ਮੈਂ ਤਾਂ ਪਿਤਾ ਦਸਮੇਸ਼ ਦੀ ਹਾਂ ਬੱਚੀ...
ਕੈਲਗਰੀ:
ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਜ਼ ਸੈਂਟਰ ਵਿੱਚ ਹੋਈ। ਕੋਆਰਡੀਨੇਟਰ ਗੁਰਚਰਨ ਥਿੰਦ ਨੇ ਮੀਟਿੰਗ ਦਾ ਅਗਾਜ਼ ਮਾਰਚ ਮਹੀਨੇ ਦੇ ਮਹੱਤਵਪੂਰਨ ਦਿਹਾੜਿਆਂ, ਅੰਤਰ-ਰਾਸ਼ਟਰੀ ਮਹਿਲਾ ਦਿਵਸ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਬਾਰੇ ਜਾਣਕਾਰੀ ਸਾਂਝੀ ਕਰ ਕੇ ਕੀਤਾ। ਗੁਰਦੀਸ਼ ਗਰੇਵਾਲ ਨੇ ਮਹੀਨਾਵਾਰ ਮੀਟਿੰਗ ਨੂੰ ਇੱਕ ਤਰ੍ਹਾਂ ਦਾ ਮੋਢਾ ਦੱਸਿਆ ਜਿੱਥੇ ਸਭ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹਨ। ਔਰਤਾਂ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਆਪਣੀ ਰਚਨਾ, ‘ਮੈਂ ਤਾਂ ਪਿਤਾ ਦਸਮੇਸ਼ ਦੀ ਹਾਂ ਬੱਚੀ ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੈਠੀਂ’ ਪੇਸ਼ ਕੀਤੀ। ਕੁਲਦੀਪ ਘਟੌੜਾ ਨੇ ਸਭਾ ਵਿੱਚ ਆਉਣ ਦਾ ਮਨੋਰਥ ਸਾਂਝਾ ਕਰਦੇ ਆਖਿਆ ਕਿ ਇੱਥੇ ਆਪਣੀ ਗੱਲ ਸੁਣਾਉਣ ਦੇ ਨਾਲ ਨਾਲ ਚੰਗੀਆਂ ਗੱਲਾਂ ਸੁਣਨ ਅਤੇ ਵਿਚਾਰ ਕਰਨ ਦਾ ਮੌਕਾ ਮਿਲਦਾ ਹੈ।
ਸਰਬਜੀਤ ਉੱਪਲ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ, ‘ਚੱਲ ਬੁੱਲ੍ਹਿਆ ਚੱਲ ਉੱਥੇ ਚੱਲੀਏ ਜਿੱਥੇ ਚੱਲਣ ਹਵਾਵਾਂ ਠੰਢੀਆਂ’ ਸੁਣਾਈ। ਦਲਵੀਰ ਕੌਰ ਨੇ ਵੀ ਬਾਬਾ ਬੁੱਲ੍ਹੇ ਸ਼ਾਹ ਦੇ ਬੋਲ ‘ਮੋਢੇ ਚੌੜੇ ਨਾ ਕਰ ਬੰਦਿਆਂ ਵੱਡੀ ਉਮਰੇ ਝੁਕ ਜਾਂਦੇ ਨੇ’ ਸੁਣਾਏ। ਅਮਰਜੀਤ ਵਿਰਦੀ ਨੇ ਸ਼ਹੀਦ ਭਗਤ ਸਿੰਘ ਬਾਰੇ ਘੋੜੀ ਰੂਪੀ ਗੀਤ ਪੇਸ਼ ਕੀਤਾ। ਸੁਰਜੀਤ ਢਿੱਲੋਂ ਨੇ ਵੀ ਆਪਣੀ ਰਚਨਾ ਨਾਲ ਸ਼ਹੀਦ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ।
