HUSH MONEY ਪੈਸੇ ਦੇ ਕੇ ਪੋਰਨ ਸਟਾਰ ਦਾ ਮੂੰਹ ਬੰਦ ਕਰਨ ਦਾ ਮਾਮਲਾ: ਟਰੰਪ ਨੂੰ ਸਜ਼ਾ, ਪਰ ਨਾ ਜੇਲ੍ਹ ਤੇ ਨਾ ਜੁਰਮਾਨਾ
ਵਾਸ਼ਿੰਗਟਨ, 10 ਜਨਵਰੀ
ਅਮਰੀਕੀ ਅਦਾਲਤ ਨੇ ਦੇਸ਼ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ(78) ਨੂੰ ਪੈਸੇ ਦੇ ਕੇ ਪੋਰਨ ਸਟਾਰ ਦਾ ਮੂੰਹ ਬੰਦ ਕਰਵਾਉਣ (ਹਸ਼ ਮਨੀ) ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ, ਪਰ ਅਦਾਲਤ ਨੇ ਟਰੰਪ ਨੂੰ ਨਾ ਜੇਲ੍ਹ ਭੇਜਿਆ, ਨਾ ਜੁਰਮਾਨਾ ਕੀਤਾ ਤੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਈ। ਅਦਾਲਤ ਦਾ ਇਹ ਫੈਸਲਾ ਟਰੰਪ ਲਈ ਵੱਡੀ ਰਾਹਤ ਹੈ ਤੇ ਇਸ ਨਾਲ ਟਰੰਪ ਲਈ ਵ੍ਹਾਈਟ ਹਾਊਸ ਪੁੱਜਣ ਦਾ ਰਾਹ ਸਾਫ਼ ਹੋ ਗਿਆ ਹੈ। ਮੈਨਹੱਟਨ ਦੀ ਅਦਾਲਤ ਦੇ ਜੱਜ ਜੁਆਨ ਐੱਮ. ਮਰਚੇਨ ਟਰੰਪ ਨੂੰ ਚਾਰ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਰਾਹ ਚੁਣਿਆ ਜਿਸ ਨਾਲ ਸੰਵਿਧਾਨਕ ਸੰਕਟ ਖੜ੍ਹਾ ਨਾ ਹੋਵੇ। ਟਰੰਪ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਰਸਮੀ ਤੌਰ ’ਤੇ ਸਜ਼ਾ ਸੁਣਾਈ ਗਈ ਹੈ। ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ਼ ਲੈਣਾ ਹੈ।
ਟਰੰਪ ਦੇ ਕਿਹੜੇ ਅਧਿਕਾਰ ਅਸਰਅੰਦਾਜ਼ ਹੋਣਗੇ?
ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਭਾਵੇਂ ਜੇਲ੍ਹ ਨਹੀਂ ਜਾਣਾ ਪਏਗਾ, ਪਰ ਨਿਊ ਯਾਰਕ ਦੀ ਕੋਰਟ ਵੱਲੋਂ ਸੁਣਾਈ ਸਜ਼ਾ ਮਗਰੋਂ ਟਰੰਪ ਨੂੰ ਜੁਰਮਾਨੇ ਦੀ ਅਦਾਇਗੀ ਜਾਂ ਫਿਰ ਕਮਿਊਨਿਟੀ ਸਰਵਿਸ ਕਰਨੀ ਪੈ ਸਕਦੀ ਹੈ। ਸਜ਼ਾ ਕਰਕੇ ਟਰੰਪ ਦੇ ਅਪਰਾਧਿਕ ਰਿਕਾਰਡ ’ਤੇ ਗੰਭੀਰ ਦੋਸ਼ ਲੱਗਣਗੇ ਜਿਸ ਨਾਲ ਉਨ੍ਹਾਂ ਦੇ ਕੁਝ ਅਧਿਕਾਰ ਅਸਰਅੰਦਾਜ਼ ਹੋੋਣਗੇ।
ਟਰੰਪ ਦੀ ਵੋਟ ਫਲੋਰਿਡਾ ਵਿਚ ਹੈ ਤੇ ਸਜ਼ਾ ਦੇ ਬਾਵਜੂਦ ਉਨ੍ਹਾਂ ਨੂੰ ਫਲੋਰਿਡਾ ਵਿਚ ਵੋਟ ਪਾਉਣ ਦਾ ਅਧਿਕਾਰ ਰਹੇਗਾ। ਟਰੰਪ ਹੁਣ ਗੰਨ ਵੀ ਨਹੀਂ ਰੱਖ ਸਕਣਗੇ ਕਿਉਂਕਿ ਸੰਘੀ ਕਾਨੂੰਨ ਤਹਿਤ ਘੋਰ ਅਪਰਾਧ ਦੇ ਦੋਸ਼ੀਆਂ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਹੈ। ਟਰੰਪ ਨੂੰ ਆਪਣਾ ਡੀਐੱਨਏ ਨਮੂਨਾ ਵੀ ਦੇਣਾ ਹੋਵੇਗਾ ਕਿਉਂਕਿ ਨਿਊ ਯਾਰਕ ਵਿਚ ਘੋਰ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਸਟੇਟ ਦੇ ਅਪਰਾਧ ਡੇਟਾਬੈਂਕ ਲਈ ਡੀਐੱਨਏ ਦਾ ਨਮੂਨਾ ਦੇਣਾ ਲਾਜ਼ਮੀ ਹੈ। ਟਰੰਪ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਸਕਦੇ ਹਨ ਕਿਉਂਕਿ ਸੰਘੀ ਕਾਨੂੰਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਦਾ ਹੋਵੇ ਕਿਉਂਕਿ ਉਸ ਨੂੰ ਕਿਸੇ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਹੈ। ਟਰੰਪ ਨੂੰ ਅਮਰੀਕਾ ਤੋਂ ਬਾਹਰ ਸਫ਼ਰ ਕਰਨ ਦੀ ਵੀ ਖੁੱਲ੍ਹ ਰਹੇਗੀ ਕਿਉਂਕਿ ਰਾਸ਼ਟਰਪਤੀ ਵਜੋਂ ਟਰੰਪ ਕੋਲ ਕੂਟਨੀਤਕ ਪਾਸਪੋਰਟ ਰਹੇਗਾ। ਸਜ਼ਾ ਕਰਕੇ ਟਰੰਪ ਉੱਤੇ ਸ਼ਰਾਬ ਦਾ ਲਾਇਸੈਂਸ ਲੈਣ ਦੀ ਰੋਕ ਰਹੇਗੀ। ਇਸ ਸਜ਼ਾ ਲਈ ਟਰੰਪ ਨੂੰ ਮੁਆਫ਼ ਕਰਨ ਦਾ ਅਧਿਕਾਰ ਸਿਰਫ਼ ਨਿਊਯਾਰਕ ਦੇ ਗਵਰਨਰ ਕੋਲ ਹੈ। -ਏਪੀ