ਮੈਂ ਜਨਮ ਤੋਂ ਬਾਗ਼ੀ ਨਹੀਂ: ਅਮੋਲ ਪਾਲੇਕਰ
ਮੁੰਬਈ: ਉੱਘੇ ਅਦਾਕਾਰ ਤੇ ਨਿਰਦੇਸ਼ਕ ਅਮੋਲ ਪਾਲੇਕਰ ਨੇ ਕਿਹਾ ਕਿ ਉਹ ਜਨਮ ਤੋਂ ਬਾਗ਼ੀ ਨਹੀਂ ਹੈ, ਸਗੋਂ ਉਹ ਵਿਅਕਤੀ ਹੈ, ਜੋ ਉਸ ਨੂੰ ਸਹੀ ਲੱਗਦਾ ਹੈ ਅਤੇ ਉਹ ਉਸ ਨੂੰ ਬੋਲਣ ਲਈ ਮਜਬੂਰ ਹੁੰਦਾ ਹੈ। ਪਿਛਲੇ ਸਾਲਾਂ ’ਚ ਪਾਲੇਕਰ ਨੇ ਸੱਭਿਆਚਾਰਕ ਤੇ ਰਾਜਨੀਤਕ ਮਾਮਲਿਆਂ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਭਾਵੇਂ ਇਹ ਕਲਾਤਮਕ ਆਜ਼ਾਦੀ ਦੀ ਮਹੱਤਤਾ ’ਤੇ ਜ਼ੋਰ ਦੇਣ ਜਾਂ ਮੁੰਬਈ ਤੇ ਬੰਗਲੁਰੂ ਵਿੱਚ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐੱਨਜੀਐੱਮਏ) ’ਚ ਸਲਾਹਕਾਰ ਕਮੇਟੀਆਂ ਨੂੰ ਭੰਗ ਕਰਨ ਦੇ ਫੈਸਲੇ ਲਈ ਸੱਭਿਆਚਾਰਕ ਮੰਤਰਾਲੇ ਦੀ ਆਲੋਚਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਫਿਲਮਾਂ ‘ਦਿ ਕਸ਼ਮੀਰ ਫ਼ਾਈਲਜ਼’ ਤੇ ‘ਦਿ ਕੇਰਲਾ ਸਟੋਰੀ’ ਨੂੰ ਪ੍ਰਾਪੇਗੰਡਾ ਕਰਾਰ ਦਿੱਤਾ ਸੀ। ਪਾਲੇਕਰ ਨੇ ਕਿਹਾ, ‘‘ਮੈਂ ਬਾਗੀ ਨਹੀਂ ਹਾਂ, ਯਕੀਨਨ ਜਨਮ ਤੋਂ ਬਾਗੀ ਨਹੀਂ ਹਾਂ। ਮੈਂ ਕਦੇ ਕਿਸੇ ਨਾਲ ਨਹੀਂ ਲੜਿਆ। ਬਾਗੀ ਹੋਣਾ ਜਾਂ ਵਿਰੋਧ ਕਰਨਾ, ਇਹ ਸਭ ਕਿਤੇ ਨਾ ਕਿਤੇ ਪੈਦਾ ਹੋਇਆ ਹੈ। ਮੈਂ ਸਿਰਫ਼ ਆਪਣੇ ਲਈ ਸੱਚਾ ਬਣਨਾ ਚਾਹੁੰਦਾ ਸੀ। ਜੋ ਵੀ ਮਹਿਸੂਸ ਕੀਤਾ ਮੈਂ ਸਿਰਫ਼ ਉਸ ਨਾਲ ਖੜ੍ਹਨਾ ਚਾਹੁੰਦਾ ਸੀ।’’ ‘ਛੋਟੀ ਸੀ ਬਾਤ’, ‘ਰਜਨੀਗੰਧਾ’ ਤੇ ‘ਚਿੱਤਚੋਰ’ ਜਿਹੀਆਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਅਮੋਲ ਪਾਲੇਕਰ ਕੱਲ੍ਹ ਰਾਤ ਇਕ ਉਦਘਾਟਨ ਸਮਾਰੋਹ ਵਿੱਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਫਿਲਮਸਾਜ਼ ਗੋਵਿੰਦ ਨਿਹਲਾਨੀ ਤੇ ਨਾਨਾ ਪਾਟੇਕਰ ਦੀ ਹਾਜ਼ਰੀ ’ਚ ਪੁਸਤਕ ‘ਵਿਊਫ਼ਾਈਂਡਰ’ ਤੇ ‘ਆਵਾਜ਼’ ਲੋਕ ਅਰਪਣ ਕੀਤੀ ਗਈ। -ਪੀਟੀਆਈ