ਸੜਕ ਹਾਦਸੇ ਵਿੱਚ ਪਤੀ ਦੀ ਮੌਤ, ਪਤਨੀ ਜ਼ਖ਼ਮੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਜਨਵਰੀ
ਰਾਹੋਂ ਰੋਡ ’ਤੇ ਪਿੰਡ ਲੱਖੋਵਾਲ ਕਲਾਂ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਗੁਰਬਚਨ ਸਿੰਘ (45) ਵਾਸੀ ਗੁਰੂ ਨਾਨਕ ਨਗਰ, ਰਾਜਪੁਰਾ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਮਨਜੀਤ ਕੌਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਇਹ ਦੋਵੇਂ ਪਤੀ-ਪਤਨੀ ਰਾਹੋਂ ਤੋਂ ਆਪਣੀ ਭੈਣ ਨੂੰ ਮਿਲ ਕੇ ਵਾਪਸ ਮੋਟਰਸਾਈਕਲ ’ਤੇ ਰਾਜਪੁਰਾ ਜਾ ਰਹੇ ਸਨ ਕਿ ਪਿੰਡ ਲੱਖੋਵਾਲ ਕਲਾਂ ਨੇੜ੍ਹੇ ਇੱਕ ਕਾਲੇ ਰੰਗ ਦੀ ਇੰਡੀਕਾ ਕਾਰ ਨੇ ਇਨ੍ਹਾਂ ਨੂੰ ਫੇਟ ਮਾਰ ਦਿੱਤੀ।
ਇਸ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਗੁਰਬਚਨ ਸਿੰਘ ਤੇ ਮਨਜੀਤ ਕੌਰ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਇਨ੍ਹਾਂ ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਸਮਰਾਲਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਗੁਰਬਚਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਉਸਦੀ ਪਤਨੀ ਮਨਜੀਤ ਕੌਰ ਮਾਮੂਲੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈ। ਇਸ ਮਾਮਲੇ ਵਿੱਚ ਮਾਛੀਵਾੜਾ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਗੁਰਬਚਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਲੋਹੜੀ ਮਨਾਉਣ ਲਈ ਲੁਧਿਆਣਾ ਆਏ ਨੌਜਵਾਨ ਦੀ ਮੌਤ
ਲੁਧਿਆਣਾ (ਗੁਰਿੰਦਰ ਸਿੰਘ): ਹਰਿਆਣਾ ਤੋਂ ਲੁਧਿਆਣਾ ਲੋਹੜੀ ਮਨਾਉਣ ਆਏ ਇੱਕ ਨੌਜਵਾਨ ਦੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ 24 ਸਾਲਾ ਚਿਰਾਗ ਹਰਿਆਣਾ ਦੇ ਇਲਾਕੇ ਹਾਂਸੀ ਦਾ ਰਹਿਣ ਵਾਲਾ ਸੀ ਅਤੇ ਆਪਣੇ ਦੋਸਤਾਂ ਨਾਲ ਇੱਥੇ ਲੋਹੜੀ ਮਨਾਉਣ ਲਈ ਆਇਆ ਸੀ। ਉਹ ਅੱਜ ਆਪਣੇ ਦੋਸਤਾਂ ਨਾਲ ਦੁਪਹਿਰ ਇੱਕ ਵਜੇ ਜਦੋਂ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਪੁੱਜਣ ਤੇ ਉਤਰਿਆ ਅਤੇ ਹਾਲੇ 100 ਮੀਟਰ ਹੀ ਚੱਲਿਆ ਹੋਵੇਗਾ ਕਿ ਉਸ ਦੇ ਸੀਨੇ ਵਿੱਚ ਦਰਦ ਸ਼ੁਰੂ ਹੋ ਗਿਆ। ਉਸਨੇ ਆਪਣੇ ਦੋਸਤਾਂ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਇੱਕ ਸਾਈਡ ’ਤੇ ਬੈਠ ਗਿਆ। ਇਸ ਦੌਰਾਨ ਦਰਦ ਵਧਣ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉਸਦੇ ਦੋਸਤ ਤੁਰੰਤ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੋਂ ਡਾਕਟਰ ਨੇ ਉਸਨੂੰ ਸਿਵਲ ਹਸਪਤਾਲ ਭੇਜ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸਦੀ ਲਾਸ਼ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਹਰਿਆਣਾ ਵਿੱਚ ਉਸ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਧੂਰੀ ਦਾ ਰਹਿਣ ਵਾਲਾ ਹੈ ਅਤੇ ਚਿਰਾਗ ਉਸਦੇ ਭੂਆ ਦੇ ਲੜਕਿਆਂ ਦਾ ਦੋਸਤ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਲਾਸ਼ ਉਨ੍ਹਾਂ ਦੇ ਹਵਾਲੇ ਕੀਤੀ ਜਾਵੇਗੀ।