ਮੈਂ ਭਾਜਪਾ ਦਾ ਦਿੱਲੀ ਮੁੱਖ ਮੰਤਰੀ ਚਿਹਰਾ ਨਹੀਂ ਹਾਂ: ਰਮੇਸ਼ ਬਿਧੂੜੀ
ਭਾਜਪਾ ਉਮੀਦਵਾਰ ਨੇ ‘ਆਪ’ ਦੇ ਦਾਅਵਿਆਂ ਨੂੰ ‘ਨਿਰਆਧਾਰ’ ਅਤੇ ‘ਗੁਮਰਾਹਕੁੰਨ ਪ੍ਰਚਾਰ’ ਦੱਸਿਆ
ਨਵੀਂ ਦਿੱਲੀ, 12 ਜਨਵਰੀ
ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੇ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਉਨ੍ਹਾਂ ਦਾਅਵਿਆਂ ਨੂੰ ਨਕਾਰਿਆ ਹੈ, ਜਿਸ ’ਚ ‘ਆਪ’ ਨੇ ਕਿਹਾ ਸੀ ਕਿ ਨਵੀਂ ਦਿੱਲੀ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਬਿਧੂੜੀ ਭਾਜਪਾ ਦੇ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਹੈ। ਰਮੇਸ਼ ਬਿਧੂੜੀ ਨੇ ‘ਆਪ’ ਦੇ ਦਾਅਵਿਆਂ ਨੂੰ ‘ਨਿਰਆਧਾਰ’ ਅਤੇ ‘ਗੁਮਰਾਹਕੁਨ ਪ੍ਰਚਾਰ’ ਕਰਾਰ ਦਿੱਤਾ। ਦੋ ਵਾਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਲੋਕ ਦਿੱਲੀ ਵਿੱਚ ਭਾਜਪਾ ਨੂੰ ਸੱਤਾ ’ਚ ਲਿਆਉਣਾ ਚਾਹੁੰਦੇ ਹਨ।
ਬਿਧੂੜੀ ਨੇ ਕਿਹਾ, ‘‘ਪਿਛਲੇ 25 ਸਾਲਾਂ ’ਚ ਮੈਂ ਦੋ ਵਾਰ ਸੰਸਦ ਮੈਂਬਰ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕਾ ਹਾਂ। ਪਾਰਟੀ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਮੈਂ ਕਿਸੇ ਵੀ ਅਹੁਦੇ ਦਾ ਦਾਅਵਾ ਨਹੀਂ ਕਰਦਾ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਮੇਰੇ ਖ਼ਿਲਾਫ਼ ਗੁਮਰਾਹਕੁੰਨ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਅਹੁਦੇ ਦਾ ਦਾਅਵੇਦਾਰ ਨਹੀਂ ਹਾਂ।’’
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਿਹਰਾ ਹੋਣ ਦਾ ਦਾਅਵਾ ਕਰਕੇ ਅਰਵਿੰਦ ਕੇਜਰੀਵਾਲ ਨੇ ਮੰਨ ਲਿਆ ਹੈ ਕਿ ਕੌਮੀ ਰਾਜਧਾਨੀ ਵਿੱਚ ਭਾਜਪਾ ਹੀ ਸਰਕਾਰ ਬਣਾਵੇਗੀ। ਬਿਧੂੜੀ ਨੇ ਕਿਹਾ, ‘‘ਮੇਰੇ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਹੋਣ ਦੀਆਂ ਅਫਵਾਹਾਂ ਬੇਬੁਨਿਆਦ ਹਨ। ਮੈਂ ਤੁਹਾਡੇ ਸੇਵਕ ਵਜੋਂ ਤੁਹਾਡੀ ਅਣਥੱਕ ਸੇਵਾ ਕਰਦਾ ਰਹਾਂਗਾ।’’ -ਏਐੱਨਆਈ