For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ ’ਚ ਭੁੱਖ ਹੜਤਾਲ

07:35 AM Apr 08, 2024 IST
ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼ ਵਿਦੇਸ਼ ’ਚ ਭੁੱਖ ਹੜਤਾਲ
ਸਮੂਹਿਕ ਵਰਤ ’ਤੇ ਬੈਠੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ। -ਫੋਟੋ: ਸਰਬਜੀਤ ਿਸੰਘ
Advertisement

ਸੁਰਜੀਤ ਮਜਾਰੀ
ਬੰਗਾ, 7 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੱਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਸਮੂਹਿਕ ਵਰਤ ਰੱਖਿਆ ਗਿਆ। ਇਸ ਵਿੱਚ ਵਜ਼ੀਰ, ਵਿਧਾਇਕ, ਲੋਕ ਸਭਾ ਉਮੀਦਵਾਰ, ਹਲਕਾ ਇੰਚਾਰਜ ਅਤੇ ਹੋਰ ਆਗੂ ਵੱਡੀ ਗਿਣਤੀ ’ਚ ਸ਼ਾਮਲ ਹੋਏ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਸ਼ਹਿ ’ਤੇ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਬਦਲਾਖੋਰੀ ਦੀ ਆੜ ਹੇਠ ਗ੍ਰਿਫ਼ਤਾਰ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਵਰਤ ਇਸ ਤਾਨਾਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਸ਼ਹੀਦਾਂ ਦੀ ਧਰਤੀ ਤੋਂ ਕੇਂਦਰ ਦੇ ਹਾਕਮਾਂ ਨੂੰ ਵੱਡੀ ਚਿਤਾਵਨੀ ਸਾਬਿਤ ਹੋਵੇਗਾ।

