For the best experience, open
https://m.punjabitribuneonline.com
on your mobile browser.
Advertisement

ਮੈਂ ਤੇਰਾ ਪੁੱਤ ਹਾਂ ਬਾਪੂ !

12:27 PM Jul 14, 2024 IST
ਮੈਂ ਤੇਰਾ ਪੁੱਤ ਹਾਂ ਬਾਪੂ
Advertisement

ਜਗਜੀਤ ਸਿੰਘ ਲੋਹਟਬੱਦੀ

ਕਥਾ ਪ੍ਰਵਾਹ

ਸੰਘਣੀ ਬੱਦਲਵਾਈ ਬਣੀ ਹੋਈ ਸੀ। ਸੁੱਕੀ ਠੰਢ ਨੇ ਲੋਕਾਈ ਘਰੀਂ ਕੈਦ ਕਰ ਰੱਖੀ ਸੀ। ਲੱਗਦਾ ਸੀ ਕਿ ਮੀਂਹ ਦੇ ਛਰਾਟਿਆਂ ਨਾਲ ਸਰਦ ਮੌਸਮ ਤੋਂ ਥੋੜ੍ਹੀ ਰਾਹਤ ਮਿਲੇਗੀ। ਪਰਿਵਾਰ ਦੇ ਚਿਹਰਿਆਂ ਦੀ ਉਦਾਸੀ ਵੀ ਅੰਦਰਲੇ ਮਨਾਂ ਦੇ ਮੌਸਮ ਨੂੰ ਬਿਆਨ ਕਰ ਰਹੀ ਸੀ।
ਟੈਕਸੀ ਘਰ ਅੱਗੇ ਆ ਕੇ ਰੁਕ ਗਈ। ਸੰਗਰਾਮ ਨੇ ਕੈਨੇਡਾ ਜਾਣਾ ਸੀ। ਯੂਨੀਵਰਸਿਟੀ ਆਫ ਰੀਜਾਇਨਾ ਦੇ ਬਿਜ਼ਨਸ ਮੈਨੇਜਮੈਂਟ ਕੋਰਸ ਵਿੱਚ ਦਾਖਲਾ ਮਿਲਿਆ ਸੀ, ਜਨਵਰੀ ਬੈਚ ਲਈ। ਮਾਂ ਪਿਉ ਨੂੰ ਇਸ ਉਮਰੇ ਛੱਡ ਕੇ ਜਾਣ ਦਾ ਉੱਕਾ ਮਨ ਨਹੀਂ ਸੀ ਉਸ ਦਾ, ਪਰ ਬਾਪੂ ਦੇ ਤਰਲੇ ਅੱਗੇ ਉਸ ਦੀ ਜ਼ਿੱਦ ਮੱਠੀ ਪੈ ਗਈ ਸੀ। ਬਲਵੰਤ ਸਿੰਘ ਨਹੀਂ ਸੀ ਚਾਹੁੰਦਾ ਕਿ ਅਗਲੀ ਪੀੜ੍ਹੀ ਵੀ ਜ਼ਿੰਦਗੀ ਦੀਆਂ ਬੇਰਹਿਮ ਠੋਕਰਾਂ ਝੱਲਦੀ ਰਹੇ। ਦਾਖਲਾ ਮਿਲਣ ’ਤੇ ਘਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ। ਆਉਣ ਵਾਲਾ ਸਮਾਂ ਚੰਗਾ ਹੋਣ ਦੀ ਕਾਮਨਾ ਕਰਦਿਆਂ ਹੀ ਬਾਹਰਲੇ ਮੁਲਕ ਜਾਣ ਦਾ ਫ਼ੈਸਲਾ ਲਿਆ ਸੀ, ਨਹੀਂ ਤਾਂ ਰੋਟੀ ਪਾਣੀ ਤਾਂ ਚੱਲੀ ਜਾ ਰਿਹਾ ਸੀ।
ਡਰਾਈਵਰ ਨੇ ਸਮਾਨ ਗੱਡੀ ਵਿੱਚ ਚਿਣ ਦਿੱਤਾ। ਵੱਡੀਆਂ ਭੈਣਾਂ ਨੇ ਨਮ ਅੱਖਾਂ ਨਾਲ ਛੋਟੇ ਵੀਰ ਨੂੰ ਰੱਜਵਾਂ ਪਿਆਰ ਦਿੱਤਾ। ਮਾਂ ਨੇ ਵੀ ਭਰੇ ਮਨ ਨਾਲ ਸਿਰ ਪਲੋਸ ਕੇ ਸ਼ਗਨ ਝੋਲੀ ਪਾਇਆ। ਬਲਵੰਤ ਸਿਹੁੰ ਨੇ ਸੰਗਰਾਮ ਨੂੰ ਜੱਫੀ ਵਿੱਚ ਘੁੱਟਣ ਵੇਲੇ ਮੂੰਹ ਦੂਜੇ ਪਾਸੇ ਕਰ ਅੱਖਾਂ ਪੂੰਝ ਲਈਆਂ ਸਨ, “ਪੁੱਤ, ਰਸਤੇ ਵਿੱਚੋਂ ਫੋਨ ਕਰਦਾ ਰਹੀਂ... ਸਾਨੂੰ ਬੇਫ਼ਿਕਰੀ ਰਹੂਗੀ...।”
