ਵਿਕਾਸ ਕਾਰਜਾਂ ’ਚ ਚੀਮਾ ਦੀ ਪੰਚਾਇਤ ਦੇ ਨਾਲ ਹਾਂ: ਉਗੋਕੇ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 22 ਨਵੰਬਰ
ਪਿੰਡ ਚੀਮਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਸਰਪੰਚ ਮਲੂਕ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸਰਬੱਤ ਦੇ ਭਲੇ ਲਈ ਖੁਸ਼ੀ ਵਜੋਂ ਵੱਡਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਭਾਈ ਮਨਮੋਹਨਪ੍ਰੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸਵਾਮੀ ਰਾਮ ਤੀਰਥ ਵੱਲੋਂ ਸੰਗਤ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਗਈ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਹਾਜ਼ਰ ਹੋਏ ਅਤੇ ਨਵੀਂ ਪੰਚਾਇਤ ਨੂੰ ਵਧਾਈ ਦਿੱਤੀ। ਉਨ੍ਹਾਂ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਪੰਚਾਇਤ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਰਪੰਚ ਮਲੂਕ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਤੋਂ ਵਿਕਾਸ ਕੰਮਾਂ ਲਈ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਸਾਥ ਮੰਗਿਆ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਪੰਚਾਇਤ ਦਾ ਕੋਈ ਵੀ ਨੁਮਾਇੰਦਾ ਨਸ਼ਾ ਵੇਚਣ ਵਾਲੇ ਦੇ ਪਿੱਛੇ ਨਹੀਂ ਜਾਵੇਗਾ। ਪੰਚਾਇਤ ਵਲੋਂ ਵਿਧਾਇਕ ਲਾਭ ਸਿੰਘ, ਮਾਸਟਰ ਹਰਮਨ ਸਿੰਘ, ਕੀਰਤਨੀ ਜਥੇ ਅਤੇ ਗ੍ਰੰਥੀ ਸਿੰਘਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਬਲਜੀਤ ਸਿੰਘ ਸੀਆਈਏ ਸਟਾਫ਼, ਡੀਐੱਸਪੀ ਬਲਜੀਤ ਸਿੰਘ ਢਿੱਲੋਂ, ਆਜ਼ਾਦ ਸਪੋਰਟਸ ਕਲੱਬ, ਲੰਗਰ ਕਮੇਟੀ ਚੀਮਾ, ਸ਼ਿਵ ਮੰਦਰ ਕਮੇਟੀ, ਪਿੰਦਰ ਸਿੰਘ ਭਾਗ ਪੈਲੇਸ, ਡਾ.ਬੱਬੂ ਵੜੈਚ, ਲਵਪ੍ਰੀਤ ਸਿੰਘ ਮਾਨ ਤੇ ਹੋਰ ਹਾਜ਼ਰ ਸਨ।