ਮੈਂ ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਅਦਾਕਾਰੀ ਚੁਣੀ: ਨਿਮਰਤ ਕੌਰ
ਨਵੀਂ ਦਿੱਲੀ: ਅਦਾਕਾਰਾ ਨਿਮਰਤ ਕੌਰ ਦਾ ਕਹਿਣਾ ਹੈ ਉਸ ਨੇ ਆਪਣੇ ਅੰਦਰਲੇ ‘ਬੱਚੇ’ ਦੇ ਸੰਪਰਕ ਵਿੱਚ ਰਹਿਣ ਅਤੇ ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਅਦਾਕਾਰੀ ਨੂੰ ਪੇਸ਼ੇ ਵਜੋਂ ਚੁਣਿਆ ਹੈ। ਉਸ ਨੇ ਆਖਿਆ ਕਿ ਅਦਾਕਾਰਾ ਵਜੋਂ ਜ਼ਿੰਦਗੀ ਜਿਊਣਾ ਕਿਸੇ ਸੁਫਨੇ ਤੋਂ ਘੱਟ ਨਹੀਂ ਹੈ, ਕਿਉਂਕਿ ਇਹ ਰੋਜ਼ਾਨਾ ਅੱਗੇ ਵਧਦੀ ਹੈ। ਅਦਾਕਾਰਾ ਨਿਮਰਤ ਕੌਰ ਨੇ ਖ਼ਬਰ ਏਜੰਸੀ ‘ਪੀਟੀਆਈ’ ਨਾਲ ਗੱਲਬਾਤ ਕਰਦਿਆਂ ਆਖਿਆ,”ਇਹ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਸੀ। ਮੈਂ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਕੰਮ ਦੀ ਯੋਜਨਾ ਨਹੀਂ ਬਣਾਈ। ਮੈਂ ਆਪਣੀ ਜ਼ਿੰਦਗੀ ਨੂੰ ਦਿਲਚਸਪ ਬਣਾਉਣ ਲਈ ਰੋਜ਼ਾਨਾ ਕੁਝ ਨਾ ਕੁਝ ਨਵਾਂ ਕਰਨਾ ਚਾਹੁੰਦੀ ਹਾਂ। ਮੈਂ ਹੱਸਮੁਖ ਬੰਦਿਆਂ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੀ ਹਾਂ ਅਤੇ ਉਨ੍ਹਾਂ ਕੋਲੋਂ ਸਿੱਖਦੀ ਰਹਿਣਾ ਚਾਹੁੰਦੀ ਹਾਂ।” ਜਾਣਕਾਰੀ ਅਨੁਸਾਰ ਨਿਮਰਤ ਕੌਰ ਨੇ ਮਾਡਲ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਸਾਲ 2005 ਵਿੱਚ ਗਾਇਕ ਕੁਮਾਰ ਸਾਨੂੰ ਦੇ ਗੀਤ ‘ਤੇਰਾ ਮੇਰਾ ਪਿਆਰ’ ਵਿੱਚ ਅਦਾਕਾਰੀ ਕਰਨ ਤੋਂ ਲੈ ਕੇ ਹੁਣ ਤੱਕ ਉਹ ਆਪਣੇ ਚਾਹੁਣ ਵਾਲਿਆਂ ਦੇ ਚੇਤਿਆਂ ਵਿੱਚ ਇਕ ਜ਼ਿੰਦਾਦਿਲ ਕੁੜੀ ਵਜੋਂ ਵਸੀ ਹੋਈ ਹੈ। ਫ਼ਿਲਮ ‘ਦਿ ਲੰਚਬੌਕਸ’ ਵਿਚਲੇ ਕਿਰਦਾਰ ਦੀ ਮਕਬੂਲੀਅਤ ਮਗਰੋਂ ਅਦਾਕਾਰਾ ਦੇ ਕਰੀਅਰ ਵਿੱਚ ਨਵਾਂ ਮੋੜ ਆਇਆ। ਅਦਾਕਾਰਾ ਨੇ ਆਖਿਆ,”ਮੇਰੇ ਅੰਦਰਲੇ ‘ਬੱਚੇ’ ਨਾਲ ਜੁੜਿਆ ਰਹਿਣਾ ਮੈਨੂੰ ਤਰੋ-ਤਾਜ਼ਾ ਰੱਖਦਾ ਹੈ। ਮੈਂ ਹਮੇਸ਼ਾ ਇਹ ਯਕੀਨੀ ਬਣਾਉਂਦੀ ਹਾਂ ਕਿ ਜਿਹੜੇ ਅਜਿਹੇ ਲੋਕ ਹਨ, ਉਨ੍ਹਾਂ ਨਾਲ ਜੁੜੀ ਰਹਾਂ। ਮੈਂ ਬਹੁਤ ਜਗਿਆਸੂ ਹਾਂ। ਮੈਂ ਸਾਹਸੀ ਕੰਮ ਕਰਨਾ ਚਾਹੁੰਦੀ ਹਾਂ।” -ਪੀਟੀਆਈ