ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ
ਪੱਤਰ ਪ੍ਰੇਰਕ
ਯਮੁਨਾਨਗਰ, 27 ਨਵੰਬਰ
ਜਗਾਧਰੀ ਸਦਰ ਖੇਤਰ ਦੇ ਪਿੰਡ ਕੈਲ ਨੇੜੇ ਹੋਈ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਕੈਲਾਸ਼ੋ ਦੇਵੀ (56) ਵਾਸੀ ਗਦੌਲਾ ਅਤੇ ਉਸ ਦੇ ਪਤੀ ਰਮੇਸ਼ ਬਾਬੂ (58) ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਪੁਲੀਸ ਨੇ ਟਰਾਲੀ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਅਮਨ, ਮੇਵਾਰਾਮ ਅਤੇ ਸੁਰੇਸ਼ ਨੇ ਦੱਸਿਆ ਕਿ ਦੁਪਹਿਰ ਵੇਲੇ ਰਮੇਸ਼ ਬਾਬੂ ਆਪਣੀ ਪਤਨੀ ਕੈਲਾਸ਼ੋ ਦੇਵੀ ਦੇ ਨਾਲ ਹਸਪਤਾਲ ਵਿੱਚ ਰਿਸ਼ਤੇਦਾਰ ਨੂੰ ਮਿਲਣ ਆਏ ਸਨ। ਉਹ ਆਪਣੇ ਮੋਟਰ ਸਾਈਕਲ ’ਤੇ ਪਿੰਡ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਕੈਲੇ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਬੇਕਾਬੂ ਟਰਾਲੀ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੈਲਾਸ਼ੋ ਦੇਵੀ ਦੀ ਸੜਕ ’ਤੇ ਡਿੱਗਦੇ ਹੀ ਮੌਤ ਹੋ ਗਈ ਜਦਕਿ ਗੰਭੀਰ ਰੂਪ ’ਚ ਜ਼ਖਮੀ ਰਮੇਸ਼ ਬਾਬੂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।