Advertisement

ਸ਼ਹੀਦ ਭਗਤ ਿਸੰਘ ਨੂੰ ਨਮਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਮਜਾਰੀ

ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਆਜ਼ਾਦੀ ਮਗਰੋਂ ਦੇਸ਼ ਦੀ ਸੱਤਾ ਕਾਲੇ ਅੰਗਰੇਜ਼ਾਂ ਹੱਥ ਆਉਣ ਦੇ ਖ਼ਦਸ਼ੇ ਨੂੰ ਸੱਚ ਹੁੰਦਾ ਦੱਸਦਿਆਂ ਇਨ੍ਹਾਂ ਤੋਂ ਆਜ਼ਾਦੀ ਲਈ ਲੋਕਾਂ ਨੂੰ ਨਵੇਂ ਅੰਦੋਲਨ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਧਿਰ ਨੂੰ ਦਬਾਇਆ ਜਾ ਰਿਹਾ ਹੈ ਅਤੇ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰਖਦਿਆਂ ਆਗੂਆਂ ਨੂੰ ਡਰਾਵੇ ਦਿੱਤੇ ਜਾ ਰਹੇ ਹਨ। ਕੇਜਰੀਵਾਲ ਨੂੰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਵਾਲਾ ਸੱਚਾ ਦੇਸ਼ ਭਗਤ ਕਰਾਰ ਦਿੰਦਿਆਂ ਉਨ੍ਹਾਂ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਲੋਕਾਂ ਨੂੰ ਸਮੂਹਿਕ ਲਹਿਰ ਸਿਰਜਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਬਣਾਉਣ ਲਈ ਸਹੀ-ਗਲਤ ਦੀ ਚੋਣ ਕਰਨ ਵਾਸਤੇ ਇਕਜੁੱਟ ਹੋਣਾ ਪਵੇਗਾ ਜਿਸ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੌਜਵਾਨ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਆਸੀ ਧਿਰਾਂ ਆਮ ਤੌਰ ’ਤੇ ਵਾਅਦਿਆਂ ਨੂੰ ਹੀ ਪਹਿਲ ਦਿੰਦੀਆਂ ਹਨ ਜਦ ਕਿ ‘ਆਪ’ ਕੰਮ ਪੂਰੇ ਕਰਨ ਦੀ ਗਾਰੰਟੀ ਦਿੰਦੀ ਹੈ ਅਤੇ ਇਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਵੀ ਕਰਦੀ ਹੈ। ਉਨ੍ਹਾਂ ਆਪਣੀ ਤਕਰੀਰ ’ਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵੀ ਗੁਣਗਾਣ ਕੀਤਾ। ਉਨ੍ਹਾਂ ਲੋਕਾਂ ਨੂੰ ਕੇਂਦਰ ਦੇ ਹੁਕਮਰਾਨਾਂ ਨੂੰ ਮਹਿਜ਼ ਰਾਜਨੀਤਕ ਤੌਰ ’ਤੇ ਹੀ ਨਹੀਂ ਸਗੋਂ ਇਖਲਾਕੀ ਤੌਰ ’ਤੇ ਵੀ ਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ’ਤੇ ਵੀ ਤਨਜ਼ ਕੱਸੇ। ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਧਿਰ ਤਾਕਤ ਦੀ ਗਲਤ ਵਰਤੋਂ ਕਰਕੇ ‘ਆਪ’ ਆਗੂਆਂ ਦੀ ਆਵਾਜ਼ ਦਬਾ ਨਹੀਂ ਸਕਦੀ ਹੈ ਕਿਉਂਕਿ ਇਹ ਅੰਦੋਲਨ ’ਚ ਨਿਕਲੀ ਪਾਰਟੀ ਹੈ ਜੋ ਦੇਸ਼ ਦੀ ਵਾਗਡੋਰ ਸੰਭਾਲਣ ਵੱਲ ਵੱਧ ਰਹੀ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਤੌਰ ’ਤੇ ਸਰਕਾਰਾਂ ਜਾਣ ਵੇਲੇ ਕੰਮ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀਆਂ ਚਾਲਾਂ ਚੱਲਦੀਆਂ ਹਨ ਜਦ ਕਿ ‘ਆਪ’ ਸਰਕਾਰ ਨੇ ਪੰਜਾਬ ’ਚ ਸੱਤਾ ਸੰਭਾਲਦਿਆਂ ਹੀ ਵਿਕਾਸ ਕਾਰਜ ਸ਼ੁਰੂ ਕਰਕੇ ਨਵੀਂ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਰਾਜਨੀਤੀ ਨੂੰ ਸੇਵਾ ਦੇ ਰਾਹ ਪਾਉਣ ਦਾ ਕਾਰਜ ਕੀਤਾ ਹੈ। ਖ਼ਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਖਜ਼ਾਨੇ ਕਦੇ ਵੀ ਖਾਲੀ ਨਹੀਂ ਹੋ ਸਕਦੇ ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਸਾਬਤ ਕਰਕੇ ਦਿਖਾਇਆ ਹੈ। ਇਸ ਮੌਕੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਵਜ਼ੀਰ ਅਨਮੋਲ ਗਗਨ ਮਾਨ, ਹਰਭਜਨ ਸਿੰਘ ਈਟੀਓ, ਲਾਲਜੀਤ ਸਿੰਘ ਭੁੱਲਰ, ਪ੍ਰੋ. ਬਲਜਿੰਦਰ ਕੌਰ, ਬ੍ਰਮਸ਼ੰਕਰ ਜਿੰਪਾ, ਡਾ. ਬਲਜੀਤ ਕੌਰ, ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ, ਮਾਲਵਿੰਦਰ ਸਿੰਘ ਕੰਗ, ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਆਦਿ ਵੀ ਸ਼ਾਮਲ ਸਨ।