ਟੈਕਸੀ ਜੀ.ਟੀ. ਰੋਡ ’ਤੇ ਦੌੜੀ ਜਾ ਰਹੀ ਸੀ ਅਤੇ ਨਾਲ ਹੀ ਦੌੜ ਰਹੀਆਂ ਸਨ ਸੰਗਰਾਮ ਦੇ ਮਨ ਦੀਆਂ ਤਰੰਗਾਂ। ਦਾਦੀ ਧੰਨ ਕੁਰ ਦੱਸਦੀ ਹੁੰਦੀ ਸੀ: ਪਿੰਡ ਵਿੱਚ ਆਪਣਾ ਕਹਿੰਦਾ ਕਹਾਉਂਦਾ ’ਕਾਲੀਆਂ ਕਾ ਲਾਣਾ ਵੱਜਦਾ ਸੀ। ਜਥੇਦਾਰ ਨਰੈਣ ਸਿਹੁੰ ਨੇ ਹਰੇਕ ਮੋਰਚੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ। ਗੰਗਸਰ ਜੈਤੋ ਦੇ ਮੋਰਚੇ ਵੇਲੇ ਨਹਿਰੂ ਨਾਲ ਜੇਲ੍ਹ ਵੀ ਕੱਟੀ। ਘਰ ਪੁਲੀਸ ਦਾ ਘੇਰਾ ਪਿਆ ਰਹਿੰਦਾ। ਦੇਸ਼ਭਗਤਾਂ ਨੂੰ ਦੇਸ਼ਧ੍ਰੋਹੀ ਦੱਸਦੇ। ਡੰਗਰ ਪਸੂਆਂ ਦੇ ਰੱਸੇ ਖੋਲ੍ਹ ਦਿੰਦੇ। ਖੜ੍ਹੀ ਫ਼ਸਲ ਵਾਹ ਦਿੰਦੇ। ਇਹ ਵਧੀਕੀਆਂ ਵੀ ਪਰਿਵਾਰ ਦੇ ਹੌਸਲੇ ਨੂੰ ਨਾ ਡੁਲਾ ਸਕਦੀਆਂ। ਦਿਲ ’ਚ ਇੱਕੋ ਧੁਨ ਰਹਿੰਦੀ, ‘ਆਜ਼ਾਦੀ ਮਿਲੂਗੀ, ਸਭ ਬਰਾਬਰ ਹੋਣਗੇ, ਸੁੱਖ ਦੀ ਨੀਂਦ ਸੌਵਾਂਗੇ।’ ਫਿਰੰਗੀਆਂ ਨੇ ਤਾਂ ਸੋਨੇ ਦੀ ਚਿੜੀ ਨੂੰ ਲੁੱਟ ਕੇ ਵਲੈਤ ਦਾ ਘਰ ਭਰ ਦਿੱਤਾ ਸੀ। ਘਰ ਵਿੱਚ ਜੁਝਾਰੂਆਂ ਦਾ ਆਉਣ ਜਾਣ ਲੱਗਿਆ ਰਹਿੰਦਾ। ਕਿੰਨੀ ਹੀ ਵਾਰੀ ਜਥੇਦਾਰ ਨੂੰ ਜਲਾਵਤਨ ਹੋਣਾ ਪਿਆ ਸੀ।
ਪ੍ਰਧਾਨ ਮੰਤਰੀ ਨਹਿਰੂ ਨੇ ਆਜ਼ਾਦੀ ਦੀ ਅੱਧੀ ਰਾਤ ਨੂੰ ਸੋਨ ਸਵੇਰਾ ਚੜ੍ਹਨ ਦਾ ਵਾਅਦਾ ਕੀਤਾ ਸੀ। ਇੱਕ ਨਵਾਂ ਜੋਸ਼, ਇੱਕ ਨਵਾਂ ਜਨੂੰਨ ਹਿੰਦੋਸਤਾਨੀਆਂ ਦੇ ਜ਼ਿਹਨ ਵਿੱਚ ਵੱਸ ਚੁੱਕਿਆ ਸੀ। ਪਰ ਜਲਦੀ ਹੀ ਇਹ ਭਰਮ ਭੁਲੇਖੇ ਦੂਰ ਹੋ ਗਏ। ਸਿਰਫ਼ ਚਿਹਰੇ ਹੀ ਬਦਲੇ। ਲੁੱਟ-ਖਸੁੱਟ, ਕੁਨਬਾਪਰਵਰੀ, ਅਫ਼ਸਰਸਾਹੀ- ਕੁਝ ਵੀ ਨਹੀਂ ਸੀ ਬਦਲਿਆ। ਕੀ ਲੈਣਾ ਸੀ ਇਹੋ ਜਿਹੀ ਆਜ਼ਾਦੀ ਲੈ ਕੇ? ਨਰੈਣ ਸਿਹੁੰ, ਬਲਵੰਤ ਨੂੰ ਪੜ੍ਹਾ ਲਿਖਾ ਕੇ ਕਿਸੇ ਉੱਚੇ ਅਹੁਦੇ ’ਤੇ ਦੇਖਣਾ ਚਾਹੁੰਦਾ ਸੀ, ਪਰ ਕਿਸਮਤ ਕਿਸੇ ਨੇੜਲੇ ਖੂੰਜੇ ਖੜ੍ਹੀ ਮੁਸਕਰਾ ਰਹੀ ਸੀ। ਪੰਜਾਬੀ ਸੂਬੇ ਦਾ ਮੋਰਚਾ ਲੱਗਿਆ। ਦਾਦੇ ਨਰੈਣ ਸਿਹੁੰ ਨੇ ਝੰਡਾ ਚੁੱਕ ਲਿਆ। ਦਾਦੀ ਨੇ ਵਰਜਿਆ, “ਹੁਣ ਤੈਥੋਂ ਤੁਰਿਆ ਤਾਂ ਜਾਂਦਾ ਨੀ... ਕੀ ਲੈਣਾ ਮੋਰਚੇ ਤੋਂ?” ਜਵਾਬ ਉਹੀ ਹੁੰਦਾ, “ਸਾਡੇ ਗੁਰੂਆਂ ਨੇ ਤਾਂ ਦੱਸਿਆ, ਬਈ ਜੇ ਜ਼ੁਲਮ ਕਰਨਾ ਪਾਪ ਐ, ਤਾਂ ਸਹਿਣਾ ਉਸ ਤੋਂ ਵੀ ਵੱਧ ਹੁੰਦੈ।” ਦਾਦੀ ਨਿਰੁੱਤਰ ਹੋ ਜਾਂਦੀ। ਪੁਲੀਸ ਦੀਆਂ ਡਾਂਗਾਂ ਤਾਂ ਉਹੀ ਅੰਗਰੇਜ਼ਾਂ ਵੇਲੇ ਦੀਆਂ ਸਨ। ਭੀੜ ’ਚ ਹਫ਼ੜਾ ਦਫ਼ੜੀ ਮੱਚੀ ਤੇ ਇੱਕ ਡਾਂਗ ਦਾਦੇ ਦੇ ਸਿਰ ਵਿੱਚ ਵੱਜੀ। ਲਹੂ ਲੁਹਾਣ ਹੋ ਗਿਆ, ਪਰ ਕੇਸਰੀ ਝੰਡਾ ਉੱਚਾ ਰੱਖਿਆ। ਸ਼ਹੀਦੀ ਸਮਾਗਮ ਵਿੱਚ ‘ਆਪਣਿਆਂ’ ਨੇ ਪਰਿਵਾਰ ਨਾਲ ਸਾਂਝ ਪੁਗਾਉਣ ਦਾ ਇਕਰਾਰ ਕੀਤਾ ਪਰ ਵਾਅਦੇ ਵਫ਼ਾ ਨਾ ਹੋਏ।
ਏਅਰਪੋਰਟ ਪਹੁੰਚ ਕੇ ਸੰਗਰਾਮ ਦੇ ਖ਼ਿਆਲਾਂ ਦੀ ਲੜੀ ਟੁੱਟੀ। ਆਲੇ-ਦੁਆਲੇ ਪੰਜਾਬੀਆਂ ਦਾ ਹੀ ਜਮਾਵੜਾ ਸੀ। ਬਹੁਗਿਣਤੀ ਵਿਦੇਸ਼ੀਂ ਜਾਣ ਵਾਲੇ ਪਾੜ੍ਹਿਆਂ ਦੀ ਸੀ। ਛੱਡਣ ਆਇਆਂ ਦੇ ਬੁਸੇ ਚਿਹਰੇ, ਕੰਬਦੇ ਹੱਥ ਜਿਵੇਂ ਲਾਡਲਿਆਂ ਨੂੰ ਆਪਣੀ ਹੋਣੀ ਨਾਲ ਤਕੜੇ ਹੋ ਕੇ ਸਿੱਝਣ ਦਾ ਵਾਸਤਾ ਪਾਉਂਦੇ ਹੋਣ। ਮੁੜ ਮਿਲਣ ਦੀ ਉਮੀਦ ਮੱਧਮ ਜਿਹੀ ਜਾਪਦੀ। ਇਉਂ ਲੱਗਦਾ ਜਿਵੇਂ ਹੱਸਣ ਖੇਡਣ ਦੀ ਉਮਰ ਹੰਢਾਉਣ ਵਾਲੇ, ਜ਼ਿੰਮੇਵਾਰੀ ਦੇ ਕਿਸੇ ਵੱਡੇ ਮੁਕਾਮ ਨੂੰ ਹਾਸਲ ਕਰਨ ਦੀ ਸਿਖਲਾਈ ਲੈਣ ਚੱਲੇ ਹੋਣ।
“ਬਾਪੂ, ਮੈਂ ਥੋਨੂੰ ਛੱਡ ਕੇ ਦੂਰ ਨਹੀਂ ਜਾ ਸਕਦਾ,” ਸੰਗਰਾਮ ਨੇ ਹਾਉਕਾ ਲਿਆ ਸੀ।
“ਪੁੱਤ, ਤੂੰ ਰੋਜ਼ ਦੇਖਦੈਂ... ਲੜਾਈਆਂ, ਝਗੜੇ, ਨਸ਼ੇ, ਗੈਂਗਵਾਰਾਂ... ਮੇਰਾ ਹੁਣ ਮਨ ਨ੍ਹੀਂ ਟਿਕਦਾ। ਦਿਲ ਤਾਂ ਸਾਡਾ ਵੀ ਤੈਨੂੰ ਭੇਜਣ ਨੂੰ ਨਹੀਂ ਕਰਦਾ ਪਰ...” ਬਾਪੂ ਭਾਵੁਕ ਹੋ ਗਿਆ ਸੀ।
