ਮੌਤੋਂ ਭੁੱਖ ਬੁਰੀ
ਮੋਹਨ ਸ਼ਰਮਾ
ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਣ ਤੱਕ ਗੁਰਬਤ, ਭੁੱਖ ਅਤੇ ਖਾਲੀ ਜੇਬ ਦਾ ਸਫ਼ਰ ਹੰਢਾਇਆ। ਪਿਤਾ ਜੀ ਦੇ ਮੁਨਾਖੇ ਹੋਣ ਕਾਰਨ ਆਮਦਨੀ ਦੇ ਸਾਧਨ ਸਿਮਟ ਗਏ ਸਨ। ਨੰਗੇ ਪੈਰ, ਟਾਕੀਆਂ ਵਾਲੇ ਕੱਪੜੇ, ਲੋੜਾਂ ਤੇ ਥੋੜਾਂ ਦੇ ਬਾਵਜੂਦ ਸੰਘਰਸ਼ ਦਾ ਪੱਲਾ ਫੜੀ ਰੱਖਿਆ। ਇਸ ਸੰਘਰਸ਼ ਨਾਲ ਹੀ ਸੁਖਾਵੀਂ ਜਿ਼ੰਦਗੀ ਦਾ ਸਕੂਨ ਹਿੱਸੇ ਆਇਆ ਹੈ ਪਰ ਬਚਪਨ ਵਿੱਚ ਵਾਪਰਿਆ ਇੱਕ ਦੁਖਾਂਤ ਕਦੇ ਵੀ ਭੁੱਲਦਾ ਨਹੀਂ। ਉਸ ਦੁਖਾਂਤ ਦਾ ਸੀਨ ਸਾਹਮਣੇ ਆਉਣ ਨਾਲ ਰੂਹ ਕੰਬ ਜਾਂਦੀ ਹੈ; ਅੱਖਾਂ ਵੀ ਸਿੱਲ੍ਹੀਆਂ ਹੋ ਜਾਂਦੀਆਂ।
ਹੋਇਆ ਇੰਝ ਕਿ ਵੱਡਾ ਭਰਾ ਬਿਮਾਰ ਹੋ ਗਿਆ। ਪਿੰਡ ਵਿੱਚ ਕੋਈ ਚੱਜ ਦਾ ਡਾਕਟਰ ਵੀ ਨਹੀਂ ਸੀ। ਭਰਾ ਨੂੰ ਸ਼ਹਿਰ ਲਿਜਾ ਕੇ ਇਲਾਜ ਕਰਵਾਉਣ ਦੀ ਸਮਰੱਥਾ ਨਹੀਂ ਸੀ। ਰਿਸ਼ਤੇਦਾਰ ‘ਕਿਤੇ ਪੈਸਾ ਟਕਾ ਨਾ ਮੰਗ ਲੈਣ’ ਵਾਲੀ ਸੋਚ ਕਾਰਨ ਪਹਿਲਾਂ ਹੀ ਆਉਣੋਂ ਹਟ ਗਏ ਸਨ। ਮਦਦ ਲਈ ਕੋਈ ਨਾ ਬਹੁੜਿਆ। ਬੱਸ ਮਾਂ ਓਹੜ-ਪੋਹੜ ਕਰਦੀ ਰਹੀ। ਪਿੰਡ ਦਾ ਵੈਦ ਵੀ ਡੰਗ ਟਪਾਊ ਦਵਾਈਆਂ ਦਿੰਦਾ ਰਿਹਾ। ਉਹਨੂੰ ਪਤਾ ਸੀ ਕਿ ਦਵਾਈਆਂ ਲਈ ਕੀਤਾ ਉਧਾਰ ਮੁੜਨ ਦੀ ਸੰਭਾਵਨਾ ਘੱਟ ਹੀ ਹੈ। ਅੱਠ-ਨੌਂ ਸਾਲ ਦਾ ‘ਮੋਹਨ’ ਉਦੋਂ ਤੀਜੀ ਵਿੱਚ ਪੜ੍ਹਦਾ ਸੀ। ਮਾਂ ਦੋ-ਤਿੰਨ ਵਾਰ ਵੈਦ ਕੋਲ ਮੈਨੂੰ ਵੀ ਨਾਲ ਲੈ ਗਈ ਸੀ। ਆਪਣੇ ਜਿਗਰ ਦੇ ਟੁਕੜੇ ਨੂੰ ਬਚਾਉਣ ਲਈ ਮਾਂ ਦੇ ਵੈਦ ਨੂੰ ਕੀਤੇ ਹੰਝੂਆਂ ਭਰੇ ਤਰਲੇ ਚੇਤੇ ਆਉਂਦਿਆਂ ਹੀ ਆਲੇ-ਦੁਆਲੇ ਸੋਗੀ ਹਵਾ ਪਸਰ ਜਾਂਦੀ ਹੈ: “ਮੇਰੇ ਪੁੱਤ ਨੂੰ ਵਧੀਆ ਜਿਹੀ ਦਵਾਈ ਦੇ ਕੇ ਲੋਟ ਕਰਦੇ, ਮੈਂ ਥੋਡਾ ਪਾਈ-ਪਾਈ ਦਾ ਹਿਸਾਬ ਕਰੂੰਗੀ।” ਜਵਾਬ ਵਿੱਚ ਵੈਦ ਦੇ ਚਿਹਰੇ ’ਤੇ ਬੇਰੁਖੀ ਜਿਹੀ ਝਲਕਦੀ। ਦੂਜੇ ਮਰੀਜ਼ਾਂ ਨੂੰ ਨਿਪਟਾਉਣ ਪਿੱਛੋਂ ਉਹ ਪੰਜ-ਚਾਰ ਪੁੜੀਆਂ ਮਾਂ ਦੀ ਤਲੀ ’ਤੇ ਰੱਖ ਦਿੰਦਾ।
ਭਰਾ ਦੀ ਹਾਲਤ ਦਿਨ-ਬ-ਦਿਨ ਵਿਗੜਦੀ ਗਈ। ਵੈਦ ਨੂੰ ਵਾਰ-ਵਾਰ ਭਰਾ ਨੂੰ ਘਰ ਆ ਕੇ ਦੇਖਣ ਲਈ ਕੀਤੇ ਤਰਲਿਆਂ ਨੂੰ ‘ਮੁਫ਼ਤਖੋਰੇ’ ਸਮਝ ਕੇ ਉਹ ਘੇਸਲ ਵਟਦਾ ਰਿਹਾ। ਤੇਜ਼ ਬੁਖ਼ਾਰ ਲਹਿਣ ਦਾ ਨਾਂ ਨਹੀਂ ਸੀ ਲੈ ਰਿਹਾ। ਘਰ ਦੇ ਸਾਰੇ ਜੀਆਂ ਦੇ ਚਿਹਰਿਆਂ ’ਤੇ ਚਿੰਤਾ ਦੀਆਂ ਰੇਖਾਵਾਂ ਉਭਰੀਆਂ ਹੋਈਆਂ ਸਨ। ਅੰਨ੍ਹੇ ਪਿਤਾ ਦੇ ਹੱਥ ਪੁੱਤਰ ਦੀ ਸਲਾਮਤੀ ਲਈ ਦੁਆ ਕਰ ਰਹੇ ਸਨ। ਥੰਮ੍ਹੀਆਂ ਵਾਲੇ ਕੱਚੇ ਕਮਰੇ ਵਿੱਚ ਬਿਮਾਰੀ ਦਾ ਝੰਬਿਆ ਭਰਾ ਬੇਸੁਰਤ ਪਿਆ ਸੀ। ਦੁੱਖਾਂ, ਤਕਲੀਫ਼ਾਂ, ਚਿੰਤਾਵਾਂ ਅਤੇ ਘਰ ਦੇ ਝਮੇਲਿਆਂ ਨੇ ਮਾਂ ਦਾ ਕੁੱਬ ਕੱਢ ਦਿੱਤਾ ਸੀ। ਅਜਿਹੀ ਡਾਵਾਂ-ਡੋਲ ਹਾਲਤ ਵਿੱਚ ਕਿਸੇ ਗ਼ੈਬੀ ਸ਼ਕਤੀ ਦੀ ਓਟ ਲਈ ਵੀ ਅਰਜੋਈਆਂ ਕਰਦੇ ਰਹੇ। ਗਲੀ ਵਿੱਚੋਂ ਲੰਘਦਾ ਕੋਈ ਗੁਆਂਢੀ ਸਰਸਰੀ ਜਿਹੀ ਪੁੱਛ ਲੈਂਦਾ, “ਕਿਵੇਂ ਐਂ ਮੁੰਡਾ ਹੁਣ?” ਘਰ ਦੇ ਕਿਸੇ ਜੀਅ ਦੇ ਨਿਰਾਸਤਾ ਵਿੱਚ ਸਿਰ ਹਿਲਾਉਣ ’ਤੇ ਉਹ ਬਿਨ੍ਹਾਂ ਕੁਝ ਬੋਲਿਆਂ ਅਗਾਂਹ ਤੁਰ ਜਾਂਦਾ। ਭਲਾ ਜਿਸ ਨੇ ਅੰਤਾਂ ਦੀ ਨਿਰਾਸਤਾ ਸਾਹਮਣੇ ਦੋ ਪਲ ਖੜ੍ਹ ਕੇ ਹਮਦਰਦੀ ਦੇ ਬੋਲਾਂ ਤੋਂ ਵੀ ਸੰਕੋਚ ਕੀਤਾ ਹੋਵੇ, ਉਸ ਅੱਗੇ ਮਦਦ ਦੀ ਅਰਜੋਈ ਕਿੰਝ ਕੀਤੀ ਜਾਂਦੀ?
