ਬਾਘਾਪੁਰਾਣਾ-ਮੁੱਦਕੀ ਰੋਡ ’ਤੇ ਹਾਦਸੇ ’ਚ ਪਤੀ-ਪਤਨੀ ਤੇ ਦੋ ਬੱਚਿਆਂ ਦੀ ਮੌਤ
* ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
* ਲੋਕਾਂ ਨੇ ਧਰਨਾ ਦੇ ਕੇ ਕਾਰ ਚਾਲਕ ਖ਼ਿਲਾਫ਼ ਕਾਰਵਾਈ ਮੰਗੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਸਤੰਬਰ
ਇੱਥੇ ਬਾਘਾਪੁਰਾਣਾ-ਮੁੱਦਕੀ ਰੋਡ ਉੱਤੇ ਪਿੰਡ ਲੰਗੇਆਣਾ ਨੇੜੇ ਹਾਦਸੇ ’ਚ ਜੋੜੇ ਤੇ ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਦੀ ਮੌਤ ਹੋ ਗਈ। ਇਸ ਮੌਕੇ ਰੋਹ ਵਿੱਚ ਆਏ ਲੋਕਾਂ ਨੇ ਸੜਕ ’ਚ ਧਰਨਾ ਦੇ ਕੇ ਬਰੀਜ਼ਾ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਮ੍ਰਿਤਕਾਂ ਦੀ ਪਛਾਣ ਧਰਮਪ੍ਰੀਤ ਸਿੰਘ (32) ਉਸ ਦੀ ਪਤਨੀ ਕੁਲਦੀਪ ਕੌਰ (30), ਅਭਿਜੋਤ ਸਿੰਘ (3) ਅਤੇ ਗੁਰਸ਼ਰਨ ਸਿੰਘ (3) ਪਿੰਡ ਜੈਮਲਵਾਲਾ ਵਜੋਂ ਹੋਈ ਹੈ। ਜੋੜਾ ਆਪਣੇ ਬੱਚਿਆਂ ਨਾਲ ਮੋਟਰਸਾਈਕਲ ’ਤੇ ਰਿਸ਼ਤੇਦਾਰੀ ਵਿਚ ਜਾ ਰਿਹਾ ਸੀ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਬਾਘਾਪੁਰਾਣਾ ਤੋਂ ਮੁੱਦਕੀ ਵੱਲ ਜਾ ਰਹੇ ਬਰੀਜ਼ਾ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਪਿਛੋਂ ਟੱਕਰ ਮਾਰੀ ਤਾਂ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਕਾਫ਼ੀ ਦੂਰ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗਿਆ। ਕਾਰ ਝੋਨੇ ਦੇ ਖੇਤਾਂ ਵਿਚ ਜਾ ਕੇ ਬੰਦ ਹੋ ਗਈ। ਲੋਕਾਂ ਨੇ ਦੱਸਿਆ ਕਿ ਹਾਦਸੇ ਮਗਰੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕਾਰ ਚਾਲਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਕਾਰ ਚਾਲਕ ਐੱਨਆਰਆਈ ਦੱਸਿਆ ਜਾਂਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਚੌਕੀ ਨੱਥੂਵਾਲਾ ਗਰਬੀ ਇੰਚਾਰਜ ਪਹਿਲਵਾਨ ਗੁਰਬਿੰਦਰ ਸਿੰਘ ਖਾਰਾ ਮੌਕੇ ’ਤੇ ਪੁੱਜੇ। ਪੁਲੀਸ ਨੇ ਯਾਦਵਿੰਦਰ ਸਿੰਘ ਵਾਸੀ ਨੱਥੂਵਾਲਾ ਗਰਬੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ
ਪੰਚਕੂਲਾ (ਪੀਪੀ ਵਰਮਾ):
ਰਾਏਪੁਰ ਰਾਣੀ ਦੇ ਪਿੰਡ ਜਾਸਪੁਰ ਨੇੜੇ ਕਮਲਾ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਬੱਚੇ ਸ਼ੈੱਡ ਹੇਠਾਂ ਖੇਡ ਰਹੇ ਸਨ ਕਿ ਅਚਾਨਕ ਭੱਠੇ ਦੀ ਕੰਧ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਬੱਚੇ ਕੰਧ ਹੇਠਾਂ ਦੱਬ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਜਦਕਿ ਇੱਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਬੱਚਿਆਂ ਵਿੱਚ ਰਾਫੀਆ ਪੁੱਤਰੀ ਮੋਹਸ਼ਾਦ (7), ਜੀਸ਼ਾਨ ਪੁੱਤਰ ਨਬਾਬ (4) ਅਤੇ ਈਸ਼ਾਨ ਪੁੱਤਰ ਨਬਾਬ (2) ਸ਼ਾਮਲ ਹਨ। ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਗੌਰਵ ਪ੍ਰਜਾਪਤੀ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਲਾਸ਼ਾਂ ਰਾਏਪੁਰ ਰਾਣੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀਆਂ ਗਈਆਂ ਹਨ ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।