ਪਤਨੀ ਵੱਲੋਂ ਮੂੰਹ ’ਤੇ ਮਾਰੇ ਘਸੁੰਨ ਕਾਰਨ ਪਤੀ ਦੀ ਮੌਤ
ਪੁਣੇ (ਮਹਾਰਾਸ਼ਟਰ), 25 ਨਵੰਬਰ
ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਔਰਤ ਨੇ ਜਨਮ ਦਿਨ ਮਨਾਉਣ ਲਈ ਦੁਬਈ ਨਾ ਲਿਜਾਣ ਤੋਂ ਨਾਰਾਜ਼ ਹੋ ਕੇ ਪਤੀ ਦੇ ਮੂੰਹ ਉੱਤੇ ਕਥਿਤ ਤੌਰ ’ਤੇ ਘਸੁੰਨ ਮਾਰ ਦਿੱਤਾ ਜਿਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਨੂੰ ਵਾਨਵਾੜੀ ਇਲਾਕੇ ’ਚ ਵਾਪਰੀ। ਪੁਲੀਸ ਮੁਤਾਬਕ ਨਿਖਿਲ ਖੰਨਾ (38) ਰੀਅਲ ਅਸਟੇਟ ਡਿਵੈੱਲਪਰ ਸੀ। ਵਾਨਵਾੜੀ ਥਾਣੇ ਦੇ ਇੱਕ ਅਧਿਕਾਰੀ ਨੇ ਦੱੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਨਿਖਿਲ ਦੀ ਪਤਨੀ ਦਾ 18 ਸਤੰਬਰ ਨੂੰ ਜਨਮ ਦਿਨ ਸੀ। ਉਹ ਜਨਮ ਦਿਨ ਮਨਾਉਣ ਲਈ ਦੁਬਈ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਇਹ ਮੰਗ ਪੂਰੀ ਨਹੀਂ ਕੀਤੀ। ਉਨ੍ਹਾਂ ਦੱਸਿਆ, ‘‘ਇਸ ਤੋਂ ਇਲਾਵਾ 5 ਨਵੰਬਰ ਨੂੰ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਵੀ ਸੀ ਅਤੇ ਉਸ ਨੂੰ ਪਤੀ ਤੋਂ ਤੋਹਫ਼ੇ ਦੀ ਉਮੀਦ ਸੀ। ਔਰਤ ਇਸ ਲਈ ਵੀ ਪ੍ਰੇਸ਼ਾਨ ਸੀ ਕਿ ਉਹ ਆਪਣੇ ਰਿਸ਼ਤੇਦਾਰ ਦੇ ਜਨਮ ਦਿਨ ’ਤੇ ਦਿੱਲੀ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਇਹ ਮੰਗ ਵੀ ਪੂਰੀ ਨਹੀਂ ਕੀਤੀ।’’ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਜੋੜੇ ਵਿਚਾਲੇ ਬਹਿਸ ਹੋ ਗਈ। ਗੁੱਸੇ ’ਚ ਆਈ ਔਰਤ ਨੇ ਪਤੀ ਦੇ ਨੱਕ ’ਤੇ ਘਸੁੰਨ ਮਾਰ ਦਿੱਤਾ, ਜਿਸ ਕਾਰਨ ਕਾਫ਼ੀ ਖੂਨ ਨਿਕਲਣ ਕਰਕੇ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਵੱਲੋਂ ਸੂਚਨਾ ਦੇਣ ਮਗਰੋਂ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਨਿਖਿਲ ਖੰਨਾ ਨੂੰ ਲੈ ਕੇ ਹਸਪਤਾਲ ਗਈ, ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਔਰਤ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