ਅਮਰਜੀਤ ਟਿਵਾਣਾ, ਹਰਦੇਵ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਕਿਰਨ ਕਲਸੀ ਨੇ ਅਜੋਕੇ ਸਮਿਆਂ ਵਿੱਚ ਸਮਾਜ ਦੇ ਰਸਾਤਲ ਵੱਲ ਧੱਕੇ ਜਾਣ ਦਾ ਬਿਆਨ ਪੰਜਾਬੀ ਦੇ ਅੱਖਰ ‘ਮ’ ਤੋਂ ਮੋਟਰਸਾਈਕਲ, ਮੋਬਾਈਲ, ਮਿਹਨਤ ਛੱਡ ਜਾਣਾ, ਮਤਲਬੀ ਹੋ ਜਾਣਾ ਅਤੇ ਮੁਲਕ ਬੇਗਾਨਾ ਹਰ ਕੋਈ ਜਾਣਾ ਚਾਹੇ ਨਾਲ ਤਸ਼ਬੀਹ ਦੇ ਕੇ ਦਰਸਾਇਆ। ਸੁਰਿੰਦਰ ਸੰਧੂ ਨੇ ਅਣਜੰਮੀ ਧੀ ਦੀ ਪੁਕਾਰ ‘ਪੁੱਤਰਾਂ ਤੋਂ ਪਹਿਲਾਂ ਜੰਮਣ ਧੀਆਂ, ਮਗਰੋਂ ਕੋਈ ਹੋਣ ਦੇਂਦਾ ਨਹੀਂ’ ਕਵਿਤਾ ਰਾਹੀਂ ਬਿਆਨੀ। ਬਲਬੀਰ ਕੌਰ ਨੇ ਆਪਣੇ ਨਿੱਜੀ ਹਵਾਲੇ ਰਾਹੀਂ ਧੀ ਦੇ ਜੰਮਣ ’ਤੇ ਸੋਗ ਵਰਗਾ ਵਾਤਾਵਰਨ ਛਾ ਜਾਣ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਕਿਹਾ ਕਿ ਕਹਿੰਦੇ ਹਨ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹਨ, ਪਰ ਮੰਨਦਾ ਕੋਈ ਨਹੀਂ। ਇਹ ਵੀ ਸੱਚ ਏ ਕਿ ਕੁੜੀਆਂ ਅੱਗੇ ਤਾਂ ਨਿਕਲ ਗਈਆਂ ਹਨ, ਪਰ ਅਜੇ ਵੀ ਮੁੰਡਿਆਂ ਦੇ ਬਰਾਬਰ ਨਹੀਂ ਹਨ।
ਅਮਰਜੀਤ ਸੱਗੂ, ਜੁਗਿੰਦਰ ਪੁਰਬਾ, ਅਵਤਾਰ ਕੌਰ ਢਿੱਲੋਂ ਅਤੇ ਹਰਜੀਤ ਜੌਹਲ ਨੇ ਲੋਕ ਗੀਤਾਂ ਤੇ ਬੋਲੀਆਂ ਨਾਲ ਰੌਣਕ ਲਾਈ। ਸਭਾ ਵਿੱਚ ਸ਼ਾਮਲ ਨਵੇਂ ਮੈਂਬਰਾਂ ਜਸਪਾਲ ਕੌਰ ਢੇਸੀ, ਅਮਰਜੀਤ ਕੌਰ ਸੰਧੂ ਅਤੇ ਪਰਮਜੀਤ ਕੌਰ ਮਰਜ਼ਾਰਾ ਨੂੰ ਹਾਰਦਿਕ ਜੀ ਆਇਆਂ ਆਖਿਆ ਗਿਆ, ਉਪਰੰਤ ਉਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸਭਾ ਵੱਲੋਂ ਨੌਜੁਆਨ ਮੈਂਬਰਾਂ ਦੀ ਕਲਾ ਤੇ ਪ੍ਰਤਿਭਾ ਨੂੰ ਉਭਾਰਨ ਦੇ ਯੋਗ ਉਪਰਾਲੇ ਕੀਤੇ ਜਾਂਦੇ ਹਨ। ਨੌਜੁਆਨ ਮੈਂਬਰ ਮਨਿੰਦਰ ਕੌਰ ਚਾਨੇ ਨੇ ਆਪਣੀ ਅੱਖਰਕਾਰੀ ਤੇ ਕਲਮਕਾਰੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਅੰਮ੍ਰਿਤ ਕੌਰ ਨੇ ਆਪਣੇ ਛੋਟੇ ਜਿਹੇ ਬਿਜ਼ਨਸ ਦੀ ਸਾਂਝ ਪਾਈ।
ਖ਼ਬਰ ਸਰੋਤ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ
ਸੰਪਰਕ: 403-402-9635; 403-590-9629