ਮੈਂ ਵਪਾਰ ਨਹੀਂ ਅਜ਼ਾਰੇਦਾਰੀ ਦੇ ਖ਼ਿਲਾਫ਼ ਹਾਂ: ਰਾਹੁਲ ਗਾਂਧੀ
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਵੇਂ ਉਨ੍ਹਾਂ ਨੂੰ ਵਪਾਰ ਵਿਰੋਧੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸਲ ਵਿੱਚ ਉਹ ਕਾਰੋਬਾਰਾਂ ਦੇ ਨਹੀਂ ਬਲਕਿ ਅਜ਼ਾਰੇਦਾਰੀ ਦੇ ਖ਼ਿਲਾਫ਼ ਹਨ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਉਣ ਲਈ ਬੀਤੇ ਦਿਨ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ਨੂੰ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਸੀ। ਰਾਹੁਲ ਗਾਂਧੀ ਨੇ ਅੱਜ ਐਕਸ ’ਤੇ ਵੀਡੀਓ ਜਾਰੀ ਕਰਕੇ ਕਿਹਾ, ‘ਭਾਜਪਾ ਦੇ ਲੋਕਾਂ ਵੱਲੋਂ ਮੈਨੂੰ ਕਾਰੋਬਾਰ ਵਿਰੋਧੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਕਾਰੋਬਾਰ ਵਿਰੋਧੀ ਨਹੀਂ ਹਾਂ ਬਲਕਿ ਅਜ਼ਾਰੇਦਾਰੀ ਖ਼ਿਲਾਫ਼ ਹਾਂ।’ ਉਨ੍ਹਾਂ ਕਿਹਾ ਕਿ ਉਹ ਉਦਯੋਗ ਸੰਸਾਰ ’ਚ ਦੋ ਜਾਂ ਪੰਜ ਲੋਕਾਂ ਦੀ ਅਜ਼ਾਰੇਦਾਰੀ ਸਥਾਪਤ ਕਰਨ ਖ਼ਿਲਾਫ਼ ਹਨ। ਉਨ੍ਹਾਂ ਕਿਹਾ, ‘ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਮੈਨੇਜਮੈਂਟ ਕੰਸਲਟੈਂਟ ਵਜੋਂ ਕੀਤੀ। ਮੈਂ ਕਾਰੋਬਾਰ ਦੀ ਕਾਮਯਾਬੀ ਲਈ ਜ਼ਰੂਰੀ ਚੀਜ਼ਾਂ ਸਮਝਦਾ ਹਾਂ। -ਪੀਟੀਆਈ