For the best experience, open
https://m.punjabitribuneonline.com
on your mobile browser.
Advertisement

ਫ਼ਲਸਤੀਨ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ’ਵਰਸਿਟੀ ਕੈਂਪਸ ਵਿੱਚ ਡਟੇ

07:17 AM May 03, 2024 IST
ਫ਼ਲਸਤੀਨ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ’ਵਰਸਿਟੀ ਕੈਂਪਸ ਵਿੱਚ ਡਟੇ
ਯੂਨੀਵਰਸਿਟੀ ਆਫ਼ ਕੈਲੀਫੋਰਨੀਆ ’ਚ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਨੂੰ ਹਿਰਾਸਤ ’ਚ ਲੈਂਦੀ ਹੋਈ ਪੁਲੀਸ। -ਫੋਟੋ: ਰਾਇਟਰਜ਼
Advertisement

ਲਾਸ ਏਂਜਲਸ, 2 ਮਈ
ਪੁਲੀਸ ਨੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਕੈਂਪਸ ਵਿਚ ਲੱਗੀਆਂ ਰੋਕਾਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਕੈਂਪਸ ਦੇ ਅੰਦਰ ਤੇ ਬਾਹਰ ਤੰਬੂ-ਬੰਬੂ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਲਾਊਡ ਸਪੀਕਰਾਂ ਰਾਹੀਂ ਉਥੋਂ ਹਟਣ ਦੀ ਚੇਤਾਵਨੀ ਦਿੱਤੀ। ਯੂਐੱਲਸੀਏ ਪ੍ਰਸ਼ਾਸਨ ਤੇ ਕੈਂਪਸ ਪੁਲੀਸ ਵੱਲੋਂ ਦੇਰ ਰਾਤ ਤੱਕ ਉਡੀਕ ਕੀਤੇ ਜਾਣ ਮਗਰੋਂ ਪੁਲੀਸ ਨੇ ਵੀਰਵਾਰ ਸਵੇਰੇ ਕੈਂਪਸ ਤੋਂ ਰੋਕਾਂ ਹਟਾਉਣ ਦੀ ਕਾਰਵਾਈ ਵਿੱਢ ਦਿੱਤੀ। ਫ਼ਲਸਤੀਨ ਪੱਖੀ ਸੈਂਕੜੇ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਲਾਸ ਏਂਜਲਸ ਕੈਂਪਸ ਵਿਚ ਬੈਰੀਕੇਡਾਂ ਪਿੱਛੇ ਡਟੇ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ‘ਸ਼ਰਮ ਕਰੋ’ ਤੇ ‘ਅਸੀਂ ਇਥੋਂ ਨਹੀਂ ਹਿੱਲਾਂਗੇ’ ਦੇ ਨਾਅਰੇ ਲਾਏ।
ਪੁਲੀਸ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਤੰਬੂਆਂ ਦੀ ਛਾਉਣੀ ਵਾਲੀ ਥਾਂ ਤੜਕੇ ਦੋ ਵਜੇ ਦੇ ਕਰੀਬ ਦਾਖ਼ਲ ਹੋਈ, ਪਰ ਸੁਰੱਖਿਆ ਕਰਮੀਆਂ ਦੇ ਮੁਕਾਬਲੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੱਧ ਸੀ। ਇਕ ਰਾਤ ਪਹਿਲਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਫਲਸਤੀਨ ਤੇ ਇਜ਼ਰਾਈਲ ਪੱਖੀ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ ਮਗਰੋਂ ਮਾਹੌਲ ਵਿਚ ਤਲਖ਼ੀ ਅਜੇ ਵੀ ਬਰਕਰਾਰ ਸੀ। ਝੜਪ ਦੌਰਾਨ ਘੱਟੋ-ਘੱਟ 15 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਸਨ। ਸਿਆਸੀ ਆਗੂਆਂ, ਮੁਸਲਿਮ ਵਿਦਿਆਰਥੀਆਂ ਤੇ ਫਲਸਤੀਨ ਹਮਾਇਤੀ ਸਮੂਹਾਂ ਨੇ ਝੜਪਾਂ ਨੂੰ ਲੈ ਕੇ ਅਥਾਰਿਟੀਜ਼ ਦੇ ਢਿੱਲੇ ਜਵਾਬ ਦੀ ਨੁਕਤਾਚੀਨੀ ਕੀਤੀ ਹੈ। ਯੂਨੀਵਰਸਿਟੀ ਕੈਂਪਸ ਵਿਚ ਲੱਗੇ ਤੰਬੂਆਂ ਵਿਚ ਬੁੱਧਵਾਰ ਸ਼ਾਮ ਤੱਕ ਸੈਂਕੜੇ ਲੋਕ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ‘ਅਸੀਂ ਇਥੋਂ ਨਹੀਂ ਜਾਵਾਂਗੇ।’ ਪ੍ਰਦਰਸ਼ਨਕਾਰੀਆਂ ਨੇ ਸਿਰਾਂ ’ਤੇ ਹੈਲਮਟ ਤੇ ਸਕਾਰਫ਼ ਪਾਏ ਹੋਏ ਸੀ। ਉਧਰ ਕੈਂਪਸ ਦੇ ਬਾਹਰ ਵੀ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ, ਜੋ ਫਲਸਤੀਨ ਪੱਖੀ ਨਾਅਰੇ ਲਾਉਣ ਲਈ ਤਿਆਰ ਸਨ। ਇਸੇ ਦੌਰਾਨ ਨੇੜੇ ਹੀ ਵਿਦਿਆਰਥੀਆਂ ਦਾ ਸਮੂਹ ਮੌਜੂਦ ਸੀ, ਜਿਨ੍ਹਾਂ ਇਜ਼ਰਾਈਲ ਤੇ ਯਹੂਦੀ ਲੋਕਾਂ ਦੀ ਹਮਾਇਤ ਵਿਚ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਹਨੇਰਾ ਹੋਣ ਦੇ ਨਾਲ ਕੈਂਪਸ ਦੇ ਅੰਦਰ ਤੇ ਬਾਹਰ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ। ਅਮਰੀਕਾ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਕੈਂਪਸਾਂ ਵਿਚ 18 ਅਪਰੈਲ ਤੋਂ ਜਾਰੀ ਰੋਸ ਪ੍ਰਦਰਸ਼ਨਾਂ ਦਰਮਿਆਨ ਪੁਲੀਸ ਹੁਣ ਤੱਕ 30 ਸਕੂਲਾਂ ਵਿਚੋਂ 1600 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਧਰ ਯੂਨੀਵਰਸਿਟੀ ਆਫ਼ ਕੈਨੇਡਾ ਸਿਸਟਮ ਦੇ ਮੁਖੀ ਮਿਸ਼ੇਲ ਡਰੇਕ ਨੇ ਕੈਂਪਸ ਵਿਚ ਹੋਈ ਝੜਪ ਤੇ ਪੁਲੀਸ ਕਾਰਵਾਈ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਨੇ ਅਮਰੀਕਾ ਦੀਆਂ ਹੋਰਨਾਂ ਯੂਨੀਵਰਸਿਟੀਆਂ ਜਾਂ ਸਕੂਲਾਂ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਤੰਬੂ ਬੰਬੂ ਪੁੱਟ ਦਿੱਤੇ ਹਨ। ਪੁਲੀਸ ਨੇ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿ ਸਿਟੀ ਕਾਲਜ ਆਫ਼ ਨਿਊ ਯਾਰਕ, ਫੋਰਡਹੈਮ ਯੂਨੀਵਰਸਿਟੀ ਨਿਊ ਯਾਰਕ, ਪੋਰਟਲੈਂਡ ਸਟੇਟ ਓਰੇਗਨ, ਨੌਰਦਰਨ ਐਰੀਜ਼ੋਨਾ ਯੂਨੀਵਰਸਿਟੀ ਫਲੈਗਸਟਾਫ਼, ਐਰੀਜ਼ੋਨਾ ਤੇ ਟੁਲਾਨੇ ਯੂਨੀਵਰਸਿਟੀ ਨਿਊ ਓਰਲੀਨਜ਼ ਸਣੇ ਹੋਰ ਸਕੂਲ ਬੰਦ ਕਰ ਦਿੱਤੇ ਹਨ। -ਏਪੀ

