ਸਾਬਕਾ ਕੌਂਸਲਰ ਦਾ ਪਤੀ ਤੇ ਪੁੱਤਰ ਸਰਕਾਰੀ ਰਿਕਾਰਡ ਫਾੜਨ ਦੇ ਦੋਸ਼ ਹੇਠ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 26 ਅਕਤੂਬਰ
ਸਥਾਨਕ ਡੀਸੀ ਕੰਪਲੈਕਸਲ ਦੀ ਐੱਚਆਰਸੀ ਬਰਾਂਚ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜ਼ਿਲ੍ਹਾ ਲੋਹੀਆਂ ਖਾਸ ਤੋਂ ਸਾਬਕਾ ਕੌਂਸਲਰ ਦਾ ਪਤੀ ਅਮਨਦੀਪ ਸਿੰਘ ਸਰਕਾਰੀ ਦਫ਼ਤਰ ਵਿੱਚ ਮੌਜੂਦ ਅਧਿਕਾਰੀ ਦਾ ਰਿਕਾਰਡ ਵਾਲਾ ਰਜਿਸਟਰ ਪਾੜ ਕੇ ਉੱਥੋਂ ਫ਼ਰਾਰ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਨੂੰ ਦੇਰ ਸ਼ਾਮ ਪ੍ਰਬੰਧਕੀ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਕਮਰਾ ਨੰਬਰ 207 ’ਚ ਵਾਪਰੀ। ਥਾਣਾ ਬਾਰਾਂਦਰੀ ਦੀ ਪੁਲੀਸ ਨੇ ਇਸ ਮਾਮਲੇ ਵਿੱਚ 7/51 ਦੀ ਰਿਪੋਰਟ ਦਰਜ ਕੀਤੀ ਹੈ। ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਮਲੇ ਦੀ ਸ਼ਿਕਾਇਤ ਜਲੰਧਰ ਸਿਟੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਦਾ ਪਤੀ ਅਮਨਦੀਪ ਸਿੰਘ ਆਪਣੇ ਪੁੱਤਰ ਹਰਮਨਦੀਪ ਸਿੰਘ ਨਾਲ ਪ੍ਰਬੰਧਕੀ ਕੰਪਲੈਕਸ ਵਿੱਚ ਆਇਆ ਹੋਇਆ ਸੀ। ਜਦੋਂ ਅਮਨਦੀਪ ਉਥੋਂ ਜਾਣ ਲੱਗਿਆ ਤਾਂ ਹਰਮਨਦੀਪ ਸਿੰਘ ਰਿਕਾਰਡ ਰੂਮ ਵਿੱਚ ਹੀ ਰਹਿ ਗਿਆ। ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਨੌਜਵਾਨ ਨੂੰ ਉੱਥੇ ਹੀ ਬਿਠਾ ਦਿੱਤਾ। ਕੁਝ ਸਮੇਂ ਬਾਅਦ ਜਦੋਂ ਅਮਨਦੀਪ ਆਪਣੇ ਪੁੱਤਰ ਨੂੰ ਲੈਣ ਲਈ ਆਇਆ ਤਾਂ ਉਸ ਨੂੰ ਵੀ ਫੜ ਲਿਆ ਗਿਆ। ਵਾਪਸ ਆਉਣ ’ਤੇ ਉਸ ਨੇ ਰਿਕਾਰਡ ਰਜਿਸਟਰ ’ਚੋਂ ਫਟੇ ਹੋਏ ਦਸਤਾਵੇਜ਼ ਦਾ ਕੁਝ ਹਿੱਸਾ ਹੀ ਵਾਪਸ ਕੀਤਾ, ਜਿਸ ਤੋਂ ਬਾਅਦ ਸਬੰਧਤ ਵਿਭਾਗ ਦੇ ਕਰਮਚਾਰੀਆਂ ਨੇ ਸਰਕਾਰੀ ਰਿਕਾਰਡ ਨੂੰ ਫਾਡੜਨ, ਛੇੜਛਾੜ ਕਰਨ ਦੀ ਸ਼ਿਕਾਇਤ ਕਰਕੇ ਥਾਣਾ ਬਾਰਾਂਦਰੀ ਦੀ ਪੁਲੀਸ ਨੂੰ ਬੁਲਾ ਕੇ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਦੋਵਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।