ਮਹਿਲਾ ਆਈਏਐੱਸ ਅਧਿਕਾਰੀ ਦਾ ਪਤੀ ਵਿਦੇਸ਼ੀ ਔਰਤ ਨਾਲ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਮਾਰਚ
ਪੰਜਾਬ ਦੀ ਇੱਕ ਆਈਏਐੱਸ ਅਧਿਕਾਰੀ ਦੇ ਪਤੀ ਨੂੰ ਲੁਧਿਆਣਾ ਪੁਲੀਸ ਨੇ ਇੱਕ ਕੋਠੀ ’ਚ ਔਰਤ ਨਾਲ ਇਤਰਾਜ਼ਯੋਗ ਹਾਲਤ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਫਿਰੋਜ਼ਪੁਰ ਰੋਡ ਸਥਿਤ ਇੱਕ ਕੋਠੀ ’ਚ ਛਾਪਾ ਮਾਰਿਆ ਸੀ, ਜਿਥੋਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਦੀ ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਆਈਏਐੱਸ ਅਧਿਕਾਰੀ ਦਾ ਪਤੀ ਹੈ ਜੋ ਲੁਧਿਆਣਾ ਨਗਰ ਨਿਗਮ ’ਚ ਉੱਚ ਅਹੁਦੇ ’ਤੇ ਤਾਇਨਾਤ ਰਹਿ ਚੁੱਕੀ ਹੈ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਇਸ ਮਾਮਲੇ ’ਚ ਗੁਰਬੀਰ ਇੰਦਰ ਢਿੱਲੋਂ ਵਾਸੀ ਪਿੰਡ ਭਾਗਸਰ, ਸ੍ਰੀ ਮੁਕਤਸਰ ਸਾਹਿਬ ਅਤੇ ਉਸ ਦੀ ਸਾਥਣ ਵਿਦੇਸ਼ੀ ਔਰਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਸੂਤਰਾਂ ਮੁਤਾਬਕ ਮੁਲਜ਼ਮ ਗੁਰਬੀਰ ਦੇਹ ਵਪਾਰ ਚਲਾਉਂਦਾ ਸੀ ਅਤੇ ਵਿਦੇਸ਼ੀ ਲੜਕੀਆਂ ਮੰਗਵਾਉਂਦਾ ਸੀ। ਰੋਜ਼ਾਨਾ ਲੜਕੀਆਂ ਦੇ ਆਉਣ-ਜਾਣ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨ ਸਨ ਜਿਨ੍ਹਾਂ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ।
ਥਾਣਾ ਡਿਵੀਜ਼ਨ ਨੰ. 5 ਦੇ ਐੱਸਐੱਚਓ ਇੰਸਪੈਕਟਰ ਭਗਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਕੋਠੀ ’ਚ ਦੇਹ ਵਪਾਰ ਚਲਾਇਆ ਜਾ ਰਿਹਾ ਹੈ। ਇਹ ਵੀ ਸੂਚਨਾ ਸੀ ਕਿ ਕੋਠੀ ’ਚ ਕਈ ਵੱਡੇ ਲੋਕ ਅਤੇ ਵਿਦੇਸ਼ੀ ਲੜਕੀਆਂ ਦਾ ਅਕਸਰ ਆਉਣਾ-ਜਾਣਾ ਰਹਿੰਦਾ ਹੈ। ਇਸ ਸੂਚਨਾ ਦੇ ਆਧਾਰ ’ਤੇ ਹੀ ਕੋਠੀ ’ਚ ਛਾਪਿਆ ਮਾਰਿਆ ਗਿਆ, ਜਿੱਥੇ ਮੁਲਜ਼ਮ ਗੁਰਬੀਰ ਇੰਦਰ ਢਿੱਲੋਂ ਨੂੰ ਇੱਕ ਵਿਦੇਸ਼ੀ ਔਰਤ ਨਾਲ ਗ੍ਰਿਫ਼ਤਾਰ ਕੀਤਾ ਗਿਆ।