ਉਸ ਵੇਲੇ ਬਾਲ ਉਮਰ ਨੇ ਲਾਚਾਰੀ, ਬੇਵਸੀ, ਸਬਰ, ਰੱਬ ਨੂੰ ਸ਼ਿਕਵੇ ਕਰਨ ਦੇ ਨਾਲ-ਨਾਲ ਗੰਭੀਰ ਹੋ ਕੇ ਖਾਮੋਸ਼ ਰਹਿਣਾ ਵੀ ਸਿੱਖ ਲਿਆ। ਬਚਪਨ ਵਿੱਚ ਰੀਝਾਂ ਅਤੇ ਚਾਵਾਂ ਨੂੰ ਚੁੱਪ ਦੀ ਛਿੱਕਲੀ ਪਾਉਣ ਦੀ ਜਾਚ ਵੀ ਆ ਗਈ ਸੀ। ‘ਭੀੜ ਪੈਣ ’ਤੇ ਬੇਗਾਨੇ ਤਾਂ ਛੱਡੋ, ਆਪਣੇ ਵੀ ਮੂੰਹ ਫੇਰ ਜਾਂਦੇ’, ਇਹ ਅਹਿਸਾਸ ਵੀ ਛੋਟੀ ਉਮਰੇ ਹੀ ਹੋ ਗਿਆ। ਪਿਤਾ ਦੀਆਂ ਦੁਆਵਾਂ, ਮਾਂ ਦੀ ਭੱਜ ਦੌੜ, ਸਾਡੀਆਂ ਅਰਦਾਸਾਂ ਕੰਮ ਨਾ ਆਈਆਂ। ਚੌਦਾਂ ਵਰ੍ਹਿਆਂ ਦਾ ਬਿਮਾਰ ਭਰਾ ਮੌਤ ਦੀ ਬੁੱਕਲ ਵਿੱਚ ਚਲਾ ਗਿਆ। ਘਰੇ ਚੀਕ-ਚਿਹਾੜਾ ਪੈ ਗਿਆ। ਮੁਨਾਖ਼ੇ ਪਿਤਾ ਦਾ ਭੁੱਬਾਂ ਮਾਰ ਕੇ ਰੋਣਾ, ਮਾਂ ਦੇ ਪੱਥਰਾਂ ਨੂੰ ਰੁਆਉਣ ਵਾਲੇ ਕੀਰਨੇ, ਦੋ ਭੈਣਾਂ ਤੇ ਤਿੰਨ ਭਰਾਵਾਂ ਦੇ ਵਹਿੰਦੇ ਅੱਥਰੂਆਂ ਦੇ ਸੈਲਾਬ ਕਾਰਨ ਸੋਗੀ ਫੈਲ ਗਿਆ। ਕੁਝ ਸਮੇਂ ਵਿੱਚ ਹੀ ਘਰ ਦਾ ਕੱਚਾ ਵਿਹੜਾ ਔਰਤਾਂ-ਮਰਦਾਂ ਨਾਲ ਭਰ ਗਿਆ। ਹਰ ਕੋਈ ਫੋਕੀ ਹਮਦਰਦੀ ਦਿਖਾ ਰਿਹਾ ਸੀ। ਕੁਝ ਔਰਤਾਂ ਬੇਹੋਸ਼ ਪਈ ਮਾਂ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕਰ ਰਹੀਆਂ ਸਨ। ਥੋੜ੍ਹੇ ਸਮੇਂ ਬਾਅਦ ਉਹ ਰਿਸ਼ਤੇਦਾਰ ਵੀ ਆ ਗਏ ਜਿਨ੍ਹਾਂ ਨੂੰ ਪਹਿਲਾਂ ਕਦੇ ਦੇਖਿਆ ਨਹੀਂ ਸੀ। ਭਰਾ ਦੇ ਜਮਾਤੀ ਵੀ ਸਕੂਲੋਂ ਛੁੱਟੀ ਲੈ ਕੇ ਆਪਣੇ ਹਾਣੀ ਦੇ ਸਥਰ ’ਤੇ ਬਹਿ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ।
ਫਿਰ ਦਸਵੀਂ ਵਿੱਚ ਪੜ੍ਹਦਿਆਂ ‘ਬਲਦਾ ਸਿਵਾ’ ਨਜ਼ਮ ਨੇ ਜਨਮ ਲਿਆ; ਸਾਰ ਸੀ: ਬਲਦੇ ਸਿਵੇ ਸਮੇਂ ਜਿੰਨਾ ਜਿੰਨਾ ਜਾਣ ਵਾਲੇ ਨਾਲ ਕਿਸੇ ਦਾ ਰਿਸ਼ਤਾ ਹੁੰਦਾ ਹੈ, ਓਨਾ ਓਨਾ ਬਲਦੇ ਸਿਵੇ ਦਾ ਸੇਕ ਉਹਨੂੰ ਵੀ ਲਗਦਾ ਹੈ। ਇੱਕ ਸਿਵਾ ਬਾਹਰ ਬਲਦਾ ਹੈ ਅਤੇ ਇੱਕ ਸਿਵਾ ਮ੍ਰਿਤਕ ਦੇ ਨਜ਼ਦੀਕੀਆਂ ਅੰਦਰ ਬਲਦਾ ਹੈ।... ਇਹ ਸਿਵਾ ਮਾਂ-ਬਾਪ ਦੇ ਅੰਤਮ ਸਾਹਾਂ ਤੱਕ ਉਨ੍ਹਾਂ ਅੰਦਰ ਬਲਦਾ ਰਿਹਾ।
ਸਸਕਾਰ ਤੋਂ ਤੀਜੇ ਦਿਨ ਮੈਲੇ ਜਿਹੇ ਕੱਪੜਿਆਂ ਵਿੱਚ ਨੰਗੇ ਪੈਰ ਮੈਂ ਗਲੀ ਵਿੱਚੋਂ ਲੰਘ ਰਿਹਾ ਸੀ। ਪਿੰਡ ਦੀ ਅਮੀਰ ਔਰਤ ਆਪਣੇ ਘਰ ਦੇ ਬੂਹੇ ਅੱਗੇ ਖੜ੍ਹੀ ਸੀ। ਉਹਨੇ ਮੈਨੂੰ ਆਪਣੇ ਕੋਲ ਬੁਲਾਇਆ। ਮੇਰੇ ਮੁਰਝਾਏ ਜਿਹੇ ਚਿਹਰੇ ਵੱਲ ਵਿਹੰਦਿਆਂ ਕਿਹਾ, “ਵੇ, ਤੂੰ ਰੋਟੀ ਖਾ ਲਈ?” ਨਾ ਵਿੱਚ ਜਵਾਬ ਦੇਣ ’ਤੇ ਉਹਨੇ ਮੈਨੂੰ ਅੰਦਰ ਬੁਲਾ ਕੇ ਬੈਠਣ ਨੂੰ ਪੀੜ੍ਹੀ ਦਿੱਤੀ। ਕੁਝ ਸਮੇਂ ਪਿੱਛੋਂ ਰੋਟੀ ਵਾਲੀ ਥਾਲੀ ਮੇਰੇ ਅੱਗੇ ਰੱਖ ਦਿੱਤੀ। ਗਰਮ ਗਰਮ ਫੁਲਕੇ, ਦੋ ਕੌਲੀਆਂ ਵਿੱਚ ਦਾਲ ਤੇ ਸਬਜ਼ੀ, ਨਾਲ ਚੱਟਣੀ ਤੇ ਅਚਾਰ ਵੀ। ਪਹਿਲਾਂ ਕਦੇ ਇੱਦਾਂ ਦੀ ਰੋਟੀ ਨਸੀਬ ਦਾ ਹਿੱਸਾ ਨਹੀਂ ਸੀ ਬਣੀ। ਰੋਟੀ ਖਾਂਦਿਆਂ ਬਾਲ ਮਨ ਮੈਨੂੰ ਹੀ ਮੁਖ਼ਾਤਬਿ ਸੀ- ‘ਇਹ ਵਧੀਆ ਰੋਟੀ ਇਸ ਕਰ ਕੇ ਖੁਆ ਰਹੀ ਐ ਬਈ ਮੇਰਾ ਭਰਾ ਮਰ ਗਿਆ। ਜੇ ਇਉਂ ਘਰ ’ਚ ਕਿਸੇ ਦੇ ਮਰਨ ਨਾਲ ਰੱਜ ਕੇ ਰੋਟੀ ਮਿਲਦੀ ਹੈ, ਫਿਰ ਭਾਵੇਂ ਸਾਡੇ ਘਰ ਰੋਜ਼ ਕੋਈ ਨਾ ਕੋਈ ਮਰ ਜਾਇਆ ਕਰੇ।’
ਸੰਪਰਕ: 94171-48866