ਭਾਜਪਾ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਪੰਜਾਬ ’ਚ ‘ਆਪ’ ਵਰਕਰ ਡਟੇ

ਚੰਡੀਗੜ੍ਹ (ਆਤਿਸ਼ ਗੁਪਤਾ): ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪਾਰਟੀ ਵਰਕਰਾਂ ਵੱਲੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਸਣੇ ਹੋਰ ਥਾਵਾਂ ’ਤੇ ਸਮੂਹਿਕ ਭੁੱਖ ਹੜਤਾਲ ਕਰਦਿਆਂ ਪ੍ਰਦਰਸ਼ਨ ਕੀਤੇ ਗਏ। ਆਗੂਆਂ ਵੱਲੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਭੁੱਖ ਹੜਤਾਲ ਕਰਕੇ ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ‘ਆਪ’ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਦੀਆਂ ਧੱਕੇਸ਼ਾਹੀਆਂ ਦਾ ਡੱਟ ਕੇ ਸਾਹਮਣਾ ਕਰਨਗੇ ਅਤੇ ਲੋਕ ਸਭਾ ਚੋਣਾਂ ਦੌਰਾਨ ਦੇਸ਼ ਵਿੱਚੋਂ ਭਾਜਪਾ ਦਾ ਸਫਾਇਆ ਕਰਕੇ ਰਹਿਣਗੇ। ‘ਆਪ’ ਵਰਕਰਾਂ ਨੇ ਦੇਸ਼ ਵਿੱਚ ਭਾਜਪਾ ਵੱਲੋਂ ਲੋਕਤੰਤਰ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਭ ਤੋਂ ਵੱਧ ਹਮਲੇ ‘ਆਪ’ ਆਗੂਆਂ ’ਤੇ ਕਰ ਰਹੀ ਹੈ ਕਿਉਂਕਿ ਪਾਰਟੀ ਹੀ ਦੇਸ਼ ਵਿੱਚ ਭਾਜਪਾ ਦੀ ਹਨੇਰੀ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਸਕਦੀ ਹੈ, ਪਰ ਕੇਜਰੀਵਾਲ ਦੀ ਸੋਚ ਨੂੰ ਕਾਬੂ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚੋਂ ਨਿਕਲੇ ਹੋਏ ਆਗੂ ਹਨ ਅਤੇ ‘ਆਪ’ ਵੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੋਂ ਬਣੀ ਹੋਈ ਪਾਰਟੀ ਹੈ, ਜੋ ਭਾਜਪਾ ਦੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੀ ਨਹੀਂ ਹੈ।

ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ: ਸੰਜੈ ਸਿੰਘ

ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੌਰਾਨ ਸੰਜੈ ਸਿੰਘ ਨਾਲ ਗੱਲਬਾਤ ਕਰਦੀ ਹੋਈ ਆਤਿਸ਼ੀ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਪਰੈਲ
‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਮਾਨਦਾਰ ਹਨ ਅਤੇ ਹਮੇਸ਼ਾ ਇਮਾਨਦਾਰ ਰਹਿਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਗੇ ਅਤੇ ਜੇਲ੍ਹ ’ਚੋਂ ਮੁੱਖ ਮੰਤਰੀ ਅਹੁਦੇ ਦਾ ਫ਼ਰਜ਼ ਨਿਭਾਉਂਦੇ ਰਹਿਣਗੇ। ਉਨ੍ਹਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਇਥੇ ਜੰਤਰ-ਮੰਤਰ ’ਤੇ ਪਾਰਟੀ ਦੇ ਹੋਰ ਆਗੂਆਂ ਨਾਲ ਇਕ ਦਿਨ ਦੀ ਭੁੱਖ ਹੜਤਾਲ ਕੀਤੀ। ‘ਆਪ’ ਵੱਲੋਂ ਪਾਰਟੀ ਦੇ ਕੌਮੀ ਕਨਵੀਨਰ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਅੱਜ ਦੇਸ਼-ਵਿਦੇਸ਼ ’ਚ ਪ੍ਰਦਰਸ਼ਨ ਕੀਤੇ ਗਏ। ਭਾਰਤੀਆਂ ਵੱਲੋਂ 13 ਦੇਸ਼ਾਂ ’ਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਬੋਸਟਨ ਵਿੱਚ ਹਾਰਵਰਡ ਸਕੁਏਅਰ, ਲਾਸ ਏਂਜਲਸ ਵਿੱਚ ਹਾਲੀਵੁੱਡ ਸਾਈਨ, ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ, ਨਿਊਯਾਰਕ ਟਾਈਮਜ਼ ਸਕੁਏਅਰ ਅਤੇ ਟੋਰਾਂਟੋ, ਲੰਡਨ ਅਤੇ ਮੈਲਬੌਰਨ ਵਿੱਚ ਵੱਡੀ ਗਿਣਤੀ ਲੋਕਾਂ ਨੇ ਕੇਜਰੀਵਾਲ ਦੀ ਹਮਾਇਤ ’ਚ ਪ੍ਰਦਰਸ਼ਨ ਕੀਤੇ। ਗੋਆ, ਹਰਿਆਣਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ’ਚ ‘ਆਪ’ ਦੀਆਂ ਇਕਾਈਆਂ ਵੱਲੋਂ ਵੀ ਸਮੂਹਿਕ ਵਰਤ ਰੱਖੇ ਗਏ।

ਦਿੱਲੀ ਦੇ ਜੰਤਰ-ਮੰਤਰ ਤੇ ਕੋਲਕਾਤਾ ’ਚ ਅਰਵਿੰਦ ਕੇਜਰੀਵਾਲ ਦੀ ਹਮਾਇਤ ’ਚ ਭੁੱਖ ਹੜਤਾਲ ਕਰਦੇ ਹੋਏ ‘ਆਪ’ ਵਰਕਰ। -ਫੋਟੋ: ਮਾਨਸ ਰੰਜਨ ਭੂਈ

ਜੰਤਰ-ਮੰਤਰ ’ਤੇ ਸਮੂਹਿਕ ਵਰਤ ਦੌਰਾਨ ‘ਆਪ’ ਆਗੂ ਸੰਜੈ ਸਿੰਘ ਨੇ ਸ਼ਰਾਬ ਘੁਟਾਲੇ ਨੂੰ ਲੈ ਕੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਦਿੱਲੀ ਦੇ ਉਪ ਰਾਜਪਾਲ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਨੇਤਾਵਾਂ ਨੂੰ ਸਲਾਖਾਂ ਪਿੱਛੇ ਡੱਕਣ ਦੀ ਹਿੰਮਤ ਦਿਖਾਉਣ। ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਆਏ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਭਾਜਪਾ ਦੇ ਖਾਤੇ ਵਿੱਚ 55 ਕਰੋੜ ਰੁਪਏ ਦਾ ਮਨੀ ਟ੍ਰੇਲ ਪਾਇਆ ਗਿਆ ਸੀ। ਉਨ੍ਹਾਂ ਅਰਬਿੰਦੋ ਫਾਰਮਾ ਵੱਲੋਂ ਕੀਤੇ ਗਏ ਦਾਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਕੰਪਨੀ ਦੇ ਡਾਇਰੈਕਟਰ ਅਤੇ ਪ੍ਰਮੋਟਰ ਸ਼ਰਤ ਚੰਦਰ ਰੈੱਡੀ ਨੂੰ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰੈੱਡੀ ਬਾਅਦ ਵਿੱਚ ਸਰਕਾਰੀ ਗਵਾਹ ਬਣ ਗਿਆ ਸੀ ਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ। ਸੰਜੈ ਸਿੰਘ ਨੇ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘‘ਜੇ ਤੁਹਾਡੇ (ਐੱਲ-ਜੀ) ਕੋਲ ਕੋਈ ਨੈਤਿਕਤਾ ਬਚੀ ਹੈ ਤਾਂ ਇੱਕ ਪੱਤਰ ਲਿਖੋ। ਭਾਜਪਾ ਨੇਤਾਵਾਂ ਨੂੰ ਸਲਾਖਾਂ ਪਿੱਛੇ ਸੁੱਟੋ, ਉਨ੍ਹਾਂ ਨੇ ਹੀ ਸ਼ਰਾਬ ਘੁਟਾਲਾ ਕੀਤਾ ਹੈ।’’ ਉਨ੍ਹਾਂ ਦਿੱਲੀ ਸ਼ਰਾਬ ਨੀਤੀ ਘੁਟਾਲੇ ਪਿੱਛੇ ਭਾਜਪਾ ਦਾ ਹੱਥ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਭਗਵਾ ਪਾਰਟੀ ਦੇ ਸਿਖਰਲੇ ਆਗੂ ਇਸ ਵਿੱਚ ਸ਼ਾਮਲ ਹਨ। ਰਾਜ ਸਭਾ ਮੈਂਬਰ ਨੇ ਭਾਜਪਾ ਨੂੰ ਆਜ਼ਾਦ ਭਾਰਤ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਕਰਾਰ ਦਿੱਤਾ ਅਤੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਰਵਿੰਦ ਕੇਜਰੀਵਾਲ ਅਸਤੀਫ਼ਾ ਨਹੀਂ ਦੇਣਗੇ। ‘ਮੈਨੂੰ ਦਿਖਾਓ ਕਿ ਇਹ ਕਿੱਥੇ ਲਿਖਿਆ ਹੈ ਕਿ ਜੇਕਰ ਇੱਕ ਇਮਾਨਦਾਰ ਮੁੱਖ ਮੰਤਰੀ ਨੂੰ ਝੂਠੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ।’ ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਪਿਛਲੇ ਇੱਕ ਸਾਲ ਤੋਂ ਜ਼ਮਾਨਤ ਨਹੀਂ ਮਿਲ ਰਹੀ ਹੈ। ਉਨ੍ਹਾਂ ‘ਆਪ’ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸਭਾ ਚੋਣਾਂ ’ਚ ਪਾਰਟੀ ਅਤੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਇਆ ਜਾ ਸਕੇ।

