ਪੰਜਾਬ ਸਰਕਾਰ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਗਰਜੇ ਸੈਂਕੜੇ ਮਜ਼ਦੂਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਸਤੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਾਉਣ ਅਤੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਨਮੋਲ ਨੇ ਕਿਹਾ ਕਿ ਬੇਸ਼ੱਕ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਹੋਇਆ ਹੈ ਪਰ ਇਹ ਸਿਰਫ਼ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਪਿੰਡਾਂ ਵਿੱਚ ਹੁਣ ਤੱਕ ਕਿੰਨੀਆਂ ਪੰਚਾਇਤਾਂ ਬਣੀਆਂ ਅਤੇ ਕਿੰਨੀਆਂ ਹੀ ਬਣਨਗੀਆਂ ਪਰ ਦਲਿਤਾਂ ਦੀ ਹਾਲਤ ਨਹੀਂ ਬਦਲੀ। ਪੰਚਾਇਤੀ ਚੋਣਾਂ ਰਾਹੀਂ ਵੀ ਲੋਕਾਂ ਦੇ ਬੁਨਿਆਦੀ ਮਸਲੇ ਨਾ ਹੱਲ ਹੋਏ ਅਤੇ ਨਾ ਹੀ ਹੋ ਸਕਦੇ ਹਨ। ਇਸ ਮੌਕੇ ਆਗੂਆਂ ਨੇ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਤਿੱਖੇ ਸੰਘਰਸ਼ਾਂ ਰਾਹੀਂ ਹੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨਾਂ ਮਿਲੀਆਂ ਹਨ। ਅੱਜ ਦਿੱਤੇ ਮੰਗ ਪੱਤਰ ਵਿੱਚ ਉਪਰੋਕਤ ਦੇਨੋਂ ਮੰਗਾਂ ਤੋਂ ਇਲਾਵਾ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿ ਲੋੜਵੰਦਾਂ ਨੂੰ ਕੱਚੇ ਘਰਾਂ ਲਈ ਗਰਾਂਟ, 10-10 ਮੁਰਲੇ ਪਲਾਟ, ਮਗਨਰੇਗਾ ਵਿੱਚ ਵਿਤਕਰੇਬਾਜ਼ੀ ਬੰਦ ਕਰਵਾਉਣ, 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਤਹਿਤ ਕੰਮ ਲੈਣ, ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਲੈਣ, ਦਿਹਾੜੀ 700 ਰੁਪਏ ਕਰਵਾਉਣ, ਕਰਜ਼ਾ ਮੁਆਫ ਕਰਵਾਉਣ, ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਸਬਸਿਡੀ ਤਹਿਤ ਕਰਜ਼ਾ ਦਿਵਾਉਣ, ਰਾਸ਼ਨ ਕਾਰਡਾਂ ’ਚੋਂ ਕੱਟੇ ਨਾਮ ਬਹਾਲ ਕਰਵਾਉਣ, ਸਾਰੇ ਪਰਿਵਾਰ ਦੇ ਜੀਆਂ ਦੇ ਅੰਗੂਠੇ ਲਵਾਉਣ ਦੇ ਫੁਰਮਾਨ ਨੂੰ ਬੰਦ ਕਰਵਾਉਣ ਆਦਿ ਸ਼ਾਮਲ ਹਨ। ਧਰਨੇ ’ਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਕੱਤਰ ਜਗਦੀਪ ਸਿੰਘ ਨੇ ਬਾਖੂਬੀ ਨਿਭਾਈ। ਜਥੇਬੰਦੀ ਦੇ ਆਗੂਆਂ ਅਮਰੀਕ ਸਿੰਘ, ਕਰਮਜੀਤ ਕੌਰ, ਹਮੀਰ ਸਿੰਘ, ਮੇਘ ਸਿੰਘ, ਜਗਸੀਰ ਉਗਰਾਹਾਂ, ਮੇਜਰ ਉੱਪਲੀ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਨਾਰੀ ਏਕਤਾ ਜਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ, ਮਗਨਰੇਗਾ ਫਰੰਟ ਦੀ ਹਰਪਾਲ ਕੌਰ ਆਦਿ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਊਟੀ ਮੈਜਿਸਟ੍ਰੇਟ ਗੁਰਵਿੰਦਰ ਕੌਰ ਵਲੋਂ ਮੰਗ ਪੱਤਰ ਲਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ 17 ਅਕਤੂਬਰ ਨੂੰ ਯੂਨੀਅਨ ਦੀ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ।