Punjab News: ਥਾਣਾ ਮੁਖੀ ਨਾਲ ਦੁਰਵਿਹਾਰ ਕਰਨ ’ਤੇ ਮਹਿਲਾ ਕੌਂਸਲਰ ਦਾ ਪਤੀ ਅਤੇ ਦਿਓਰ ਹਵਾਲਾਤ ਡੱਕੇ
ਹਰਦੀਪ ਸਿੰਘ
ਧਰਮਕੋਟ, 14 ਦਸੰਬਰ
ਕੋਟ ਈਸੇ ਖਾਂ ਦੇ ਵਾਰਡ ਨੰਬਰ 11 ਦੀ ਮਹਿਲਾ ਕੌਂਸਲਰ ਦੇ ਪਤੀ ਅਤੇ ਦਿਉਰ ਨੂੰ ਪੁਲੀਸ ਨਾਲ ਬਦਕਲਾਮੀ ਮਹਿੰਗੀ ਪੈ ਗਈ। ਕੌਂਸਲਰ ਦਾ ਪਤੀ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਕੌਂਸਲਰ ਸਿਮਰਨਜੀਤ ਦਾ ਦਿਉਰ ਰਘੂਵੀਰ ਸ਼ਰਮਾ ਅੱਜ 10 ਵਜੇ ਦੇ ਕਰੀਬ ਜਦੋਂ ਆਪਣੀ ਹਰਿਆਣਾ ਨੰਬਰ ਕਾਰ ’ਤੇ ਕੋਟ ਈਸੇ ਖਾਂ ਦੇ ਮੁੱਖ ਚੌਕ ਪੁੱਜਾ ਤਾਂ ਉਥੇ ਥਾਣਾ ਮੁਖੀ ਸੁਨੀਤਾ ਬਾਵਾ ਦੀ ਅਗਵਾਈ ਹੇਠ ਪੁਲੀਸ ਵਿਸ਼ੇਸ਼ ਨਾਕਾਬੰਦੀ ਤਹਿਤ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਉਸ ਤੋਂ ਕਾਰ ਦੇ ਕਾਗਜ਼ ਦੇਖਣ ਲਈ ਮੰਗੇ ਤਾਂ ਉਹ ਪੁਲੀਸ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਉੱਤੇ ਉਤਰ ਆਇਆ। ਉਸ ਨੇ ਆਪ ਆਗੂ ਆਪਣੇ ਭਰਾ ਬਿੱਲਾ ਸ਼ਰਮਾ ਨੂੰ ਬੁਲਾ ਲਿਆ। ਦੋਨੋਂ ਭਰਾ ਥਾਣਾ ਮੁਖੀ ਅਤੇ ਪੁਲੀਸ ਮੁਲਾਜ਼ਮਾਂ ਨਾਲ ਬਦਸਲੂਕੀ ਉੱਤੇ ਉਤਰ ਆਏ ਜਿਸ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ।
ਇਕ ਸਮਾਗਮ ਵਿੱਚ ਕੋਟ ਈਸੇ ਖਾਂ ਆਏ ਵਿਧਾਇਕ ਢੋਸ ਨੂੰ ਇਸ ਸਬੰਧੀ ਵਰਕਰਾਂ ਵਲੋਂ ਜਾਣਕਾਰੀ ਦਿੱਤੀ ਗਈ ਜਿਸ ਮਗਰੋਂ ਵਿਧਾਇਕ ਨੇ ਪੁਲੀਸ ਤੋਂ ਇਨ੍ਹਾਂ ਦੋਹਾਂ ਭਰਾਵਾਂ ਨੂੰ ਛੁਡਵਾਇਆ। ਵਿਧਾਇਕ ਕੁਝ ਸਮੇਂ ਲਈ ਥਾਣੇ ਵੀ ਰੁਕੇ। ਸੂਚਨਾ ਮਿਲਣ ’ਤੇ ਉਪ ਪੁਲੀਸ ਕਪਤਾਨ ਧਰਮਕੋਟ ਰਮਨਦੀਪ ਸਿੰਘ ਨੇ ਵੀ ਥਾਣਾ ਮੁਖੀ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ। ਪੁਲੀਸ ਵਲੋਂ ਕਾਰ ਦਾ ਚਲਾਨ ਵੀ ਕੱਟਣ ਦੀ ਸੂਚਨਾ ਹੈ। ਥਾਣਾ ਮੁਖੀ ਸੁਨੀਤਾ ਬਾਵਾ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਰਾ ਮਾਮਲਾ ਨਿਪਟ ਚੁੱਕਾ ਹੈ ਅਤੇ ਦੋਨੋਂ ਭਰਾ ਹੁਣ ਹਿਰਾਸਤ ਵਿੱਚ ਨਹੀਂ ਹਨ।