ਤਾਂਤਰਿਕ ਕੋਲ ਜਾਣ ਤੋਂ ਰੋਕਣ ’ਤੇ ਪਤੀ ਦੀ ਹੱਤਿਆ
ਹੁਸ਼ਿਆਰ ਸਿੰਘ ਘਟੌੜਾ/ਜਗਜੀਤ ਸਿੰਘ ਸਿੱਧੂ
ਰਾਮਾਂ ਮੰਡੀ/ਤਲਵੰਡੀ ਸਾਬੋ, 24 ਨਵੰਬਰ
ਇੱਥੋਂ ਦੇ ਪਿੰਡ ਗਾਟਵਾਲੀ ਵਿੱਚ ਇਕ ਔਰਤ ਸੁਖਬੀਰ ਕੌਰ ਨੇ ਪਿੰਡ ਦੀ ਤਾਂਤਰਿਕ ਔਰਤ ਨਾਲ ਮਿਲ ਕੇ ਆਪਣੇ ਪਤੀ ਬਲਵੀਰ ਸਿੰਘ ਵਾਸੀ ਤਲਵੰਡੀ ਸਾਬੋ ਦੀ ਸਿਰ ’ਚ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮਾਂ ਨੇ ਲਾਸ਼ ਖੁਰਦ-ਬੁਰਦ ਕਰਨ ਲਈ ਖੇਤ ’ਚ ਦੱਬ ਦਿੱਤੀ। ਵਾਰਦਾਤ ਨੂੰ ਲਗਪਗ ਛੇ ਦਿਨ ਪਹਿਲਾਂ ਅੰਜਾਮ ਦਿੱਤਾ ਗਿਆ ਸੀ ਪਰ ਇਸ ਬਾਰੇ ਪਤਾ ਅੱਜ ਲੱਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕੇ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀਐੱਸਪੀ ਤਲਵੰਡੀ ਸਾਬੋ ਰਾਜ਼ੇਸ ਸਨੇਹੀ ਨੇ ਦੱਸਿਆ ਕਿ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਵਾਸੀ ਤਲਵੰਡੀ ਸਾਬੋ ਨੇ ਕੱਲ੍ਹ ਆਪਣੇ ਭਰਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਤਲਵੰਡੀ ਸਾਬੋ ਥਾਣੇ ’ਚ ਦਰਜ ਕਰਵਾਈ ਸੀ ਕਿ ਉਸ ਦਾ ਭਰਾ 18 ਨਵੰਬਰ ਤੋਂ ਲਾਪਤਾ ਹੈ। ਸ਼ਿਕਾਇਤ ਵਿੱਚ ਉਸ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਸ ਦੇ ਭਰਾ ਬਲਵੀਰ ਸਿੰਘ ਦੀ ਉਸ ਦੀ ਭਰਜਾਈ ਸੁਖਬੀਰ ਕੌਰ ਨੇ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਤਲਵੰਡੀ ਸਾਬੋ ਪੁਲੀਸ ਨੇ ਸੁਖਬੀਰ ਕੌਰ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ। ਜਾਂਚ ’ਚ ਬਲਵੀਰ ਸਿੰਘ ਦੀ ਹੱਤਿਆ ਦਾ ਪਤਾ ਲੱਗਾ। ਪੁਲੀਸ ਅਨੁਸਾਰ ਸੁਖਬੀਰ ਕੌਰ ਪਿੰਡ ਗਾਟਵਾਲੀ ਵਿੱਚ ਤਾਂਤਰਿਕ ਗੁਰਪ੍ਰੀਤ ਕੌਰ ਕੋਲ ਪੁੱਛ ਲੈਣ ਦਾ ਬਹਾਨਾ ਬਣਾ ਕੇ ਆਉਂਦੀ ਜਾਂਦੀ ਰਹਿੰਦੀ ਸੀ ਅਤੇ ਦੋਵਾਂ ਵਿਚਕਾਰ ਦੋਸਤੀ ਹੋ ਗਈ। ਬਲਵੀਰ ਸਿੰਘ ਆਪਣੀ ਪਤਨੀ ਨੂੰ ਤਾਂਤਰਿਕ ਕੋਲ ਜਾਣ ਤੋਂ ਰੋਕਦਾ ਸੀ। ਸੁਖਬੀਰ ਕੌਰ ਨੇ ਆਪਣੇ ਪਤੀ ਨੂੰ ਰਾਹ ’ਚੋਂ ਹਟਾਉਣ ਲਈ ਤਾਂਤਰਿਕ ਨਾਲ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ। ਹੱਤਿਆ ਮਗਰੋਂ ਦੋਵਾਂ ਨੇ ਤਾਂਤਰਿਕ ਗੁਰਪ੍ਰੀਤ ਕੌਰ ਦੇ ਪਿਤਾ ਲੀਲਾ ਸਿੰਘ, ਮਾਸੀ ਵੀਰਪਾਲ ਕੌਰ ਗਾਟਵਾਲੀ ਅਤੇ ਗੁਰਪ੍ਰੀਤ ਦੇ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ ਨਾਲ ਮਿਲ ਕੇ ਲਾਸ਼ ਵੀਰਪਾਲ ਕੌਰ ਦੇ ਘਰ ਦੇ ਪਿਛਲੇ ਪਾਸੇ ਖੇਤ ’ਚ ਦੱਬ ਦਿੱਤੀ।
ਅੱਜ ਪੁਲੀਸ ਨੇ ਗੁਰਪ੍ਰੀਤ ਨੂੰ ਨਾਲ ਲਿਆ ਕੇ ਡਿਊਟੀ ਮੈਜਿਸਟਰੇਟ ਸਿਕੰਦਰ ਸਿੰਘ ਦੀ ਅਗਵਾਈ ਹੇਠ ਖੇਤ ’ਚੋਂ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਹੱਤਿਆ ਮਾਮਲੇ ਵਿੱਚ ਤਲਵੰਡੀ ਸਾਬੋ ਪੁਲੀਸ ਨੇ ਸੁਖਬੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਤਲਵੰਡੀ ਸਾਬੋ, ਤਾਂਤਰਿਕ ਔਰਤ ਗੁਰਪ੍ਰੀਤ ਕੌਰ, ਉਸ ਦੇ ਪਿਤਾ ਲੀਲਾ ਸਿੰਘ, ਮਾਸੀ ਵੀਰਪਾਲ ਕੌਰ ਵਾਸੀ ਗਾਟਵਾਲੀ ਅਤੇ ਗੁਰਪ੍ਰੀਤ ਕੌਰ ਦੇ ਪਤੀ ਕੁਲਵਿੰਦਰ ਸਿੰਘ ਵਾਸੀ ਨੌਰੰਗ ਖ਼ਿਲਾਫ਼ ਕੇਸ ਦਰਜ ਕਰਕੇ ਸੁਖਬੀਰ ਕੌਰ ਤੇ ਗੁਰਪ੍ਰੀਤ ਕੌਰ ਨੂੰ ਕਾਬੂ ਕਰ ਲਿਆ ਹੈ।
ਰਸੂਲਪੁਰ ’ਚ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
ਕਾਦੀਆਂ (ਮਕਬੂਲ ਅਹਿਮਦ): ਵਡਾਲਾ ਗ੍ਰੰਥੀਆਂ ਚੌਕੀ ਦੇ ਅਧੀਨ ਪੈਂਦੇ ਪਿੰਡ ਰਸੂਲਪੁਰ ਵਿੱਚ ਬੀਤੀ ਰਾਤ ਕਾਰ ਸਵਾਰ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਭਰਾ ਤੇ ਕਰਨਾਮਾ ਦੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਲਬੀਰ ਸਿੰਘ ਉਰਫ਼ ਸਾਬੀ (50) ਪੁੱਤਰ ਲਖਬੀਰ ਸਿੰਘ ਵਾਸੀ ਕਰਨਾਮਾ ਪਿੰਡ ਪੰਜ ਗਰਾਇਆ ’ਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ, ਜਦੋਂ ਉਹ ਆਪਣੇ ਨਿੱਜੀ ਕੰਮ ਲਈ ਰਾਤ ਨੂੰ ਪਿੰਡ ਦੁਨੀਆ ਸੰਧੂ ਜਾ ਰਿਹਾ ਸੀ ਤਾਂ ਪਿੰਡ ਰਸੂਲਪੁਰ ਨੇੜੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸੇਖਵਾਂ ਦੇ ਐੱਸਐੱਚਓ ਗੁਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬਟਾਲਾ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਪੁਲੀਸ ਅਧਿਕਾਰੀਆਂ ਨਾਲ ਮਿਲ ਕੇ ਘਟਨਾ ਸਥਾਨ ਦਾ ਦੌਰਾ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।
ਰੂੜੇਕੇ ਕਲਾਂ ’ਚ ਸਹੁਰਿਆਂ ਵੱਲੋਂ ਜਵਾਈ ਦਾ ਕਤਲ
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਪਿੰਡ ਰੂੜੇਕੇ ਕਲਾਂ ਵਿੱਚ ਬੀਤੀ ਰਾਤ ਸਹੁਰਿਆਂ ਵੱਲੋਂ ਆਪਣੇ ਜਵਾਈ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੀ ਪਤਨੀ ਵੀਰਪਾਲ ਕੌਰ, ਸਹੁਰਾ ਦੁੱਲਾ ਸਿੰਘ ਤੇ ਸੱਸ ਰਾਣੀ ਕੌਰ ਦੋਵੇਂ ਵਾਸੀ ਭੁਪਾਲ ਜ਼ਿਲ੍ਹਾ ਮਾਨਸਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦਾ ਆਪਣੀ ਪਤਨੀ ਵੀਰਪਾਲ ਕੌਰ ਨਾਲ ਕਾਫੀ ਲੰਮੇ ਸਮੇਂ ਤੋਂ ਝਗੜਾ ਚੱਲਦਾ ਸੀ ਜਿਸ ਨੂੰ ਸੁਲਝਾਉਣ ਲਈ ਉਸ ਦੇ ਸੱਸ-ਸਹੁਰਾ ਪਿੰਡ ਰੂੜੇਕੇ ਕਲਾਂ ਆਏ ਹੋਏ ਸਨ। ਤਕਰਾਰ ਤੋਂ ਬਾਅਦ ਉਨ੍ਹਾਂ ਆਪਣੀ ਧੀ ਨਾਲ ਮਿਲ ਕੇ ਰਾਤ ਨੂੰ ਆਪਣੇ ਜਵਾਈ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲੀਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਅਲੱਗ ਕਮਰੇ ਵਿੱਚ ਸੁੱਤੀ ਸੀ ਅਤੇ ਉਸ ਦਾ ਪੁੱਤਰ, ਨੂੰਹ ਤੇ ਸਹੁਰਾ ਪਰਿਵਾਰ ਅਲੱਗ ਕਮਰੇ ਵਿੱਚ ਸੁੱਤੇ ਹੋਏ ਸਨ। ਜਦ ਉਸ ਨੇ ਸਵੇਰੇ ਉੱਠ ਕੇ ਵੇਖਿਆ ਤਾਂ ਉਸ ਦੇ ਪੁੱਤਰ ਹਰਜਿੰਦਰ ਸਿੰਘ ਦੀ ਫਰਸ਼ ’ਤੇ ਖੂਨ ਨਾਲ ਲੱਥ-ਪੱਥ ਲਾਸ਼ ਪਈ ਸੀ। ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।