Advertisement

ਪ੍ਰਗਟਾਵੇ ਦੀ ਆਜ਼ਾਦੀ ਤੇ ਅਮਨ-ਕਾਨੂੰਨ ’ਚ ਸਹੀ ਤਵਾਜ਼ਨ ਹੋਵੇ: ਭਾਰਤ

ਨਵੀਂ ਦਿੱਲੀ: ਗਾਜ਼ਾ ਵਿਚ ਇਜ਼ਰਾਇਲੀ ਫੌਜ ਦੀ ਕਾਰਵਾਈ ਖਿਲਾਫ਼ ਅਮਰੀਕੀ ਯੂਨੀਵਰਸਿਟੀਆਂ ਵਿਚ ਜਾਰੀ ਰੋਸ ਪ੍ਰਦਰਸ਼ਨਾਂ ਦਰਮਿਆਨ ਭਾਰਤ ਨੇ ਅੱਜ ਕਿਹਾ ਕਿ ਕਿਸੇ ਵੀ ਜਮਹੂਰੀਅਤ ਵਿਚ ਪ੍ਰਗਟਾਵੇ ਦੀ ਆਜ਼ਾਦੀ, ਜ਼ਿੰਮੇਵਾਰੀ ਦੀ ਭਾਵਨਾ ਤੇ ਲੋਕਾਂ ਦੀ ਸੁਰੱਖਿਆ ਵਿਚਾਲੇ ਸਹੀ ਤਵਾਜ਼ਨ ਹੋਣਾ ਚਾਹੀਦਾ ਹੈ। ਅਮਰੀਕੀ ਅਥਾਰਿਟੀਜ਼ ਰੋਸ ਪ੍ਰਦਰਸ਼ਨਾਂ ਨੂੰ ਕੁਚਲਣ ਦੇ ਇਰਾਦੇ ਨਾਲ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀਆਂ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, ‘‘ਅਸੀਂ ਇਸ ਸਬੰਧੀ ਰਿਪੋਰਟਾਂ ਦੇਖੀਆਂ ਹਨ ਤੇ ਸਬੰਧਤ ਘਟਨਾਵਾਂ ਨੂੰ ਵਾਚ ਰਹੇ ਹਾਂ। ਕਿਸੇ ਵੀ ਜਮਹੂਰੀਅਤ ਵਿਚ ਪ੍ਰਗਟਾਵੇ ਦੀ ਆਜ਼ਾਦੀ, ਜ਼ਿੰਮੇਵਾਰੀ ਦਾ ਅਹਿਸਾਸ ਤੇ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਵਿਚਾਲੇ ਸਹੀ ਤਵਾਜ਼ਨ ਹੋਣਾ ਚਾਹੀਦਾ ਹੈ।’’ ਜੈਸਵਾਲ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਵਿਚੋਂ ਕਿਸੇ ਨੇ ਵੀ ਅਜੇ ਤੱਕ ਅਮਰੀਕੀ ਯੂਨੀਵਰਸਿਟੀਆਂ ਵਿਚ ਜਾਰੀ ਰੋਸ ਪ੍ਰਦਰਸ਼ਨਾਂ ’ਚ ਸ਼ਮੂਲੀਅਤ ਲਈ ਕਿਸੇ ਅਨੁਸ਼ਾਸਨੀ ਕਾਰਵਾਈ ਨੂੰ ਲੈ ਕੇ ਵਾਸ਼ਿੰਗਟਨ ਸਥਿਤ ਭਾਰਤੀ ਅੰਬੈਸੀ ਜਾਂ ਅਮਰੀਕਾ ਵਿਚ ਕਿਸੇ ਵੀ ਭਾਰਤੀ ਕੌਂਸੁਲੇਟ ਨਾਲ ਰਾਬਤਾ ਨਹੀਂ ਕੀਤਾ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×