ਇੰਗਲੈਂਡ ਨਾ ਸੱਦਣ ’ਤੇ ਪਤੀ ਨੇ ਖ਼ੁਦਕੁਸ਼ੀ ਕੀਤੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 19 ਅਕਤੂਬਰ
ਨੇੜਲੇ ਪਿੰਡ ਆਲੋਅਰਖ ਵਿੱਚ ਨੌਜਵਾਨ ਨੇ ਪਤਨੀ ਵੱਲੋਂ ਉਸ ਨੂੰ ਇੰਗਲੈਂਡ ਨਾ ਬੁਲਾਉਣ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਾਜਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਨਾਜਰ ਸਿੰਘ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਥਾਨਕ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ’ਚ ਮੁਖਤਿਆਰ ਸਿੰਘ ਸਿੰਘ ਨੇ ਦੱਸਿਆ ਕਿ ਸੰਨ 2021 ’ਚ ਉਸ ਦੇ ਪੁੱਤਰ ਨਾਜਰ ਸਿੰਘ ਦਾ ਵਿਆਹ ਕਸ਼ਿਸ਼ ਵਾਸੀ ਭਵਾਨੀਗੜ੍ਹ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਨੂੰਹ ਦੇ ਪਿਤਾ ਜਗਸੀਰ ਚੰਦ, ਮਾਤਾ ਬਬੀਤਾ ਰਾਣੀ ਨੇ ਤਲਾਕ ਦੀ ਧਮਕੀ ਦਿੰਦਿਆਂ ਕਸ਼ਿਸ਼ ਨੂੰ ਇੰਗਲੈਂਡ ਭੇਜਣ ਲਈ ਦਬਾਅ ਪਾਇਆ। ਉਨ੍ਹਾਂ ਨੇ ਆਪਣੇ ਪੁੱਤਰ ਦਾ ਘਰ ਵੱਸਦਾ ਰੱਖਣ ਮਜਬੂਰਨ ਜ਼ਮੀਨ ਵੇਚ ਕੇ ਨੂੰਹ ਨੂੰ ਇੰਗਲੈਂਡ ਸਟੱਡੀ ਵੀਜ਼ੇ ’ਤੇ ਭੇਜ ਦਿੱਤਾ। ਇੰਗਲੈਂਡ ਪਹੁੰਚਣ ਤੋਂ ਬਾਅਦ ਉੁਹ ਆਪਣੇ ਪਤੀ ਨਾਜਰ ਸਿੰਘ ਨਾਲ ਫੋਨ ’ਤੇ ਗੱਲ ਕਰਨੋਂ ਹਟ ਗਈ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸੇ ਪ੍ਰੇਸ਼ਾਨੀ ਕਾਰਨ 17 ਅਕਤੂਬਰ ਨੂੰ ਨਾਜਰ ਸਿੰਘ ਨੇ ਸਲਫਾਸ ਨਿਗਲ ਲਈ। ਗੰਭੀਰ ਹਾਲਤ ਵਿੱਚ ਉਸ ਨੂੰ ਪਹਿਲਾਂ ਭਵਾਨੀਗੜ੍ਹ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੋਂ ਉਸ ਨੂੰ ਪਟਿਆਲਾ ਹਾਰਟ ਸੈਂਟਰ ਵਿੱਚ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨਾਜਰ ਸਿੰਘ ਨੇ ਖੁਦਕੁਸ਼ੀ ਨੋਟ ’ਚ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।