ਦਿੱਲੀ ਦੇ ਜੰਤਰ-ਮੰਤਰ ਤੇ ਕੋਲਕਾਤਾ ’ਚ ਅਰਵਿੰਦ ਕੇਜਰੀਵਾਲ ਦੀ ਹਮਾਇਤ ’ਚ ਭੁੱਖ ਹੜਤਾਲ ਕਰਦੇ ਹੋਏ ‘ਆਪ’ ਵਰਕਰ। -ਫੋਟੋ: ਪੀਟੀਆਈ

ਦਿੱਲੀ ਦੀ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ‘ਆਪ’ ਵੱਲੋਂ ਕੀਤੀ ਗਈ ਭੁੱਖ ਹੜਤਾਲ ਨਾਲ ਭਗਵਾ ਪਾਰਟੀ ਦੀ ਨੀਂਦ ਉੱਡ ਜਾਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਲੋਕਾਂ ’ਚ ਭਾਰੀ ਰੋਸ ਹੈ ਅਤੇ ਇਹ ਕਾਰਵਾਈ ਭਾਜਪਾ ਦੇ ਤਾਬੂਤ ’ਚ ਆਖਰੀ ਕਿੱਲ ਸਾਬਿਤ ਹੋਵੇਗੀ। ਆਤਿਸ਼ੀ ਨੇ ਕਿਹਾ ਕਿ ‘ਜੇਲ੍ਹ ਕਾ ਜਵਾਬ ਵੋਟ ਸੇ’ ਦਾ ਨਾਅਰਾ ਦੇਸ਼ ਭਰ ਵਿੱਚ ਗੂੰਜਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘‘ਭਾਜਪਾ ਨੂੰ 400 ਸੀਟਾਂ ਨਹੀਂ ਮਿਲਣਗੀਆਂ ਪਰ ਜੇਕਰ ਕੋਈ ਵਿਅਕਤੀ 400 ਪਾਰ ਦਾ ਨਾਅਰਾ ਲਗਾ ਰਿਹਾ ਹੈ ਤਾਂ ਕੀ ਉਹ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰੇਗਾ? ਕੀ ਉਹ ਕਾਂਗਰਸ ਪਾਰਟੀ ਦਾ ਖਾਤਾ ਫਰੀਜ਼ ਕਰਨਗੇ? ਕੋਈ ਵੀ ਪਾਰਟੀ ਜਿਸ ਨੂੰ ਲੋਕ ਸਭਾ ਚੋਣਾਂ ਵਿੱਚ 400 ਸੀਟਾਂ ਮਿਲਣ ਦਾ ਭਰੋਸਾ ਹੈ, ਉਹ ਅਜਿਹੀਆਂ ਗੱਲਾਂ ਨਹੀਂ ਕਰੇਗੀ।’’ ਮਹਾਰਾਸ਼ਟਰ ਵਿੱਚ ‘ਆਪ’ ਦੇ ਮੈਂਬਰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਵਿਰੋਧ ਪ੍ਰਦਰਸ਼ਨ ਲਈ ਇਕੱਠੇ ਹੋਏ। ਪੁਣੇ ਵਰਗੇ ਸ਼ਹਿਰਾਂ ਵਿੱਚ ਵਿਰੋਧੀ ਧਿਰ ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਕੁਝ ਆਗੂ ਵੀ ‘ਆਪ’ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ।

Advertisement
Author Image

Advertisement
Advertisement
×