ਨਿਗਮ ਤੇ ਫਾਇਰ ਬ੍ਰਿਗੇਡ ਦੇ ਕਾਮਿਆਂ ਵੱਲੋਂ ਭੁੱਖ ਹੜਤਾਲ
ਦਵਿੰਦਰ ਸਿੰਘ
ਯਮੁਨਾਨਗਰ, 9 ਜਨਵਰੀ
ਨਗਰਪਾਲਿਕਾ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ ‘ਤੇ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਵੇਰੇ 7 ਵਜੇ ਨਗਰ ਨਿਗਮ ਦਫ਼ਤਰ ਦੇ ਗੇਟ ’ਤੇ ਇਕੱਠੇ ਹੋਏ ਅਤੇ ਸਰਕਾਰ ਦੀ ਵਾਅਦਾਖਿਲਾਫ਼ੀ ਖਿਲਾਫ਼ ਮੁਜ਼ਾਹਰਾ ਕੀਤਾ। ਮਗਰੋਂ ਯੂਨੀਅਨ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ 21 ਕਰਮਚਾਰੀਆਂ ਦੇ ਗਲੇ ਵਿੱਚ ਹਾਰ ਪਾ ਕੇ ਉਨ੍ਹਾਂ ਦੀ ਦੋ ਦਿਨਾਂ ਦੀ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ । ਨਗਰ ਨਿਗਮ ਤੋਂ ਕਨ੍ਹੱਈਆ, ਰਾਕੇਸ਼ ਕੁਮਾਰ, ਵਿਨੋਦ ਕੁਮਾਰ, ਬਲਵੀਰ, ਜਸਵਿੰਦਰ, ਮੁਕੇਸ਼, ਸ਼ਿਆਮ ਲਾਲ, ਰਾਜੇਂਦਰ, ਜਗਜੀਤ, ਗੁਰਮੀਤ, ਪ੍ਰਦੀਪ, ਸੁਮਿਤ, ਸ਼ਿਆਮ ਲਾਲ, ਰਾਕੇਸ਼, ਸ਼ੁਭਮ, ਸੁਦੇਸ਼ ਪਾਲ ਅਤੇ ਨਰਿੰਦਰ ਤੋਂ ਇਲਾਵਾ ਫਾਇਰ ਬ੍ਰਿਗੇਡ ਵਿਭਾਗ ਤੋਂ ਰਿੰਕੂ ਕੁਮਾਰ, ਵੀਰੇਂਦਰ ਧੀਮਾਨ, ਸਨੀ ਅਤੇ ਰਾਮਕੁਮਾਰ ਨੇ ਭੁੱਖ ਹੜਤਾਲ ਵਿੱਚ ਹਿੱਸਾ ਲਿਆ। ਪਹਿਲੇ ਦਿਨ ਦੀ ਭੁੱਖ ਹੜਤਾਲ ਦੀ ਪ੍ਰਧਾਨਗੀ ਯੂਨਿਟ ਮੁਖੀ ਪਾਪਲਾ ਨੇ ਕੀਤੀ ਅਤੇ ਸਟੇਜ ਸੰਚਾਲਨ ਰਮੇਸ਼ ਕੁਮਾਰ ਨੇ ਕੀਤਾ। ਭੁੱਖ ਹੜਤਾਲੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਅਤੇ ਐਸਕੇਐਸ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਨੇ ਕਿਹਾ ਕਿ ਨਗਰ ਪਾਲਿਕਾਵਾਂ, ਕੌਂਸਲਾਂ, ਕਾਰਪੋਰੇਸ਼ਨਾਂ ਅਤੇ ਫਾਇਰ ਬ੍ਰਿਗੇਡ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਹਿਮਤੀ ਪ੍ਰਗਟਾਉਣ ਦੇ ਬਾਵਜੂਦ ਮੰਗਾਂ ਪੂਰੀਆਂ ਨਹੀਂ ਹੋਈਆਂ। ਸਰਕਾਰ ਦੇ ਅੜੀਅਲ ਵਤੀਰੇ ਤੋਂ ਰੋਸ ਵਿੱਚ ਆਏ ਕਰਮਚਾਰੀ 2 ਦਿਨਾਂ ਦੀ ਲੜੀਵਾਰ ਭੁੱਖ ਹੜਤਾਲ ਕਰਕੇ ਰੋਸ ਪ੍ਰਗਟਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਜਲਦੀ ਹੱਲ ਹੋਣਗੀਆਂ: ਕ੍ਰਿਸ਼ਨ ਕੁਮਾਰ
ਯਮੁਨਾਨਗਰ (ਪੱਤਰ ਪ੍ਰੇਰਕ): ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਇੰਜਨੀਅਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਠੇਕੇ ’ਤੇ ਲਗਾਏ ਸਫਾਈ ਕਰਮਚਾਰੀ ਜਲਦੀ ਹੀ ਹਰਿਆਣਾ ਹੁਨਰ ਰੁਜ਼ਗਾਰ ਨਿਗਮ ਵਿੱਚ ਸ਼ਾਮਲ ਹੋਣਗੇ । ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਹਰਿਆਣਾ ਸਕਿੱਲ ਐਂਪਲਾਇਰਮੈਂਟ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਜਲਦੀ ਹੀ ਸਫਾਈ ਕਰਮਚਾਰੀਆਂ ਦੀ ਤਨਖਾਹ ਵਧਾਈ ਜਾਵੇਗੀ । ਇਸ ਲਈ ਹਾਲ ਹੀ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਨੇ ਕਰਮਚਾਰੀਆਂ ਦੀ ਤਨਖਾਹ ਵਿੱਚ 10 ਹਜ਼ਾਰ ਰੁਪਏ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇੰਜਨੀਅਰ ਕ੍ਰਿਸ਼ਨ ਕੁਮਾਰ ਅੱਜ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਵਿੱਚ ਨਗਰ ਨਿਗਮ, ਪੇਂਡੂ ਅਤੇ ਹੋਰ ਵਿਭਾਗਾਂ ਦੇ ਸਫਾਈ ਕਰਮਚਾਰੀਆਂ ਨੂੰ ਸੰਬੋਧਨ ਕਰ ਰਹੇ ਸਨ । ਇਸ ਤੋਂ ਪਹਿਲਾਂ ਵਧੀਕ ਨਿਗਮ ਕਮਿਸ਼ਨਰ ਡਾ. ਵਿਜੈ ਪਾਲ ਯਾਦਵ, ਸੀਐੱਸਆਈ ਸੁਨੀਲ ਦੱਤ, ਐੱਸਆਈ ਅਮਿਤ ਕੰਬੋਜ, ਗੋਵਿੰਦ ਸ਼ਰਮਾ ਅਤੇ ਹੋਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਸਾਰੇ ਕਰਮਚਾਰੀਆਂ, ਕਰਮਚਾਰੀ ਯੂਨੀਅਨ ਆਗੂਆਂ ਅਤੇ ਮਹਿਲਾ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਸਕੱਤਰੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਡਾ. ਵਿਜੈ ਪਾਲ ਯਾਦਵ ਨੇ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਜਗਾਧਰੀ ਸੋਨੂੰ ਰਾਮ, ਸੀਟੀਐੱਮ ਪਿਊਸ਼ ਗੁਪਤਾ ਮੌਜੂਦ ਸਨ।