For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ‘ਆਪ’ ਆਗੂਆਂ ਵੱਲੋਂ ਭੁੱਖ ਹੜਤਾਲ

11:20 AM Apr 08, 2024 IST
ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ‘ਆਪ’ ਆਗੂਆਂ ਵੱਲੋਂ ਭੁੱਖ ਹੜਤਾਲ
ਜੰਤਰ ਮੰਤਰ ਉੱਤੇ ਭੁੱਖ ਹੜਤਾਲ ’ਤੇ ਬੈਠੇ ‘ਆਪ’ ਆਗੂ ਤੇ ਕਾਰਕੁਨ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਪਰੈਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕਰਨ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ’ਤੇ ਆਪ ਵਰਕਰਾਂ ਤੇ ਆਗੂਆਂ ਨੇ ਸਮੂਹਿਕ ਵਰਤ ਰੱਖਿਆ। ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਤੋਂ ਸ਼ੁਰੂ ਹੋਏ ਇਸ ਵਰਤ ਦੌਰਾਨ ਦਿੱਲੀ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਕੌਂਸਲਰਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਭਰਵੀਂ ਸ਼ਿਰਕਤ ਕੀਤੀ। ਸ਼ਾਮ ਪੰਜ ਵਜੇ ਤੱਕ ਇਹ ਵਰਤ ਜਾਰੀ ਰਿਹਾ। ਇਸ ਦੌਰਾਨ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ, ‘‘ਐਲਜੀ ਜਨਾਬ, ਜੇਕਰ ਤੁਹਾਡੇ ਵਿੱਚ ਥੋੜ੍ਹੀ ਜਿਹੀ ਵੀ ਨੈਤਿਕਤਾ ਹੈ, ਜੇਕਰ ਤੁਹਾਨੂੰ ਸੰਵਿਧਾਨ ਵਿੱਚ ਥੋੜ੍ਹਾ ਜਿਹਾ ਵੀ ਵਿਸ਼ਵਾਸ ਹੈ ਤਾਂ ਅੱਜ ਹੀ ਇੱਕ ਚਿੱਠੀ ਲਿਖ ਕੇ ਈਡੀ, ਆਈਟੀ ਤੇ ਸੀਬੀਆਈ ਤੋਂ ਜਾਂਚ ਕਰਵਾਓ ਅਤੇ ਭਾਜਪਾ ਆਗੂਆਂ ਨੂੰ ਕਾਲਰ ਤੋਂ ਫੜ ਕੇ ਜੇਲ੍ਹ ਭੇਜੋ।’’ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਘੁਟਾਲੇ ਵਿੱਚ ਈਡੀ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਆਪ’ ਨੂੰ ਖਤਮ ਕਰਨ ਸਬੰਧੀ ਭਾਜਪਾ ਦੀ ਸਾਜ਼ਿਸ਼ ਦਾ ਹਿੱਸਾ ਹੈ।
ਆਤਿਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ, ਦੇਸ਼ ਅਤੇ ਪੂਰੀ ਦੁਨੀਆ ਵਿੱਚ ਲੋਕ ਵਰਤ ਕਰ ਰਹੇ ਹਨ। ਦਿੱਲੀ ਵਿੱਚ ਹਰ ਕੋਈ ਚਿੰਤਤ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਚੌਵੀ ਘੰਟੇ ਬਿਜਲੀ, ਚੰਗੀ ਸਿੱਖਿਆ, ਚੰਗੀ ਸਿਹਤ ਸਹੂਲਤਾਂ ਦੇ ਕੇ ਉਨ੍ਹਾਂ ਲਈ ਕੰਮ ਕੀਤਾ ਹੈ। ਜੰਤਰ-ਮੰਤਰ ਪਹੁੰਚੇ ਜਰਨੈਲ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਸਾਡੇ ਇੱਥੇ ਕਿਹੋ ਜਿਹਾ ਮਾਹੌਲ ਹੈ। ਇਹ ਸਮਾਗਮ ਦੇਸ਼ ਵਿੱਚ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਉਣ ਲਈ ਆਯੋਜਿਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮੰਚ ਅੱਗੇ ਡਾ. ਅੰਬੇਡਕਰ, ਭਗਤ ਸਿੰਘ ਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਉਪਰ ਆਗੂਆਂ ਨੇ ਫੁੱਲ ਭੇਟ ਕੀਤੇ। ਵਰਤ ਰੱਖਣ ਵਾਲਿਆਂ ਨੇ ਮਹਾਤਮਾ ਗਾਂਧੀ ਵੱਲੋਂ ਉਚਾਰੇ ਜਾਂਦੇ ਭਜਨ ਜੰਤਰ ਮੰਤਰ ਵਿਖੇ ਗਾਏ। ਦਲੀਪ ਪਾਂਡੇ ਨੇ ਕਿਹਾ ਕਿ ਲੋਕ ਤਾਨਾਸ਼ਾਹੀ ਖ਼ਿਲਾਫ਼ ਉਠਣਗੇ। ਵਰਤ ਦੌਰਾਨ ਸਪੀਕਰ ਰਾਮ ਨਿਵਾਸ ਗੋਇਲ, ਜੈਸਮੀਨ ਸ਼ਾਹ, ਕੈਲਾਸ਼ ਗਹਿਲੋਤ, ਸਹੀ ਰਾਮ ਪਹਿਲਵਾਨ, ਸੋਮਨਾਥ ਭਾਰਤੀ ਤੇ ਹੋਰ ਵਿਧਾਇਕਾਂ, ਆਗੂਆਂ ਨੇ ਸ਼ਿਰਕਤ ਕੀਤੀ। ਬੁਲਾਰਿਆਂ ਦੀ ਸੁਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਤਿੱਖੀ ਰਹੀ।

Advertisement

ਚੋਣ ਕਮਿਸ਼ਨ ’ਤੇ ਭਾਜਪਾ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਦੋਸ਼ ਲਾਏ

ਕੈਬਨਿਟ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਲੀ ਵਿੱਚ ਭਾਜਪਾ ਵੱਲੋਂ ਲਗਾਏ ਗਏ ਇਤਰਾਜ਼ਯੋਗ ਹੋਰਡਿੰਗਜ਼ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ 48 ਘੰਟੇ ਬਾਅਦ ਵੀ ਚੋਣ ਕਮਿਸ਼ਨ ਨੇ ਅਜੇ ਤੱਕ ਭਾਜਪਾ ਨੂੰ ਕੋਈ ਸੰਮਨ ਨਹੀਂ ਭੇਜਿਆ। ਆਤਿਸ਼ੀ ਨੇ ਐਕਸ ’ਤੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਭਰ ਵਿੱਚ ਭਾਜਪਾ ਦੇ ਇਤਰਾਜ਼ਯੋਗ ਹੋਰਡਿੰਗਾਂ ਖ਼ਿਲਾਫ਼ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਨੂੰ 48 ਘੰਟੇ ਬੀਤ ਚੁੱਕੇ ਹਨ ਪਰ ਹੁਣ ਤੱਕ ਚੋਣ ਕਮਿਸ਼ਨ ਨੇ ਭਾਜਪਾ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੀ ਚੋਣ ਕਮਿਸ਼ਨ ਸਿਰਫ਼ ਵਿਰੋਧੀ ਪਾਰਟੀਆਂ ਨੂੰ ਹੀ ਨੋਟਿਸ ਭੇਜੇਗਾ? ਆਪ ਮੁਤਾਬਕ ਇਸ ਦੇ ਉਲਟ ਭਾਜਪਾ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਸਿਰਫ਼ 12 ਘੰਟਿਆਂ ਦੇ ਅੰਦਰ ‘ਆਪ’ ਦੇ ਸੀਨੀਅਰ ਆਗੂ ਆਤਿਸ਼ੀ ਨੂੰ ਨੋਟਿਸ ਭੇਜਿਆ ਗਿਆ ਸੀ। ਇੰਨਾ ਹੀ ਨਹੀਂ ਆਤਿਸ਼ੀ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲਣ ਤੋਂ ਅੱਧਾ ਘੰਟਾ ਪਹਿਲਾਂ ਹੀ ਇਹ ਖਬਰ ਮੀਡੀਆ ’ਚ ਛਾਈ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ।

Advertisement
Author Image

Advertisement
Advertisement
×