ਭਾਰਤ ਨੂੰ ਯੂਐੱਨ ਸੁਰੱਖਿਆ ਕੌਂਸਲ ਦੀ ਸਥਾਈ ਮੈਂਬਰੀ ਮਿਲਣ ਲਈ ਆਸਵੰਦ ਹਾਂ: ਜੈਸ਼ੰਕਰ
ਰਾਜਕੋਟ, 2 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਦੀ ਸਥਾਈ ਮੈਂਬਰੀ ਮਿਲਣ ਦਾ ਭਰੋਸਾ ਜਤਾਉਂਦਿਆਂ ਆਖਿਆ ਕਿ ਇਹ ਯਕੀਨੀ ਤੌਰ ’ਤੇ ਹੋਵੇਗਾ ਪਰ ਇਸ ਲਈ ਹੋਰ ਕੋਸ਼ਿਸ਼ਾਂ ਦੀ ਲੋੜ ਹੈ। ਗੁਜਰਾਤ ਦੇ ਰਾਜਕੋਟ ’ਚ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਇਹ ਅਹਿਮ ਸੀਟ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ। ਸੰਯੁਕਤ ਰਾਸ਼ਟਰ ਦੇ ਮੂਲ ਸਥਾਈ ਪੰਜ ਮੈਂਬਰ ਦੇਸ਼ਾਂ ਚੀਨ, ਫਰਾਂਸ, ਰੂਸ, ਬਰਤਾਨੀਆ ਅਤੇ ਅਮਰੀਕਾ ਦੀ ਪ੍ਰਭੂਸੱਤਾ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਨੇ ਆਖਿਆ ਕਿ ਹੁਣ ਭਾਰਤ ਦੀ ਸਥਾਈ ਮੈਂਬਰੀ ਲਈ ਕੌਮਾਂਤਰੀ ਪੱਧਰ ’ਤੇ ਮਾਹੌਲ ਬਣ ਰਿਹਾ ਹੈ। ਜੈਸ਼ੰਕਰ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਦੀ ਸਥਾਪਨਾ ਲਗਪਗ 80 ਵਰ੍ਹੇ ਪਹਿਲਾਂ ਹੋਈ ਸੀ ਅਤੇ ਇਨ੍ਹਾਂ ਪੰਜ ਦੇਸ਼ਾਂ ਨੇ ਆਪਸ ਵਿੱਚ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਦਾ ਫ਼ੈਸਲਾ ਕਰ ਲਿਆ ਸੀ। ਉਨ੍ਹਾਂ ਨੇ ਯੂਐੱਨਐੇੱਸਸੀ ਦੀ ਸਥਾਪਨਾ ਦੇ ਇਤਿਹਾਸਕ ਸਬੰਧ ਜਿੱਥੇ ਉਕਤ ਪੰਜ ਦੇਸ਼ਾਂ ਨੂੰ ਸਥਾਈ ਮੈਂਬਰਸ਼ਿਪ ਮਿਲੀ ਸੀ ਦਾ ਜ਼ਿਕਰ ਕੀਤਾ ਅਤੇ ਨਾਲ 193 ਦੇਸ਼ਾਂ ਨਾਲ ਆਕਾਰ ਲੈ ਰਹੇ ਆਲਮੀ ਦ੍ਰਿਸ਼ ਦੀ ਗੱਲ ਵੀ ਕੀਤੀ।
ਵਿਦੇਸ਼ ਮੰਤਰੀ ਨੇ ਆਖਿਆ, ‘‘ਪਰ ਇਨ੍ਹਾਂ ਦੇਸ਼ਾਂ ਨੇ ਆਪਣਾ ਕੰਟਰੋਲ ਰੱਖਿਆ ਅਤੇ ਅਜੀਬ ਗੱਲ ਇਹ ਹੈ ਕਿ ਤੁਹਾਨੂੰ ਕਿਸੇ ਵੀ ਤਬਦੀਲੀ ਲਈ ਉਨ੍ਹਾਂ ਨੂੰ ਮਨਜ਼ੂਰੀ ਦੇਣ ਲਈ ਕਹਿਣਾ ਪੈਂਦਾ ਹੈ ਕੁਝ ਸਹਿਮਤ ਹੁੰਦੇ ਹਨ ਕੁਝ ਇਮਾਨਦਾਰੀ ਨਾਲ ਆਪਣਾ ਪੱਖ ਰੱਖਦੇ ਹਨ ਜਦਕਿ ਕੁਝ ਪਿੱਛੇ ਤੋਂ ਕੁਝ ਹੋਰ ਕਰਦੇ ਹਨ।
ਕੇਂਦਰੀ ਮੰਤਰੀ ਨੇ ਭਾਰਤ, ਜਪਾਨ, ਜਰਮਨੀ ਤੇ ਮਿਸਰ ਦੀਆਂ ਸਹਿਯੋਗੀ ਤਜਵੀਜ਼ਾਂ ’ਤੇ ਪ੍ਰਗਤੀ ਦਾ ਸੰਕੇਤ ਵੀ ਦਿੱਤਾ ਜਿਹੜੀਆਂ ਸੰਯੁਕਤ ਰਾਸ਼ਟਰ ਦੇ ਸਾਹਮਣੇ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ, ‘‘ਪਰ ਹੁਣ ਪੂਰੀ ਦੁਨੀਆ ’ਚ ਅਜਿਹੀ ਭਾਵਨਾ ਹੈ ਕਿ ਇਹ ਬਦਲਣਾ ਚਾਹੀਦਾ ਹੈ ਅਤੇ ਭਾਰਤ ਨੂੰ ਸਥਾਈ ਮੈਂਬਰੀ ਮਿਲਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਭਾਵਨਾ ਹਰ ਸਾਲ ਵਧ ਰਹੀ ਹੈ।’’ ਜੈਸ਼ੰਕਰ ਮੁਤਾਬਕ, ‘‘ਅਸੀਂ ਯਕੀਨੀ ਤੌਰ ’ਤੇ ਇਹ ਹਾਸਲ ਕਰ ਲਵਾਂਗੇ ਪਰ ਮਿਹਨਤ ਤੋਂ ਬਿਨਾਂ ਕੁਝ ਵੱਡਾ ਹਾਸਲ ਨਹੀਂ ਹੁੰਦਾ। ਇਸ ਲਈ ਇਸ ਵਾਰ ਸਾਨੂੰ ਸਖਤ ਮਿਹਨਤ ਕਰਨੀ ਪਵੇਗੀ।’’ -ਪੀਟੀਆਈ