ਤਨਖ਼ਾਹ ’ਚ ਵਾਧੇ ਲਈ ਜੇਈਜ਼ ਦੀ ਭੁੱਖ ਹੜਤਾਲ ਜਾਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਵਿੱਤੀ ਮਾਮਲਿਆਂ ’ਚ ਦੋਹਰੇ ਮਾਪਦੰਡ ਅਪਣਾਉਣ ਨੂੰ ਲੈ ਕੇ ਪਾਵਰਕੌਮ ਅਤੇ ਟਰਾਂਸਕੋ ਦੇ ਜੂਨੀਅਰਾਂ ਇੰਜਨੀਅਰਾਂ ਵੱਲੋਂ ‘ਕੌਂਸਲ ਆਫ਼ ਜੂਨੀਅਰ ਇੰਜਨੀਅਰ’ ਦੇ ਪ੍ਰਧਾਨ ਪਰਮਜੀਤ ਸਿੰਘ ਖਟੜਾ ਦੀ ਅਗਵਾਈ ਹੇਠਾਂ ਸੂਬਾਈ ਸੰਘਰਸ਼ ਵਿੱੱਢਿਆ ਹੋਇਆ ਹੈ। ਇਸ ਤਹਿਤ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫਤਰ ਮੂਹਰੇ ਅੱਜ ਤੀਜੇ ਦਿਨ ਵੀ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ। ਇਸ ਦੌਰਾਨ ਹੁਸ਼ਿਆਰਪੁਰ ਅਤੇ ਜਲੰਧਰ ਸਰਕਲਾਂ ਦੇ ਨੁਮਾਇੰਦਿਆਂ ਨੇ ਭੁੱਖ ਹੜਤਾਲ ਵਿੱਚ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਦੱਸਿਆ ਕਿ ਸਮੂਹ ਵਿਭਾਗਾਂ ਦੇ ਜੂਨੀਅਰਾਂ ਇੰਜਨੀਅਰਾਂ ਨੂੰ ਮੁੱਢਲੀ ਤਨਖਾਹ ਬਰਾਬਰ (17450) ਮਿਲਦੀ ਸੀ ਪ੍ਰੰਤੂ ਇੱਕ ਦਸੰਬਰ 2011 ਨੂੰ ਹੋਏ ਵਾਧੇ ਦੌਰਾਨ ਬਾਕੀ ਵਿਭਾਗਾਂ ਦੀ ਤਨਖਾਹ ਵਧਾ ਕੇ 18250 ਕਰ ਦਿੱਤੀ ਗਈ। ਬਜਿਲੀ ਅਦਾਰੇ ਦੇ ਜੇ.ਈਜ਼ ਦੀ ਤਨਖਾਹ 17,450 ਹੀ ਰੱਖੀ ਗਈ। ਲੜੇ ਗਏ ਸੰਘਰਸ਼ ਦੌਰਾਨ ਸਰਕਾਰ ਨੇ ਭਾਵੇਂ ਉਨ੍ਹਾਂ ਨੂੰ ਵੀ ਨਵੀਂ ਤਨਖਾਹ 19,260 ਦੇਣ ਲਈ ਪੱਤਰ ਜਾਰੀ ਕਰ ਦਿੱਤਾ ਪਰ ਕੁਝ ਅਜਿਹੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ, ਜਿਸ ਕਰਕੇ ਉਹ ਵਾਧੇ ਵਾਲ਼ੀ ਤਨਖਾਹ ਲੈਣ ਤੋਂ ਅਸਮਰੱਥ ਹਨ।
ਸੂਬਾਈ ਜਨਰਲ ਸਕੱਤਰ ਇੰਜਨੀਅਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ 25 ਮਈ ਨੂੰ ਮੈਨੇਜਮੈਂਟ ਦੀ ਜਥੇਬੰਦੀ ਨਾਲ਼ ਹੋਈ ਮੀਟਿੰਗ ’ਚ ਹੋਰ ਮੰਗਾਂ ’ਤੇ ਵੀ ਸਹਿਮਤੀ ਬਣੀ ਸੀ। ਇਨ੍ਹਾਂ ’ਚ ਜੇ.ਈਜ਼ ਸਿਵਲ ਕੇਡਰ ਲਈ ਤਰੱਕੀ ਕੋਟਾ 50 ਫੀਸਦੀ ਕਰਨਾ, ਜੇ.ਈਜ਼ ਇਲੈਕਟਰੀਸ਼ਨ ਤੋਂ ਏਏਈ ਇਲੈਕਟ ਅਤੇ ਏਏਈ ਇਲੈਕਟ ਤੋਂ ਏਈ ਇਲੈਕਟ ਦੀ ਤਰੱਕੀ ’ਚ ਤੇਜ਼ੀ ਲਿਆਉਣਾ, ਜੇ.ਈ ਦਾ ਟੀਪੀਪੀਐੱਸ ਜਾਰੀ ਰੱਖਣਾ ਅਤੇ ਜੇ.ਈਜ਼ ਅਤੇ ਏਏਈਜ਼ ਦਾ ਸਪੈਸ਼ਲ ਅਲਾਊਂਸ ਬਹਾਲ ਕਰਨਾ ਸਮੇਤ ਡਿਪਸਟਰੀਬਿਊਸ਼ਨ ਵਿੰਗ ਅਤੇ ਗਰਿੱਡ ਸਬ ਸਟੇਸ਼ਨ ਦੇ ਸਟਾਫਿੰਗ ਨਾਰਮਜ ਰੀਵਿਊ ਕਰਨਾ ਆਦਿ ਮੰਗਾਂ ਸ਼ਾਮਲ ਹਨ ਪ੍ਰੰਤੂ ਅਧਿਕਾਰੀਆਂ ਦੇ ਅਵੇਸਲੇ ਰਵੱਈਏ ਦੇ ਚੱਲਦਿਆਂ ਇਨ੍ਹਾਂ ਵਿੱਚੋਂ ਕਈ ਮੰਗਾਂ ਅਧਵਾਟੇ ਹੀ ਪਈਆਂ ਹਨ।