ਸਾਬਕਾ ਫੌਜੀਆਂ ਵੱਲੋਂ ਮੰਗਾਂ ਮੰਨਵਾਉਣ ਲਈ ਭੁੱਖ ਹਡ਼ਤਾਲ
ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਦਿੱਲੀ ਵਿੱਚ ਜੰਤਰ-ਮੰਤਰ ’ਤੇ ਲੰਮੇ ਸਮੇਂ ਤੋਂ ਸਾਬਕਾ ਸੈਨਿਕਾਂ ਵੱਲੋਂ ਇੱਕ ਰੈਂਕ, ਇੱਕ ਪੈਨਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਵਾਉਣ ਲਈ ਦਿੱਤੇ ਜਾ ਰਹੇ ਧਰਨੇ ਦੇ ਹੱਕ ਵਿੱਚ ਅੱਜ ਮਾਨਸਾ ਦੀਆਂ ਜ਼ਿਲ੍ਹਾ ਕਚਿਹਰੀਆਂ ਵਿੱਚ 15 ਸਾਬਕਾ ਸੈਨਿਕਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਇਸ ਭੁੱਖ ਹੜਤਾਲ ਨੂੰ ਸੰਬੋਧਨ ਕਰਦਿਆਂ ਆਗੂ ਕੈਪਟਨ ਸੁਖਵਿੰਦਰ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਅਤੇ ਇੱਕ ਰੈਂਕ, ਇੱਕ ਪੈਨਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰੇ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਆਰਮਡ ਫੋਰਸਿਜ਼ ਵੈਟਰਨਜ਼ ਆਫ਼ ਇੰਡੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੈਨਸ਼ਨਾਂ ਦੇ ਵਖਰੇਵੇਂ (ਓਆਰਓਪੀ-2 ) ਦੇ ਵਿਰੋਧ ਵਿਚ ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠ ਕੇ ਰੋਸ ਜ਼ਾਹਿਰ ਕੀਤਾ ਗਿਆ। ਭੁੱਖ ਹੜਤਾਲ ’ਤੇ ਬੈਠੇ ਆਗੂਆਂ ਨੇ ਦੱਸਿਆ ਕਿ ਓਆਰਓਪੀ-2 ਦੇ ਵਿੱਚ ਅਫ਼ਸਰ ਨਾਲੋਂ ਸੀਓ ਐਂਡ ਜਵਾਨਾਂ ਦੀ ਪੈਨਸ਼ਨ ਸਕੇਲ ਵਿੱਚ ਬਹੁਤ ਜ਼ਿਆਦਾ ਭੇਦਭਾਵ ਕੀਤਾ ਗਿਆ ਹੈ ਜਿਸ ਕਾਰਨ ਜਵਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਭੁੱਖ ਹੜਤਾਲ ’ਚ ਮੀਤ ਪ੍ਰਧਾਨ ਕੈਪਟਨ ਦਾਰਾ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ, ਕੈਪਟਨ ਗੁਰਮੀਤ ਸਿੰਘ, ਸੂਬੇਦਾਰ ਆਤਮਾ ਸਿੰਘ ਆਦਿ ਹਾਜ਼ਰ ਸਨ।