂ ਲਈ ਪ੍ਰਚਾਰ ਕੀਤਾ ਹੈ।
ਪ੍ਰਿਯੰਕਾ ਗਾਂਧੀ ਦੇ ਭਾਸ਼ਣ ਦੌਰਾਨ ਮੰਚ ’ਤੇ ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਕਾਂਗਰਸ ਦੀ ਜਨਰਲ ਸਕੱਤਰ ਨੇ ਇਹ ਵੀ ਕਿਹਾ ਕਿ ਉਹ ਵਾਇਨਾਡ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਉਮੀਦਵਾਰ ਬਣਾਏ ਜਾਣ ’ਤੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਇਸ ਮਗਰੋਂ ਪ੍ਰਿਯੰਕਾ ਨੇ ਰਾਹੁਲ ਗਾਂਧੀ ਨਾਲ ਕਲਪੇਟਾ ਸਥਿਤ ਨਵੇਂ ਬੱਸ ਅੱਡੇ ਤੋਂ ਰੋਡ ਸ਼ੋਅ ਦੀ ਅਗਵਾਈ ਕੀਤੀ। ਰੋਡ ਸ਼ੋਅ ਦੌਰਾਨ ਪ ੍ਰਿਯੰਕਾ ਦੇ ਪਤੀ ਰਾਬਰਟ ਵਾਡਰਾ ਅਤੇ ਕਾਂਗਰਸ ਦੇ ਆਈਯੂਐੱਮਐੱਲ ਦੇ ਨੇਤਾ ਵੀ ਸ਼ਾਮਲ ਸਨ। -ਪੀਟੀਆਈ
ਪ੍ਰਿਯੰਕਾ ਦੇ ਜਿੱਤਣ ਨਾਲ ਵਾਇਨਾਡ ਦੇ ਦੋ ਸੰਸਦ ਮੈਂਬਰ ਹੋਣਗੇ: ਰਾਹੁਲ
ਵਾਇਨਾਡ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਵਾਇਨਾਡ ਤੋਂ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੇ ਜਿੱਤਣ ਮਗਰੋਂ ਇਹ ਦੇਸ਼ ਦਾ ਇੱਕੋ-ਇੱਕ ਚੋਣ ਹਲਕਾ ਹੋਵੇਗਾ, ਜਿਸ ਦੇ ਇੱਕ ਨਹੀਂ ਬਲਕਿ ਦੋ ਸੰਸਦ ਮੈਂਬਰ ਹੋਣਗੇ। ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਵਾਇਨਾਡ ਤੋਂ ਅਧਿਕਾਰਤ ਸੰਸਦ ਮੈਂਬਰ ਹੋਵੇਗੀ ਜਦਕਿ ਉਹ ਗ਼ੈਰ-ਰਸਮੀ ਤੌਰ ’ਤੇ ਸੰਸਦ ਮੈਂਬਰ ਹੋਣਗੇ। -ਪੀਟੀਆਈ