ਕੰਢੀ ਖੇਤਰ ਵਿੱਚ ਜੰਗਲੀ ਜਾਨਵਰਾਂ ਦੇ ਸ਼ਿਕਾਰੀ ਹੋਏ ਸਰਗਰਮ
ਜਗਜੀਤ ਸਿੰਘ
ਮੁਕੇਰੀਆਂ, 13 ਨਵੰਬਰ
ਸਰਦੀ ਦੇ ਮੌਸਮ ਦੀ ਸ਼ੁਰੂਆਤ ਵਿੱਚ ਸ਼ਿਕਾਰੀਆਂ ਨੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਸ਼ੁਰੂ ਕਰ ਦਿੱਤਾ ਹੈ ਤੇ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਮੁਲਾਜ਼ਮਾਂ ਦੀ ਘਾਟ ਦਾ ਰੋਣਾ ਰੋ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ।
ਜੰਗਲੀ ਜੀਵ ਸੁਰੱਖਿਆ ਅਧਿਕਾਰੀ ਬੀਤੇ ਦਿਨ ਪਿੰਡ ਜੱਟ ਮੈਰਾ ਕੋਲ ਨੀਲ ਗਊ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਸ਼ਿਕਾਰੀਆਂ ਦੀ ਪੈੜ 4 ਦਿਨ ਬਾਅਦ ਵੀ ਨਹੀਂ ਨੱਪ ਸਕੇ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸਾ ਨੰਦ ਨੇ ਕਿਹਾ ਕਿ ਸਰਦੀ ਦੇ ਸ਼ੁਰੂ ਹੁੰਦਿਆਂ ਹੀ ਕੰਢੀ ਖੇਤਰ ਵਿੱਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਸ਼ਰੇਆਮ ਘੁੰਮਣ ਲੱਗੇ ਹਨ।
ਕੰਢੀ ਦੇ ਲੋਕਾਂ ਅਨੁਸਾਰ ਇਲਾਕੇ ਅੰਦਰ ਹਥਿਆਰਬੰਦ ਸ਼ਿਕਾਰੀਆਂ ਦੀਆਂ ਕਰੀਬ 4 ਟੀਮਾਂ ਸ਼ਰੇਆਮ ਜੀਪਾਂ ਵਿੱਚ ਘੁੰਮ ਰਹੀਆਂ ਹਨ ਅਤੇ ਗੋਲੀਆਂ ਨਾਲ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ। ਬੀਤੀ 9 ਨਵੰਬਰ ਨੂੰ ਪਿੰਡ ਜੱਟ ਮੈਰਾ ਕੋਲ ਸ਼ਿਕਾਰੀਆਂ ਨੇ ਇੱਕ ਨੀਲ ਗਾਂ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਤਿੰਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਨੀਲ ਗਾਂ ਦੇ ਨੇੜਲੇ ਘਰ ਵਿੱਚ ਵੜ੍ਹਨ ਕਾਰਨ ਉਸ ਦੀ ਜਾਨ ਤਾਂ ਬਚ ਗਈ, ਪਰ ਘਰ ਵਾਲਿਆਂ ਦਾ ਜ਼ਖਮੀ ਨੀਲ ਗਾਂ ਵਲੋਂ ਘਰ ਅੰਦਰ ਖੜ੍ਹੀ ਕਾਰ, ਮੋਟਰਸਾਈਕਲ, ਐਕਟਿਵਾ ਸਮੇਤ ਹੋਰ ਸਾਮਾਨ ਦਾ ਭਾਰੀ ਨੁਕਸਾਨ ਕੀਤਾ ਗਿਆ। ਪਤਾ ਲੱਗਣ ’ਤੇ ਪੁੱਜੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਜ਼ਖਮੀ ਨੀਲ ਗਊ ਨੂੰ ਹਸਪਤਾਲ ਲਜਿਾ ਕੇ ਠੀਕ ਹੋਣ ਉਪਰੰਤ ਉਸ ਨੂੰ ਜੰਗਲ ਵਿੱਚ ਤਾਂ ਛੱਡ ਦਿੱਤਾ, ਪਰ ਕਰੀਬ 4 ਦਿਨ ਬਾਅਦ ਵੀ ਸ਼ਿਕਾਰੀਆਂ ਦੀ ਪੈੜ ਨੱਪਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ ਵਿਭਾਗ ਜਾਣਬੁੱਝ ਕੇ ਸ਼ਿਕਾਰੀਆਂ ਨੂੰ ਫੜਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ।
ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਜੰਗਲੀ ਜਾਨਵਰਾਂ ਭਾਵ ਸੂਰਾਂ, ਨੀਲ ਗਾਵਾਂ, ਸਾਂਬਰ ਆਦਿ ਦਾ ਸ਼ਿਕਾਰ ਸ਼ਰੇਆਮ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਾਂ ਵਲੋਂ ਜਾਣਕਾਰੀ ਦੇਣ ਦੇ ਬਾਵਜੂਦ ਵਿਭਾਗੀ ਅਧਿਕਾਰੀ ਪੱਛੜ ਕੇ ਪੁੱਜਦੇ ਹਨ।
ਖੇਤਰ ਵਿੱਚ ਗਸ਼ਤ ਹੋਰ ਵਧਾਈ ਜਾਵੇਗੀ: ਅਧਿਕਾਰੀ
ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫ਼ਸਰ ਹਰਜਿੰਦਰ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਮੁਸ਼ਕਲ ਆ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਵਿਭਾਗ ਕੋਲ 500 ਪਿੰਡਾਂ ਦੀਆਂ 5 ਬੀਟਾਂ ਹਨ, ਜਿਨ੍ਹਾਂ ’ਚ ਕੇਵਲ ਦੋ ਫੋਰੈਸਟ ਗਾਰਡ ਅਤੇ 1 ਫੋਰੈਸਟਰ ਹੈ, ਅਜਿਹੇ ਵਿੱਚ ਉਹ ਤੁਰੰਤ ਕਿਸੇ ਸਥਾਨ ’ਤੇ ਨਹੀਂ ਪੁੱਜ ਸਕਦੇ। ਉਨ੍ਹਾ ਦਾਅਵਾ ਕੀਤਾ ਕਿ ਜੱਟ ਮੈਰਾ ’ਚ ਨੀਲ ਗਊ ਨੂੰ ਜ਼ਖਮੀ ਕਰਨ ਵਾਲੇ ਸ਼ਿਕਾਰੀਆਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਅਤੇ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ।