For the best experience, open
https://m.punjabitribuneonline.com
on your mobile browser.
Advertisement

ਪਤਨੀ ਦਾ ਪਾਸਪੋਰਟ ਅਤੇ ਗਰੀਨ ਕਾਰਡ ਲੈ ਕੇ ਵਿਦੇਸ਼ ਭੱਜਿਆ ਪਤੀ

08:06 AM May 13, 2024 IST
ਪਤਨੀ ਦਾ ਪਾਸਪੋਰਟ ਅਤੇ ਗਰੀਨ ਕਾਰਡ ਲੈ ਕੇ ਵਿਦੇਸ਼ ਭੱਜਿਆ ਪਤੀ
Advertisement

ਹਤਿੰਦਰ ਮਹਿਤਾ
ਜਲੰਧਰ, 12 ਮਈ
ਇੱਥੇ ਸਪੇਨ ਤੋਂ ਪਰਤੀ ਵਿਆਹੁਤਾ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪੰਜਾਬ ਛੱਡ ਕੇ ਵਿਦੇਸ਼ ਭੱਜ ਗਏ ਹਨ ਅਤੇ ਜਾਂਦੇ ਸਮੇਂ ਉਹ ਉਸ ਦਾ ਪਾਸਪੋਰਟ ਵੀ ਆਪਣੇ ਨਾਲ ਲੈ ਗਏ। ਮਹਿਲਾ ਨੇ ਬੀਤੀ ਦੇਰ ਰਾਤ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਲਿਖਤੀ ਸ਼ਿਕਾਇਤ ਦਿੱਤੀ।
ਸਪੇਨ ਦੀ ਰਹਿਣ ਵਾਲੀ ਅਨੁਰਾਧਾ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਪ੍ਰੀਤ ਨਗਰ, ਜਲੰਧਰ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਜਲੰਧਰ ਦੇ ਰਹਿਣ ਵਾਲੇ ਇੰਦਰ ਨਾਂ ਦੇ ਵਿਅਕਤੀ ਨਾਲ ਹੋਇਆ ਸੀ। ਵਿਆਹ ਮਗਰੋਂ ਦੋਵੇਂ ਸਪੇਨ ਚਲੇ ਗਏ। ਪੀੜਤਾ ਨੇ ਦੇਰ ਰਾਤ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਵਿਆਹ ਮਗਰੋਂ ਦੋਵਾਂ ਦੇ ਬੱਚਾ ਨਹੀਂ ਹੋ ਰਿਹਾ ਸੀ, ਜਿਸ ਕਾਰਨ ਅਕਸਰ ਹੀ ਸਹੁਰਿਆਂ ਵੱਲੋਂ ਉਸ ਨਾਲ ਦੁਰਵਿਹਾਰ ਕੀਤਾ ਜਾਂਦਾ ਸੀ। ਇਸੇ ਗੱਲ ਨੂੰ ਲੈ ਕੇ ਸਹੁਰਿਆਂ ਨੇ ਕਈ ਵਾਰ ਉਸ ਦੀ ਕੁੱਟਮਾਰ ਵੀ ਕੀਤੀ ਪਰ ਉਸ ਨੇ ਆਪਣਾ ਘਰ ਬਚਾਉਣ ਲਈ ਕੁਝ ਨਹੀਂ ਕਿਹਾ। ਕੁਝ ਦਿਨ ਪਹਿਲਾਂ ਉਹ ਆਪਣੇ ਸਹੁਰਿਆਂ ਨਾਲ ਸਪੇਨ ਤੋਂ ਪੰਜਾਬ ਆਈ ਸੀ ਅਤੇ ਸ਼ਨਿਚਰਵਾਰ ਦੇਰ ਰਾਤ ਸਹੁਰਾ ਪਰਿਵਾਰ ਆਪਣੇ ਲੜਕੇ ਸਣੇ ਵਾਪਸ ਸਪੇਨ ਚਲੇ ਗਏ ਅਤੇ ਜਾਂਦੇ ਸਮੇਂ ਉਸ ਦਾ ਪਾਸਪੋਰਟ ਅਤੇ ਨਾਗਰਿਕਤਾ (ਗਰੀਨ) ਕਾਰਡ ਵੀ ਆਪਣੇ ਨਾਲ ਲੈ ਗਏ। ਮਹਿਲਾ ਨੇ ਦੋਸ਼ ਲਾਇਆ ਹੈ ਕਿ ਸਪੇਨ ਵਿੱਚ ਵੀ ਉਸ ਦਾ ਪਤੀ ਅਕਸਰ ਉਸ ਨੂੰ ਕੁੱਟਦਾ ਸੀ।
ਇਸ ਸਬੰਧੀ ਜਾਂਚ ਅਧਿਕਾਰੀ ਏਐੱਸਆਈ ਫਕੀਰ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×