ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ
ਪੱਤਰ ਪ੍ਰੇਰਕ
ਘਨੌਲੀ, 25 ਮਈ
ਅੱਜ ਇੱਥੇ ਕੌਮੀ ਮਾਰਗ ’ਤੇ ਪਿੰਡ ਇੰਦਰਪੁਰਾ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਕਮਲ ਕਿਸ਼ੋਰ ਅਤੇ ਮੁਣਸ਼ੀ ਰਾਜ ਕੁਮਾਰ ਨੇ ਦੱਸਿਆ ਕਿ ਗੁਰਬਖਸ਼ ਸਿੰਘ ਪੁੱਤਰ ਬਚਨ ਸਿੰਘ ਵਾਸੀ ਘਨੌਲਾ ਆਪਣੀ ਪਤਨੀ ਭੁਪਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਭਰਤਗੜ੍ਹ ਕਿਸੇ ਕੰਮ ਲਈ ਜਾ ਰਿਹਾ ਸੀ। ਜਦੋਂ ਉਹ ਕੌਮੀ ਮਾਰਗ ’ਤੇ ਪਿੰਡ ਇੰਦਰਪੁਰਾ ਲਈ ਬਣੇ ਕੱਟ ਦੇ ਨੇੜੇ ਪੁੱਜੇ ਤਾਂ ਪਿੱਛਿਉਂ ਆ ਰਹੀ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਪਤੀ-ਪਤਨੀ ਸੜਕ ’ਤੇ ਦੂਰ ਸਿਰ ਭਾਰ ਜਾ ਡਿੱਗੇ ਤੇ ਦੋਵਾਂ ਦੇ ਸਿਰਾਂ ਵਿੱਚ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਜਵਾਨਾਂ ਨੇ ਇੰਚਾਰਜ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜ ਮ੍ਰਿਤਕ ਦੇਹਾਂ ਨੂੰ ਹਸਪਤਾਲ ਲਿਜਾਣ ਲਈ ਪੁਲੀਸ ਚੌਕੀ ਘਨੌਲੀ ਦੇ ਜਵਾਨਾਂ ਦੀ ਮੱਦਦ ਕੀਤੀ ਅਤੇ ਘਟਨਾ ਸਥਾਨ ਤੋਂ ਹਾਦਸਾਗ੍ਰਸਤ ਵਾਹਨਾਂ ਨੂੰ ਪਾਸੇ ਕਰ ਕੇ ਆਵਾਜਾਈ ਚਾਲੂ ਕਰਵਾਈ।
ਸੜਕ ਹਾਦਸੇ ’ਚ ਦੋ ਮਜ਼ਦੂਰ ਜ਼ਖ਼ਮੀ
ਸ੍ਰੀ ਕੀਰਤਪੁਰ ਸਾਹਿਬ (ਚਾਨਾ): ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ਉੱਪਰ ਪਿੰਡ ਕਲਿਆਣਪੁਰ ਲੋਹੰਡ ਪੁਲ ਦੇ ਨਜ਼ਦੀਕ ਇੱਕ ਟਰੱਕ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਵੱਲੋਂ ਸਾਈਡ ਮਾਰਨ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨੂੰ ਟੱਪ ਕੇ ਸੜਕ ਦੀ ਦੂਸਰੀ ਸਾਈਡ ਚਲਾ ਗਿਆ, ਜਿਸ ਕਾਰਨ ਟਰੱਕ ਵਿੱਚ ਸਵਾਰ ਦੋ ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੌਕੇ ’ਤੇ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਲਾਜ ਲਈ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਦੇ ਰਾਹੀਂ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਭੇਜ ਦਿੱਤਾ ਗਿਆ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਜਿਸ ਨੂੰ ਸਰਵਣ ਸਿੰਘ ਚਲਾ ਰਿਹਾ ਸੀ, ਨੰਗਲ ਵਿੱਚ ਸੀਮਿੰਟ ਦੀਆਂ ਬੋਰੀਆਂ ਉਤਾਰ ਕੇ ਵਾਪਸ ਘਨੌਲੀ ਨੂੰ ਜਾ ਰਿਹਾ ਸੀ।