ਪਤਨੀ ਨੂੰ ਵਰਗਲਾਉਣ ਤੋਂ ਦੁਖੀ ਪਤੀ ਵੱਲੋਂ ਖ਼ੁਦਕੁਸ਼ੀ
ਕੇਪੀ ਸਿੰਘ
ਗੁਰਦਾਸਪੁਰ, 15 ਜਨਵਰੀ
ਸਾਢੂ ਵੱਲੋਂ ਸਾਲੀ ਨੂੰ ਵਰਗਲਾ ਕੇ ਲਿਜਾਣ ਤੋਂ ਨਮੋਸ਼ ਪਤੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਸੁਰਿੰਦਰ ਸਿੰਘ ਵਾਸੀ ਪਿੰਡ ਬੱਸੀ ਭਲਾਰਪੁਰ ਨੇ ਆਤਮਹੱਤਿਆ ਤੋਂ ਪਹਿਲਾਂ ਵੀਡੀਓ ਬਣਾਈ। ਵੀਡੀਓ ਵਿੱਚ ਉਸ ਨੇ ਆਪਣੀ ਮੌਤ ਦਾ ਕਾਰਨ ਪੁਲੀਸ ਮੁਲਾਜ਼ਮ ਸਾਢੂ, ਪਤਨੀ ਅਤੇ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਹੈ।
ਮ੍ਰਿਤਕ ਸੁਰਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ, ਲੜਕੀ ਦੇ ਭਰਾ ਹਰਪ੍ਰੀਤ ਸਿੰਘ, ਤਾਇਆ ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਬੇਟੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਵੱਡਾ ਜਵਾਈ, ਜੋ ਪਿੰਡ ਚੱਕ ਅਰਾਈਆਂ ਦਾ ਨਿਵਾਸੀ ਹੈ, ਛੋਟੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨ ਦਿੱਤੇ ਹਨ ਕਿ ਉਸ ਦੀ ਪਤਨੀ ਨੇ ਕਿਹਾ ਸੀ ਕਿ ਉਸ ਨੇ ਆਪਣੇ ਪੇਕੇ ਜਾਣਾ ਹੈ ਤਾਂ ਉਹ ਉਸ ਨੂੰ ਬਰਿਆਰ ਅੱਡੇ ’ਤੇ ਛੱਡ ਕੇ ਆਇਆ ਸੀ ਪਰ ਉਹ ਪੇਕੇ ਨਹੀਂ ਪਹੁੰਚੀ। ਉਨ੍ਹਾਂ ਇਹ ਵੀ ਦੱਸਿਆ ਜਦੋਂ ਸੁਰਿੰਦਰ ਸਿੰਘ ਨੇ ਸਾਢੂ ਤੋਂ ਆਪਣੀ ਪਤਨੀ ਬਾਰੇ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਨੇ ਉਲਟਾ ਉਨ੍ਹਾਂ ਖ਼ਿਲਾਫ਼ ਹੀ ਪੁਲੀਸ ਵਿੱਚ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਦੁਖੀ ਹੋ ਕੇ ਸੁਰਿੰਦਰ ਸਿੰਘ ਨੇ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਥਾਣਾ ਦੀਨਾਨਗਰ ਦੇ ਜਾਂਚ ਅਧਿਕਾਰੀ ਗੁਰਮਨ ਸਿੰਘ ਨੇ ਕਿਹਾ ਕਿ ਇਸ ਮਾਮਲੇ ’ਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੇ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।