ਖੇਤਾਂ ਦਾ ਪੁੱਤ ਹਾਂ, ਖੇਤਾਂ ਵਾਲਿਆਂ ਦੀ ਗੱਲ ਕਰਾਂਗਾ: ਅਨਮੋਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਮਈ
ਫਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਦਾਕਾਰ ਕਰਮਜੀਤ ਸਿੰਘ ਅਨਮੋਲ ਦੀ ਚੋਣ ਮੁਹਿੰਮ ਜਿਥੇ ਭਖਵਾਂ ਰੂਪ ਧਾਰ ਰਹੀ ਹੈ, ਉਥੇ ਉਨ੍ਹਾਂ ਦਾ ਕਾਫ਼ਲਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਉਹ ਸਫ਼ਲਤਾ ਲਈ ਕਾਫ਼ੀ ਆਸਮੰਦ ਹਨ। ਉਨ੍ਹਾਂ ਅੱਜ ਨਿਹਾਲ ਸਿੰਘ ਵਾਲਾ ਮੰਡੀ ਵਿਚ ਦੁਕਾਨਦਾਰਾਂ ਦੀ ਨਬਜ਼ ਵੀ ਟੋਹੀ ਤੇ ਦੁਕਾਨਦਾਰਾਂ ਕੋਲ ਇੱਕ-ਇੱਕ ਦਹਿਲੀਜ਼ ’ਤੇ ਜਾ ਕੇ ਗੱਲਬਾਤ ਕੀਤੀ ਅਤੇ ਹਾਲ-ਚਾਲ ਪੁੱਛਿਆ। ਪਿੰਡਾਂ ਵਿਚ ਚੋਣ ਰੈਲੀਆਂ ਵੀ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਖੇਤਾਂ ਦਾ ਪੁੱਤ ਹੈ ਅਤੇ ਹਮੇਸਾ ਖੇਤਾਂ ਤੇ ਖੇਤਾਂ ਵਾਲਿਆਂ ਦੀ ਗੱਲ ਕਰਦਾ ਰਿਹਾ ਹੈ। ਉਨ੍ਹਾਂ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਸੈਦੋ ਕੇ, ਨਿਹਾਲ ਸਿੰਘ ਵਾਲਾ, ਲੋਪੋ, ਬੂਟਰ ਕਲਾਂ ਅਤੇ ਇਸ ਕਸਬੇ ਦੀਆਂ ਵੱਖ-ਵੱਖ ਬਸਤੀਆਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਉਹ ਬੇਜ਼ਮੀਨੇ ਕਿਸਾਨ ਦਾ ਪੁੱਤ ਹੈ ਜੋ ਦੋ ਚਾਰ ਕਿੱਲੇ ਵਟਾਈ ਜਾਂ ਠੇਕੇ ਉੱਤੇ ਲੈ ਕੇ ਆਪਣਾ ਟੱਬਰ ਪਾਲਦੇ ਰਹੇ ਹਨ। ਇਸ ਲਈ ਉਸ ਨੂੰ ਆਮ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀਆਂ ਔਕੜਾਂ ਤੇ ਤੰਗੀਆਂ-ਤੁਰਸੀਆਂ ਬਾਰੇ ਪਤਾ ਹੈ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਦੁੱਖ ਦਰਦ ਆਪਣੇ ਹੱਡੀ-ਹੰਢਾਏ ਹੁੰਦੇ ਹਨ ਉਸ ਨੂੰ ਹੀ ਇਨਾਂ ਦੁੱਖਾਂ ਦੇ ਦਰਦੀਆਂ ਨਾਲ ਹਮਦਰਦੀ ਹੁੰਦੀ ਹੈ ਅਤੇ ਉਹ ਹੀ ਇਸਦੇ ਹੱਲ ਬਾਰੇ ਸੋਚ ਸਕਦੇ ਹਨ। ਉਨ੍ਹਾਂ ਆਖਿਆ ਕਿ ਦੇਸ਼ ਵਾਸੀਆਂ ਨੇ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਹੁਣ ਦਾ ਫੈਸਲਾ ਲੈ ਲਿਆ ਹੈ। ਜਦ ਫਰੀਦਕੋਟ ਹਲਕੇ ਦੇ ਲੋਕ ਉਨਾਂ ਨੂੰ ਤਾਕਤ ਬਖਸਣਗੇ ਤਾਂ ਉਹ ਕੇਂਦਰ ਵਿੱਚ ਜਾ ਕੇ ਨਿਸਚੇ ਨਾਲ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣਗੇ।