ਪਤੀ ਵੱਲੋਂ ਪਤਨੀ ਤੇ ਬੱਚੇ ਦੀ ਹੱਤਿਆ
ਗੁਰਦੀਪ ਸਿੰਘ ਭੱਟੀ
ਟੋਹਾਣਾ, 6 ਜਨਵਰੀ
ਇੱਥੇ ਅੱਜ ਪਤੀ ਨੇ ਆਪਣੀ ਪਤਨੀ ਅਤੇ ਛੇ ਮਹੀਨਿਆਂ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ। ਇਥੋਂ ਦੇ ਪਿੰਡ ਚੂੁਲੀ ਬਾਗੜੀਆਨ ਦੀ ਰਾਧਿਕਾ (22) ਨੇ ਕਰੀਬ ਦੋ ਸਾਲ ਪਹਿਲਾਂ ਆਪਣੇ ਮਾਸੀ ਦੇ ਮੁੰਡੇ ਪ੍ਰੇਮ ਕੁਮਾਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ।
ਮਗਰੋਂ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਅੱਜ ਪ੍ਰੇਮ ਕੁਮਾਰ ਨੇ ਆਪਣੀ ਪਤਨੀ ਰਾਧਿਕਾ ਤੇ ਛੇ ਮਹੀਨੇ ਦੇ ਪੁੱਤਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਖੂਨ ਨਾਲ ਲੱਥਪਥ ਪ੍ਰੇਮ ਕੁਮਾਰ ਬਾਹਰ ਨਿਕਲਿਆ ਤੇ ਪੁਲੀਸ ਨੇ ਸ਼ੱਕ ਹੋਣ ’ਤੇ ਉਸ ਨੂੰ ਕਾਬੂੁ ਕਰ ਲਿਆ। ਇਸ ਦੌਰਾਨ ਮੁਲਜ਼ਮ ਤੋਂ ਪੁੱਛ ਪੱਤਾਲ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਲਿਆ। ਡੀਐੱਸਪੀ ਸੰਜੀਵ ਕੰਟੇਵਾ ਭਾਦਰਾ (ਰਾਜਸਥਾਨ) ਤੇ ਮ੍ਰਿਤਕਾ ਰਾਧਿਕਾ ਦੇ ਪਿਤਾ ਰਾਜਿੰਦਰ ਮੇਘਵਾਲ ਵੀ ਉਸ ਮਕਾਨ ਵਿੱਚ ਪੁੱਜੇ ਜਿੱਥੇ ਪ੍ਰੇਮੀ ਜੋੜਾ ਛੇ ਮਹੀਨੇ ਦੇ ਬੱਚੇ ਨਾਲ ਕਿਰਾਏ ’ਤੇ ਰਹਿੰਦਾ ਸੀ। ਮ੍ਰਿਤਕਾ ਰਾਧਿਕਾ ਦੇ ਪਿਤਾ ਰਾਜਿੰਦਰ ਮੇਘਵਾਲ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਰਾਧਿਕਾ ਨੇ ਟੈਲੀਫ਼ੋਨ ’ਤੇ ਝਗੜਾ ਹੋਣ ਬਾਰੇ ਦੱਸਿਆ ਸੀ। ਪ੍ਰੇਮ ਕੁਮਾਰ ਕੇਲੇ ਦੇ ਵਪਾਰੀ ਕੋਲ ਨੌਕਰੀ ਕਰਦਾ ਸੀ। ਡੀਐੱਸਪੀ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਪੁਲੀਸ ਮਾਹਿਰਾਂ ਦੀਆਂ ਟੀਮਾਂ ਵਾਰਦਾਤ ਦਾ ਜਾਇਜ਼ਾ ਲੈ ਰਹੀਆਂ ਹਨ।
ਉਧਰ, ਪੁਲੀਸ ਮੁਤਾਬਿਕ ਮ੍ਰਿਤਕ ਰਾਧਿਕਾ ਵੱਲੋ ਮਾਸੀ ਦੇ ਪੁੱਤਰ ਨਾਲ ਪ੍ਰੇਮ ਵਿਆਹ ਕਰਨ ਤੋਂ ਸਾਰਾ ਪਰਿਵਾਰ ਨਰਾਜ਼ ਚਲ ਰਿਹਾ ਸੀ। ਇਸ ਕਾਰਨ ਪੁਲੀਸ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਰਹੀ ਹੈ। ਦੋਵਾਂ ਜੀਆਂ ਦੀ ਹੱਤਿਆ ਹੋਣ ਮਗਰੋਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ।