ਬਨੂੜ ਖੇਤਰ ਦੇ ਸੈਂਕੜੇ ਨੌਜਵਾਨ ਵੋਟ ਦੇ ਹੱਕ ਤੋਂ ਰਹੇ ਵਾਂਝੇ
ਕਰਮਜੀਤ ਸਿੰਘ ਚਿੱਲਾ
ਬਨੂੜ, 15 ਅਕਤੂਬਰ
ਬਨੂੜ ਖੇਤਰ ਵਿੱਚ ਵੋਟਰਾਂ ਨੇ ਅੱਜ ਬਹੁਤ ਉਤਸ਼ਾਹ ਨਾਲ ਪੰਚਾਇਤੀ ਚੋਣਾਂ ਵਿੱਚ ਹਿੱਸਾ ਲਿਆ। ਸਮੁੱਚੇ ਪਿੰਡਾਂ ਵਿੱਚ ਸ਼ਾਂਤੀਪੂਰਵਕ 80 ਫ਼ੀਸਦੀ ਤੋਂ ਵੱਧ ਵੋਟਾਂ ਪੋਲ ਹੋਈਆਂ। ਕਈਂ ਪਿੰਡਾਂ ਵਿੱਚ ਵੋਟ ਪ੍ਰਤੀਸ਼ਤ ਨੱਬੇ ਫ਼ੀਸਦੀ ਨੂੰ ਵੀ ਪਾਰ ਕਰ ਗਿਆ।
ਦੂਜੇ ਪਾਸੇ, ਬਨੂੜ ਖੇਤਰ ਦੇ ਪੰਜਾਹ ਤੋਂ ਵੱਧ ਪਿੰਡਾਂ ਦੇ ਸੈਂਕੜੇ ਨੌਜਵਾਨ ਵੋਟਰ ਆਪਣੀ ਵੋਟ ਦੇ ਹੱਕ ਤੋਂ ਵਾਂਝੇ ਰਹੇ। ਹੱਥਾਂ ਵਿਚ ਵੋਟਰ ਕਾਰਡ ਲੈ ਕੇ ਵੋਟ ਪਾਉਣ ਆਏ ਇਨ੍ਹਾਂ ਨੌਜਵਾਨਾਂ ਦੇ ਵੋਟਰ ਸੂਚੀ ਵਿੱਚ ਨਾਮ ਨਾ ਹੋਣ ਕਾਰਨ ਉਹ ਆਪਣੀ ਵੋਟ ਦੀ ਵਰਤੋਂ ਨਹੀਂ ਕਰ ਸਕੇ। ਇਹ ਨੌਜਵਾਨ ਵੋਟਰ ਕੁੱਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਹਰ ਪਿੰਡ ਵਿੱਚ ਅਜਿਹੇ ਵੋਟਰਾਂ ਦੀ ਕਾਫ਼ੀ ਗਿਣਤੀ ਸੀ। ਪੰਚਾਇਤ ਚੋਣਾਂ ਵਿੱਚ ਵਰਤੀ ਜਾ ਰਹੀ ਵੋਟਰ ਸੂਚੀ 1-1-2023 ਦੀ ਉਮਰ ਨੂੰ ਆਧਾਰ ਮੰਨ ਕੇ ਤਿਆਰ ਕੀਤੀ ਗਈ ਸੀ।
ਪਿੰਡ ਕਰਾਲਾ ਵਿੱਚ ਪੱਤਰਕਾਰਾਂ ਨੂੰ ਆਪਣੇ ਵੋਟਰ ਕਾਰਡ ਦਿਖਾਉਂਦਿਆਂ ਵਭੀਸ਼ਣ, ਰੁਪਿੰਦਰ ਸਿੰਘ, ਜਗਦੀਪ ਸਿੰਘ, ਸੁਖਵੀਰ ਸਿੰਘ, ਹਰਸ਼ਪ੍ਰੀਤ ਸਿੰਘ, ਰਮਨਜੋਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪੰਜਾਹ ਤੋਂ ਵੱਧ ਨੌਜਵਾਨਾਂ ਦੇ ਨਾਮ ਵੋਟਰ ਸੂਚੀ ਵਿਚ ਸ਼ਾਮਲ ਨਹੀਂ ਹਨ।
ਕਨੌੜ ਦੇ ਪੰਚ ਦਾ ਨਾ ਆਇਆ ਬੈਲੇਟ ਪੇਪਰ
ਪਿੰਡ ਕਨੌੜ ਵਿੱਚ ਛੇ ਪੰਚਾਂ ਦੀ ਸਹਿਮਤੀ ਹੋ ਗਈ ਸੀ। ਸਰਪੰਚ ਅਤੇ ਇੱਕ ਪੰਚ ਦੀ ਚੋਣ ਹੋਣੀ ਸੀ। ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੂੰ ‘ਜੀਪ’ ਚੋਣ ਨਿਸ਼ਾਨ ਵੀ ਅਲਾਟ ਹੋਇਆ ਸੀ ਪਰ ਅੱਜ ਬੈਲੇਟ ਪੇਪਰ ਨਹੀਂ ਆਏ, ਜਿਸ ਕਾਰਨ ਵੋਟਾਂ ਨਹੀਂ ਪੈ ਸਕੀਆਂ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਸਰਪੰਚੀ ਦੀ ਸਮੱਗਰੀ ਹੀ ਮਿਲੀ ਹੈ।