ਠੇਕਾ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿੱਚ ਭੁੱਖ ਹੜਤਾਲ
ਕੁਲਦੀਪ ਸਿੰਘ
ਚੰਡੀਗੜ੍ਹ, 5 ਸਤੰਬਰ
ਅਧਿਆਪਕ ਦਿਵਸ ਮੌਕੇ ਸੈਂਕੜੇ ਠੇਕਾ/ਗੈਸਟ ਅਧਿਆਪਕਾਂ ਸਮੇਤ ਹੋਰ ਠੇਕਾ ਕਰਮਚਾਰੀਆਂ ਨੇ ਨੌਕਰੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਆਲ ਕਾਂਟਰੈਕਚੂਅਲ ਕਰਮਚਾਰੀ ਸੰਘ ਭਾਰਤ ਦੇ ਬੈਨਰ ਹੇਠ ਸੈਕਟਰ-20 ਸਥਿਤ ਮਸਜਿਦ ਗਰਾਊਂਡ ਵਿਖੇ ਭੁੱਖ ਹੜਤਾਲ ਅਤੇ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸੇਵਾਮੁਕਤੀ ਤੱਕ ਨੌਕਰੀਆਂ ਦੀ ਸੁਰੱਖਿਆ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਾਰਚ ਵਿੱਚ ਜਾਰੀ ਕੀਤੀ ਗਈ ਨੀਤੀ ਵਿੱਚ ਸੋਧ ਕਰਨ ਦੀ ਮੰਗ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਸੰਘ ਦੇ ਆਗੂਆਂ ਸੱਜਣ ਸਿੰਘ, ਆਰ.ਕੇ. ਧੁੰਕੀਆ, ਬਿਪਿਨ ਸ਼ੇਰ ਸਿੰਘ, ਅਸ਼ੋਕ ਕੁਮਾਰ, ਸ਼ਿਵ ਮੂਰਤ, ਸਵਿੰਦਰ ਸਿੰਘ, ਭਾਗ ਸਿੰਘ, ਗੋਪਾਲ ਦੱਤ ਜੋਸ਼ੀ, ਰਘੁਬੀਰ ਚੰਡੀਗੜ੍ਹ, ਰਜਿੰਦਰ ਕਟੋਚ, ਓਮ ਕੈਲਾਸ਼, ਅਨੂੰ ਕੁਮਾਰ ਨੇ ਕਿਹਾ ਕਿ ਯੂਟੀ ਦੇ ਵਿਭਾਗਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਠੇਕਾ ਮੁਲਾਜ਼ਮ ਸੇਵਾਵਾਂ ਦੇ ਰਹੇ ਹਨ। ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਸਿਹਤ ਅਤੇ ਤਕਨੀਕੀ ਸਿੱਖਿਆ ਵਿੱਚ ਯੂਟੀ ਪ੍ਰਸ਼ਾਸਨ ਦਾ ਕੰਮ ਠੇਕਾ ਮੁਲਾਜ਼ਮਾਂ ਦੀ ਮੱਦਦ ਨਾਲ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਵਿੱਚ 25 ਸਾਲਾਂ ਤੋਂ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਦੀ ਕੋਈ ਸੁਰੱਖਿਆ ਨਹੀਂ ਹੈ। ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਠੇਕਾ ਮੁਲਾਜ਼ਮਾਂ ਦੀ ਨੌਕਰੀ ਦਾਅ ’ਤੇ ਲੱਗ ਗਈ ਹੈੈ। ਡਿਊਟੀ ਮੈਜਿਸਟਰੇਟ ਵਿਨੈ ਚੌਧਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਭਾਜਪਾ ਆਗੂ ਅਰੁਣ ਸੂਦ ਨੇ ਭੁੱਖ ਹੜਤਾਲ ਖ਼ਤਮ ਕਰਵਾਈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੰਜ ਹਜ਼ਾਰ ਠੇਕਾ ਮੁਲਾਜ਼ਮਾਂ ਦੀ ਨੌਕਰੀ ਦੀ ਸੁਰੱਖਿਆ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਮੀਟਿੰਗ ਕਰਵਾਈ ਜਾਵੇ।