ਟੋਰਾਂਟੋ ਜਾਣ ਵਾਲਾ ਬੋਇੰਗ ਨੱਕੋ-ਨੱਕ ਭਰਿਆ ਹੋਇਆ ਸੀ। ਸਟੱਡੀ ਵੀਜ਼ੇ ਵਾਲੇ ਬਹੁਗਿਣਤੀ ਵਿੱਚ ਸਨ। ਕੁਝ ਵਡੇਰੀ ਉਮਰ ਦੇ ਜੋੜੇ ਵੀ ਸ਼ਾਇਦ ਪੋਤੇ ਪੋਤੀਆਂ ਦੀ ਸਾਂਭ ਸੰਭਾਲ ਲਈ ਧੀਆਂ ਪੁੱਤਾਂ ਨੂੰ ਸੁਖ ਦੇਣ ਦੀ ਨੀਅਤ ਨਾਲ ਜਹਾਜ਼ ਵਿੱਚ ਸਵਾਰ ਸਨ। ਸੰਗਰਾਮ ਨੇ ਸੋਚਿਆ, ‘ਆਖ਼ਰ ਇੰਨੀ ਕਿਹੜੀ ਆਫ਼ਤ ਆਈ ਐ ਕਿ ਪੰਜਾਬੀ ਆਪਣੇ ਹੱਥੀਂ ਬਣਾਏ ਮਹਿਲ-ਮੁਨਾਰਿਆਂ ਨੂੰ ਭੂਤਵਾੜੇ ਬਣਾਉਣ ’ਤੇ ਤੁਲੇ ਨੇ? ਕਿਉਂ ਭੋਇੰ ਨੂੰ ਮਾਂ ਦਾ ਦਰਜਾ ਦੇਣ ਵਾਲੇ ਉਸ ਨੂੰ ਗਹਿਣੇ ਪਾਉਣ ਵੇਲੇ ਕਸੀਸ ਨਹੀਂ ਵੱਟਦੇ?’
ਖਰਾਬ ਮੌਸਮ ਦੀ ਚਿਤਾਵਨੀ ਦੇ ਕੇ ਪਾਇਲਟ ਨੇ ਸੀਟ ਬੈਲਟਾਂ ਲਾਉਣ ਲਈ ਖ਼ਬਰਦਾਰ ਕਰ ਦਿੱਤਾ ਸੀ। ਪਰ ਸੰਗਰਾਮ ਦੇ ਉੱਖੜੇ ਮਨ ਨੂੰ ਪਹਿਲਾਂ ਹੀ ਕੋਈ ਬੱਦਲੀ ਉਡਾਈ ਲਈ ਜਾਂਦੀ ਸੀ: ਦਾਦੇ ਨਰੈਣ ਸਿਹੁੰ ਨੇ ਆਪਣੇ ਅੱਖਾਂ ਦੇ ਤਾਰੇ ਲਈ ਬੜੇ ਸੁਪਨੇ ਸਿਰਜੇ ਸਨ। ਆਪਣੀਆਂ ਲੋੜਾਂ ਨੂੰ ਤਿਲਾਂਜਲੀ ਦੇ ਕੇ ਪੁੱਤ ਨੂੰ ਸ਼ਹਿਰ ਦੇ ਨਾਮੀ ਕਾਲਜ ਵਿੱਚ ਪੜ੍ਹਾਉਣ ਦਾ ਹੀਆ ਕੀਤਾ ਸੀ।
“ਜਥੇਦਾਰਾ! ਮੁੰਡੇ ਨੇ ਦਸਵੀਂ ਪਾਸ ਕਰ ਲਈ ਆ... ਤੇਰੇ ਹੱਡ ਵੀ ਜਵਾਬ ਦੇਈ ਜਾਂਦੇ ਨੇ... ਇਹਨੂੰ ਆਪਣੇ ਨਾਲ ਈ ਖੇਤੀ ’ਚ ਲਾ ਲੈ...” ਸਰਪੰਚ ਕੁੰਦਨ ਸਿੰਘ ਨੇ ਰਾਇ ਦਿੱਤੀ ਸੀ।
“ਸਰਪੰਚਾ, ਸਾਰਾ ਕੁਸ਼ ਤੇਰੇ ਸਾਹਮਣੇ ਐ... ਆਪਾਂ ਤਾਂ ਮਿੱਟੀ ਨਾਲ ਮਿੱਟੀ ਹੋਣ ਜੋਗੇ ਰਹਿਗੇ... ਮੈਂ ਚਾਹੁੰਨਾਂ ਇਹ ਚਾਰ ਅੱਖਰ ਪੜ੍ਹ ਕੇ ਕਿਸੇ ਸਰਕਾਰੀ ਨੌਕਰੀ ’ਤੇ ਲੱਗਜੇ... ਜੂਨ ਸੁਧਰ ਜੂ...।”
ਬਲਵੰਤ ਨੂੰ ਮੋਗੇ ਦੇ ਡੀ.ਐਮ. ਕਾਲਜ ਵਿੱਚ ਦਾਖਲਾ ਮਿਲ ਗਿਆ। ਪੜ੍ਹਾਈ ਵਿੱਚ ਹੁਸ਼ਿਆਰ ਤੇ ਖੇਡਾਂ ਵਿੱਚ ਨਾਮਣਾ ਖੱਟਣ ਕਰ ਕੇ ਉਸ ਦੀ ਪੂਰੀ ਠੁੱਕ ਸੀ। ਉੱਧਰ ਕਾਮਰੇਡੀ ਲਹਿਰਾਂ ਜ਼ੋਰ ਫੜ ਰਹੀਆਂ ਸਨ। ਰਸਾਅ ਹੇਠਲੇ ਪੱਧਰ ਤੱਕ ਪਹੁੰਚ ਗਿਆ ਸੀ। ਦਿਨੋਂ ਦਿਨ ਲੋਕਾਂ ਦੇ ਭਰਮ ਭੁਲੇਖੇ ਦੂਰ ਹੋ ਰਹੇ ਸਨ। ਲੋਕਤੰਤਰੀ ਦਾ ਭਵਿੱਖ ਧੁੰਦਲਾ ਜਾਪਣ ਲੱਗ ਪਿਆ ਸੀ। ਜਵਾਨੀ ਬੇਚੈਨੀ ਦੇ ਆਲਮ ਵਿੱਚ ਸੀ। ਇੱਕ ਛੱਲ ਬੰਗਾਲ ਦੇ ਨਕਸਲਬਾੜੀ ਤੋਂ ਉੱਠੀ ਅਤੇ ਪੂਰੇ ਮੁਲਕ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਗਰਮ ਖ਼ੂਨ ਖੌਲ ਉੱਠਿਆ, ਪਰ ਹਕੂਮਤੀ ਹੁਕਮਾਂ ਹੇਠ ਝੂਠੇ ਮੁਕਾਬਲਿਆਂ ਅਤੇ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਨੇ ਇਸ ਨੂੰ ਬਹੁਤਾ ਅਸਰਦਾਰ ਨਾ ਹੋਣ ਦਿੱਤਾ। ਜਵਾਨੀ ਦਾ ਰੱਜ ਕੇ ਘਾਣ ਹੋਇਆ। ਬਲਵੰਤ ਦੇ ਮਨ ’ਤੇ ਇਸ ਦਾ ਡੂੰਘਾ ਅਸਰ ਹੋਇਆ। ਪਰਿਵਾਰਕ ਪਿਛੋਕੜ ਸਾਹਮਣੇ ਆ ਖੜੋਤਾ ਸੀ।
ਅਣਖ ਅਤੇ ਜੋਸ਼ ਦੀਆਂ ਇਹ ਹੱਡ-ਬੀਤੀਆਂ ਸੰਗਰਾਮ ਦੇ ਸੁਪਨਿਆਂ ਸਾਹਵੇਂ ਇੱਕ ਇੱਕ ਕਰ ਕੇ ਆ ਖੜ੍ਹੀਆਂ ਹੋਈਆਂ। ਮੋਗੇ ਦਾ ਰੀਗਲ ਸਿਨੇਮਾ ਕਾਂਡ ਉਸ ਦੇ ਚੇਤਿਆਂ ਵਿੱਚ ਉੱਭਰ ਆਇਆ, ਜਦੋਂ ਬਲਵੰਤ ਨੇ ਸੰਘਰਸ਼ ਦਾ ਝੰਡਾ ਬੁਲੰਦ ਕਰ ਕੇ ਧੱਕੇਸ਼ਾਹੀ ਖਿਲਾਫ਼ ਨਾਅਰਾ ਮਾਰਿਆ ਸੀ। ਇਹ ਸਾਰਾ ਕੁਝ ਉਸ ਨੇ ਬਾਪੂ ਦੀ ਜ਼ੁਬਾਨੀ ਸੁਣਿਆ ਸੀ, ਪਰ ਲੱਗਦਾ ਸੀ ਘਟਨਾਵਾਂ ਇੰਨ-ਬਿੰਨ ਜਿਵੇਂ ਉਸ ਦੇ ਸਾਹਮਣੇ ਹੀ ਵਾਪਰੀਆਂ ਹੋਣ! ਪੰਜ ਅਕਤੂਬਰ ਉੱਨੀ ਸੌ ਬਹੱਤਰ ਦਾ ਦਿਨ ਸੀ, ਜਦੋਂ ਕਾਲਜ ਪੜ੍ਹਦੇ ਚੜਿੱਕ ਦੇ ਹਰਜੀਤ ਤੇ ਸਵਰਨ ਨੇ ਸਿਨਮੇ ਦੇ ਸਰਮਾਏਦਾਰ ਮਾਲਕਾਂ ਦੀ ਲੁੱਟ ਨੂੰ ਵੰਗਾਰਿਆ ਸੀ। ਬਲਵੰਤ ਵੀ ਇਸ ਮਾਰਚ ਦੇ ਮੋਹਰੀ ਆਗੂਆਂ ਵਿੱਚ ਸ਼ੁਮਾਰ ਸੀ। ਸਰਕਾਰੀ ਸ਼ਹਿ ’ਤੇ ਮਾਲਕਾਂ ਦੇ ਤਾਇਨਾਤ ਕੀਤੇ ਭਾੜੇ ਦੇ ਗੁੰਡਿਆਂ ਨਾਲ ਗਹਿਗੱਚ ਮੁਕਾਬਲਾ ਹੋਇਆ। ਕਾਫ਼ਲਾ ਜਿਉਂ ਹੀ ਥੀਏਟਰ ਮੂਹਰੇ ਪਹੁੰਚਿਆ ਤਾਂ ਸਥਾਨ ਕਿਸੇ ਪੁਲੀਸ ਛਾਉਣੀ ਦਾ ਭੁਲੇਖਾ ਪਾਉਂਦਾ ਸੀ। ਜੋਸ਼ੀਲੇ ਮੁੰਡਿਆਂ ਨੇ ਜਿਉਂ ਹੀ ਗੁੰਡਾਗਰਦੀ ਖ਼ਿਲਾਫ਼ ਲਲਕਾਰਾ ਮਾਰਿਆ ਤਾਂ ਸਰਕਾਰੀ ਤੰਤਰ ਨੇ ਜਨਰਲ ਡਾਇਰ ਦਾ ਰੂਪ ਧਾਰ ਲਿਆ। ਹਰਜੀਤ ਤੇ ਸਵਰਨ ਦੋਵੇਂ ਥਾਈਂ ਢੇਰੀ ਕਰ ਦਿੱਤੇ ਅਤੇ ਸੈਂਕੜੇ ਜ਼ਖ਼ਮੀ ਹੋਏ ਸਨ। ਇੱਕ ਗੋਲੀ ਬਲਵੰਤ ਦੀ ਲੱਤ ਚੀਰ ਕੇ ਲੰਘ ਗਈ। ਪੰਜਾਬ ਬੰਦ ਦੇ ਸੱਦੇ ’ਤੇ ਲੋਕ ਲਹਿਰ ਨੇ ਸੱਤ ਅਕਤੂਬਰ ਨੂੰ ਸਾਰੇ ਸੂਬੇ ਨੂੰ ਆਪਣੇ ਅੰਦਰ ਸਮੇਟ ਲਿਆ ਸੀ। ਲੋਕ ਸ਼ਕਤੀਆਂ ਦੀ ਜਿੱਤ ਨੇ ਇੱਕ ਨਵਾਂ ਅਧਿਆਇ ਲਿਖਿਆ ਸੀ।
ਪੜ੍ਹਾਈ ਅੱਧ ਵਿਚਾਲੇ ਛੱਡ ਬਲਵੰਤ ਨੇ ਘਰ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸੰਭਾਲ ਲਈ। ਤਿੰਨਾਂ ਧੀਆਂ ਨੂੰ ਵਿਆਹ ਕੇ ਮਨ ਵਿਚਲਾ ਧੁੜਕੂ ਕੁਝ ਸ਼ਾਂਤ ਹੋ ਗਿਆ ਸੀ, ਪਰ ਸਮਾਜ ਵਿਚਲੀਆਂ ਕੁਰੀਤੀਆਂ ਬੇਚੈਨ ਕਰ ਦਿੰਦੀਆਂ। ਵੈਲੀਪੁਣਾ, ਬੇਰੁਜ਼ਗਾਰੀ, ਨਸ਼ੇ ਜਵਾਨੀ ਨੂੰ ਕੁਰਾਹੇ ਪਾ ਰਹੇ ਸਨ। ਸੰਗਰਾਮ ਦੀ ਬਾਰ੍ਹਵੀਂ ਪੂਰੀ ਹੋ ਚੁੱਕੀ ਸੀ। ਡਰ ਸੀ ਕਿਸੇ ਮਾੜੀ ਸੰਗਤ ਵਿੱਚ ਨਾ ਪੈ ਜਾਵੇ। ਗਿਆਨੀ ਬਲਦੇਵ ਸਿੰਘ ਨੇ ਸਲਾਹ ਦਿੱਤੀ ਸੀ: “ਆਪਾਂ ਤਾਂ ਔਖੇ ਸੌਖੇ ਰਾਹਾਂ ’ਤੇ ਤੁਰਦੇ ਰਹੇ ਹਾਂ ਬਲਵੰਤ ਸਿਆਂ, ਪਰ ਅਗਲੀ ਪੀੜ੍ਹੀ ਇਸ ਭ੍ਰਿਸ਼ਟ ਨਿਜ਼ਾਮ ਦੀਆਂ ਜ਼ੰਜੀਰਾਂ ਤੋਂ ਮੁਕਤ ਹੋਣਾ ਚਾਹੁੰਦੀ ਹੈ। ਹੁਣ ਖੇਤੀ ਕਾਨੂੰਨਾਂ ਵਰਗੇ ਹੋਰ ਮਸਲੇ ਆਉਣਗੇ ਤੇ ਹਕੂਮਤਾਂ ਸਭ ਕੁਝ ਕਾਰਪੋਰੇਟਾਂ ਦੀ ਝੋਲੀ ਪਾਉਣ ਲਈ ਤਿਆਰ ਨੇ। ਹਰੀ ਕ੍ਰਾਂਤੀ ਨੇ ਪੰਜਾਬ ਨੂੰ ਭੁੰਜੇ ਲਾਹ ਦਿੱਤੈ। ਕੈਂਸਰ ਵਰਗੀਆਂ ਬਿਮਾਰੀਆਂ, ਸ਼ੁੱਧ ਪਾਣੀ ਦੀ ਘਾਟ, ਕਰਜ਼ੇ, ਖ਼ੁਦਕੁਸ਼ੀਆਂ ਰੋਜ਼ ਸਾਹਮਣੇ ਆਉਂਦੀਆਂ ਨੇ। ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ।” ਸੋ ਸੰਗਰਾਮ ਨੂੰ ਕੈਨੇਡਾ ਭੇਜਣ ਦਾ ਫ਼ੈਸਲਾ ਹੋ ਗਿਆ।
ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ’ਤੇ ਸੰਦੀਪ ਤੇ ਉਸ ਦੇ ਦੋਸਤ, ਸੰਗਰਾਮ ਨੂੰ ਲੈਣ ਆਏ ਹੋਏ ਸਨ। ਉਨ੍ਹਾਂ ਪਿਛਲੇ ਸਾਲ ਹੀ ਬਰੈਂਪਟਨ ਦੀ ਅਲਗੋਮਾ ਯੂਨੀਵਰਸਿਟੀ ਦੇ ਆਈ.ਟੀ. ਗਰੈਜੂਏਸ਼ਨ ਕੋਰਸ ਵਿੱਚ ਦਾਖਲਾ ਲਿਆ ਸੀ। ਖੁੱਲ੍ਹੀਆਂ ਚੌੜੀਆਂ ਸੜਕਾਂ, ਆਸਮਾਨ ਛੂੰਹਦੀਆਂ ਇਮਾਰਤਾਂ ਅਤੇ ਸਾਫ਼ ਸੁਥਰਾ ਆਲ਼ਾ-ਦੁਆਲਾ ਦੇਖ ਉਹ ਮਨ ਹੀ ਮਨ ਕਿਸੇ ਵਿਕਸਿਤ ਦੇਸ਼ ਦੀ ਨੁਹਾਰ ਦੇਖ ਰਿਹਾ ਸੀ। ‘ਜੇ ਇਹ ਮੁਲਕ ਇੰਨੀ ਤਰੱਕੀ ਕਰ ਕੇ ਇਸ ਮੁਕਾਮ ’ਤੇ ਪਹੁੰਚੇ ਹਨ ਤਾਂ ਘਾਟ ਤਾਂ ਆਪਣੇ ਦੇਸ਼ ਵਿੱਚ ਵੀ ਕੋਈ ਨਹੀਂ।’ ਫਿਰ ਅੰਦਰੋਂ ਹੀ ਜਵਾਬ ਔੜਿਆ ਸੀ, ‘ਭ੍ਰਿਸ਼ਟਾਚਾਰ, ਫ਼ਿਰਕਾਪ੍ਰਸਤੀ, ਜਾਤ-ਪਾਤ, ਭਾਈ-ਭਤੀਜਾਵਾਦ ਨੇ ਸਾਨੂੰ ਜਕੜਨ ’ਚੋਂ ਮੁਕਤ ਹੀ ਨਹੀਂ ਹੋਣ ਦਿੱਤਾ... ਘਾਟ ਹੈ ਤਾਂ ਸਿਰਫ਼ ਨੀਅਤ ਦੀ...’
ਬੋਰੀਆ ਬਿਸਤਰਾ ਸੰਦੀਪ ਹੁਰਾਂ ਦੀ ਬੇਸਮੈਂਟ ਵਿੱਚ ਟਿਕਾ ਦਿੱਤਾ। ਐਧਰ ਓਧਰ ਦੀਆਂ ਪੁਰਾਣੀਆਂ ਯਾਦਾਂ ਛੇੜੀਆਂ। ਪਿੰਡਾਂ ਦਾ ਹਾਲ-ਚਾਲ ਪੁੱਛਿਆ। “ਬਾਕੀ ਗੱਲਾਂ ਸਵੇਰੇ ਕਰਾਂਗੇ, ਬਾਈ... ਥੱਕਿਆ ਹੋਵੇਂਗਾ... ਆਰਾਮ ਕਰ ਲੈ।” ਸੰਗਰਾਮ ਨੂੰ ਨੀਂਦ ਕਿੱਥੇ? ‘ਪਿੰਡ ਦੀ ਸਰਦਾਰੀ ਤੇ ਐਥੋਂ ਦੀ ਭੋਰੇ ਦੀ ਜ਼ਿੰਦਗੀ’ ਤਸਵੀਰ ਹੀ ਉਲਟੀ ਪੁਲਟੀ ਲੱਗੀ। ਉਸ ਦਾ ਕੋਰਸ ਅਗਲੇ ਹਫ਼ਤੇ ਸ਼ੁਰੂ ਹੋਣਾ ਸੀ। ਰੀਜਾਇਨਾ ਪਹੁੰਚਣ ਲਈ ਤਿੰਨ ਘੰਟੇ ਦੀ ਉਡਾਣ ਹੋਰ ਸੀ।
ਅੱਜ ਸੰਦੀਪ ਦੇ ਨਾਲ ਉਸ ਦੇ ਕਾਲਜ ਜਾਣ ਦਾ ਪ੍ਰੋਗਰਾਮ ਸੀ। ਰਸਤੇ ਵਿੱਚ ਸੰਦੀਪ ਨੇ ਦੱਸਿਆ ਕਿ ਅਲਗੋਮਾ ਯੂਨੀਵਰਸਿਟੀ ਅਤੇ ਹੋਰ ਵਿੱਦਿਅਕ ਸੰਸਥਾਵਾਂ ਵੱਲੋਂ ਵਾਧੂ ਫੀਸਾਂ ਮੰਗਣ, ਦਾਖਲਿਆਂ ਵਿੱਚ ਫਰਜ਼ੀਵਾੜਾ, ਏਜੰਟਾਂ ਦੀ ਮਿਲੀਭੁਗਤ ਅਤੇ ਰਿਹਾਇਸ਼ ਦੀ ਅਣਹੋਂਦ ਨੇ ਜ਼ਿੰਦਗੀ ਸੌਖੀ ਨਹੀਂ ਰਹਿਣ ਦਿੱਤੀ। ਯੂਨੀਵਰਸਿਟੀ ਵਿੱਚ ਮਾਹੌਲ ਭਖਿਆ ਹੋਇਆ ਸੀ। ਬਰੈਂਪਟਨ ਦੇ ਮਨਫ਼ੀ ਤਾਪਮਾਨ ਵਿੱਚ ਵੀ ਵਿਦਿਆਰਥੀਆਂ ਦੇ ਚਿਹਰੇ ਤਪੇ ਹੋਏ ਸਨ।
ਬੁਲਾਰਾ ਬੋਲ ਰਿਹਾ ਸੀ: “...ਇਸ ਯੂਨੀਵਰਸਿਟੀ ਨੇ ਸਾਜ਼ਿਸ਼ੀ ਢੰਗ ਨਾਲ 130 ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਹੈ... ਇਹ ਕਿਵੇਂ ਹੋ ਸਕਦੈ ਕਿ ਨੌਂ ਵਿਸ਼ਿਆਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਏ ਸਾਰੇ ਸਾਥੀ ਦਸਵੇਂ ਵਿਸ਼ੇ ਵਿੱਚੋਂ ਫੇਲ੍ਹ ਹੋਣ... ਇਹ ਫੇਲ੍ਹ ਵਿਸ਼ੇ ਦੇ ਨਾਂ ’ਤੇ ਫੀਸਾਂ ਬਟੋਰਨ ਦੀ ਚਾਲ ਹੈ... ਭਾਰਤੀ ਏਜੰਟਾਂ ਨੇ ਇੱਥੇ ਵੀ ਆਪਣਾ ਮਕੜਜਾਲ ਵਿਛਾ ਰੱਖਿਆ ਹੈ। ਫੀਸਾਂ ਵਿੱਚ ਵਿਤਕਰਾ ਹੈ... ਬੇਸਮੈਂਟਾਂ ਦੇ ਮਹਿੰਗੇ ਕਿਰਾਏ ਨੇ... ਕੰਮ ਦੇ ਘੰਟਿਆਂ ’ਤੇ ਕੰਟਰੋਲ ਹੈ। ਇੱਥੇ ਨੌਜਵਾਨ ਸੋਚ ਕੇ ਕੁਝ ਹੋਰ ਆਉਂਦੇ ਨੇ... ਤੇ ਮਿਲਦਾ ਏ ਮਾਨਸਿਕ ਤਣਾਅ, ਇਕਲਾਪਾ, ਸ਼ੋਸ਼ਣ। ਮੌਂਟਰੀਅਲ ਦੇ ਤਿੰਨ ਕਾਲਜ ਦੀਵਾਲੀਆ ਹੋ ਚੁੱਕੇ ਨੇ... ਕੈਨਾਡੋਰ ਕਾਲਜ ਦੇ ਹੋਸਟਲ ਵਿੱਚ ਜਗ੍ਹਾ ਨਹੀਂ ਅਤੇ ਇਸ ਅਲਗੋਮਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਥੋਕ ਵਿੱਚ ਫੇਲ੍ਹ ਕਰਨਾ, ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ... ਅਸੀਂ ਇਹ ਨਹੀਂ ਹੋਣ ਦਿਆਂਗੇ...।”
ਸੰਗਰਾਮ ਚੁੱਪਚਾਪ ਭੀੜ ਵਿੱਚ ਖੜ੍ਹਾ ਇਹ ਬਿਰਤਾਂਤ ਸੁਣ ਰਿਹਾ ਸੀ। ‘ਹਾਲਾਤ ਇੱਥੇ ਵੀ ਓਹੀ ਹਨ।’ ਦਾਦੀ ਤੋਂ ਮੋਰਚਿਆਂ ਵਾਲੇ ਮਰਜੀਵੜਿਆਂ ਦੀਆਂ ਸੁਣੀਆਂ ਕਹਾਣੀਆਂ ਅਤੇ ਪਿਤਾ ਦਾ ਜ਼ੋਰ ਜ਼ੁਲਮ ਦੇ ਖ਼ਿਲਾਫ਼ ਡਟਣ ਦਾ ਅਹਿਦ ਉਸ ਦੇ ਮਨ ਮਸਤਕ ਵਿੱਚ ਸਾਕਾਰ ਹੋ ਗਿਆ।
‘ਮੈਂ ਤੇਰਾ ਪੁੱਤ ਹਾਂ ਬਾਪੂ’ ਮਨ ’ਚ ਇਹ ਆਖ ਭੀੜ ਨੂੰ ਚੀਰਦਾ ਹੋਇਆ ਉਹ ਸਟੇਜ ’ਤੇ ਜਾ ਪਹੁੰਚਿਆ। ਸੱਜੇ ਹੱਥ ਦੀ ਮੁੱਠੀ ਘੁੱਟ ਅਤੇ ਬਾਂਹ ਉੱਚੀ ਕਰ ਜਿਉਂ ਹੀ ਉਸ ਨੇ ਹਵਾ ਵਿੱਚ ਮੁੱਕਾ ਤਾਣਿਆ: “ਧੱਕੇਸ਼ਾਹੀ...”
ਸੈਂਕੜੇ ਬਾਂਹਾਂ ਦੇ ਉਲਾਰ ਨੇ ਮੋੜਵਾਂ ਜਵਾਬ ਦਿੱਤਾ, “...ਨਹੀਂ ਚੱਲੇਗੀ... ਨਹੀਂ ਚੱਲੇਗੀ...।”
ਮਨਫ਼ੀ ਤਾਪਮਾਨ ਵਿੱਚ ਜੰਮੀ ਹੋਈ ਬਰਫ਼ ਪਿਘਲਣ ਲੱਗੀ ਸੀ!
ਸੰਪਰਕ: 89684-33500

Advertisement

Advertisement
Advertisement
Author Image

sukhwinder singh

View all posts

Advertisement