ਮੈਂ ਹੁਣ ਸ਼ਹਿਰੀ ਖੇਤਰ ਦੀਆਂ ਕਹਾਣੀਆਂ ’ਤੇ ਕੰਮ ਕਰ ਰਿਹਾ ਹਾਂ: ਸਪਰਸ਼ ਸ੍ਰੀਵਾਸਤਵ
ਨਵੀਂ ਦਿੱਲੀ: ‘ਜਾਮਤਾੜਾ’ ਅਤੇ ਭਾਰਤ ਵੱਲੋਂ ਆਸਕਰ ਲਈ ਅਧਿਕਾਰਤ ਫਿਲਮ ‘ਲਾਪਤਾ ਲੇਡੀਜ਼’ ਵਿੱਚ ਆਪਣੀ ਅਦਾਕਾਰੀ ਰਾਹੀਂ ਸੁਰਖੀਆਂ ਵਿੱਚ ਆਏ ਅਦਾਕਾਰ ਸਪਰਸ਼ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਉਸ ਨੂੰ ਪੇਂਡੂ ਪਿਛੋਕੜ ਨਾਲ ਜੁੜੀਆਂ ਭੂਮਿਕਾਵਾਂ ਨਿਭਾਉਣ ਵਿੱਚ ਮਜ਼ਾ ਆਉਂਦਾ ਹੈ ਪਰ ਹੁਣ ਉਸ ਨੇ ਸ਼ਹਿਰੀ ਖੇਤਰ ’ਤੇ ਕੇਂਦਰਿਤ ਕਹਾਣੀਆਂ ’ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀਵਾਸਤਵ ਨੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘‘ ਮੇਰੇ ਕਿਰਦਾਰ ਕਾਫੀ ਵੱਖਰੇ ਹਨ ਪਰ ਹੁਣ ਮੈਂ ਸ਼ਹਿਰੀ ਪਿਛੋਕੜ ’ਤੇ ਕੇਂਦਰਿਤ ਕਿਰਦਾਰ ’ਤੇ ਵੀ ਧਿਆਨ ਦੇ ਰਿਹਾ ਹਾਂ। ਮੈਂ ਅਜਿਹੀਆਂ ਸਕ੍ਰਿਪਟਾਂ ’ਤੇ ਕੰਮ ਕਰ ਰਿਹਾ ਹਾਂ ਜੋ ਸ਼ਹਿਰੀ ਮੁੰਡਿਆਂ ਦੀਆਂ ਕਹਾਣੀਆਂ ਬਿਆਨ ਕਰਦੀਆਂ ਹਨ। ‘ਜਾਮਤਾੜਾ’ ਵਿੱਚ ਮੇਰਾ ਕਿਰਦਾਰ (ਸੰਨੀ ਮੰਡਲ) ਕਾਫੀ ਦੇਸੀ ਤੇ ਅੜਬ ਹੈ। ਜਦੋਂ ਤੁਸੀਂ (ਲਾਪਤਾ ਲੇਡੀਜ਼ ਵਿੱਚ) ਦੀਪਕ ਨੂੰ ਦੇਖੋਗੇ ਤਾਂ ਉਹ ਬਹੁਤ ਮਾਸੂਮ ਤੇ ਪਿਆਰਾ ਹੈ। ਮੈਂ ਦਿਹਾਤੀ ਭਾਰਤ ਨਾਲ ਜੁੜੇ ਖੂਬਸੂਰਤ ਕਿਰਦਾਰਾਂ ਨੂੰ ਵੀ ਨਹੀਂ ਛੱਡਣਾ ਚਾਹੁੰਦਾ ਹਾਂ।’’ ਸ੍ਰੀਵਾਸਤਵ ਨੇ ਕਿਹਾ, ‘‘ਪੂਰੀ ਦੁਨੀਆ ਅਜਿਹੀਆਂ ਫਿਲਮਾਂ ਦਾ ਆਨੰਦ ਮਾਣਦੀ ਹੈ। ਅਜਿਹੇ ਕਿਰਦਾਰਾਂ ਲਈ ਤੁਹਾਨੂੰ ਕਾਫੀ ਪਿਆਰ ਮਿਲਦਾ ਹੈ। ਮੈਨੂੰ ਜੋ ਵੀ ਮੌਕਾ ਮਿਲੇਗਾ, ਮੈਂ ਉਸ ਲਈ ਤਿਆਰ ਹਾਂ। ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਕੁਝ ਨਹੀਂ ਕਰ ਰਿਹਾ ਹਾਂ ਜਾਂ ਮੈਂ ਇਕ ਹੀ ਚੀਜ਼ ਨੂੰ ਵਾਰ-ਵਾਰ ਕਰ ਰਿਹਾ ਹਾਂ।’’ ਉਸ ਨੇ ਕਿਹਾ ਕਿ ‘ਲਾਪਤਾ ਲੇਡੀਜ਼’ ਵਿੱਚ ਦੀਪਕ ਦੀ ਭੂਮਿਕਾ ਲਈ ਤਿਆਰੀ ਕਰਨਾ ਇਕ ਖ਼ਾਸ ਪ੍ਰਕਿਰਿਆ ਸੀ। ਇਹ ਫਿਲਮ ਹਾਲ ਹੀ ਵਿੱਚ ਜਪਾਨ ਵਿੱਚ ਰਿਲੀਜ਼ ਹੋਈ। -ਪੀਟੀਆਈ