For the best experience, open
https://m.punjabitribuneonline.com
on your mobile browser.
Advertisement

ਸੈਂਕੜੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਨੇੜੇ ਧਰਨਾ

10:34 AM Aug 18, 2024 IST
ਸੈਂਕੜੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਨੇੜੇ ਧਰਨਾ
ਮੁੱਖ ਮੰਤਰੀ ਦੇ ਧੂਰੀ ਸਥਿਤ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਦੇ ਸੈਂਕੜੇ ਕਿਸਾਨਾਂ ਵੱਲੋਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜੇ ਤਿੰਨ ਘੰਟੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਦੌਰਾਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਸਾਨੀ ਮੰਗਾਂ ਦਾ ਹੱਲ ਵਿਧਾਨ ਸਭਾ ਸੈਸ਼ਨ ਦੌਰਾਨ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਬੁਲਾਰਿਆਂ ਨੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਡੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸੈਂਕੜੇ ਕਿਸਾਨ ਇੱਥੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਦੇ ਪਟਿਆਲਾ ਬਾਈਪਾਸ ਓਵਰਬ੍ਰਿੱਜ ਹੇਠਾਂ ਇਕੱਠੇ ਹੋਏ, ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਵੱਲੋਂ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਰੋਕ ਲਿਆ। ਕਿਸਾਨਾਂ ਵੱਲੋਂ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਲਗਾ ਦਿੱਤਾ।
ਰੋਸ ਧਰਨੇ ਨੂੰ ਭਾਕਿਯੂ (ਰਾਜਵੇਲ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਭਾਕਿਯੂ (ਡਕੌਂਦਾ ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਭਾਕਿਯੂ (ਡਕੌਂਦਾ ਧਨੇਰ) ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਦੁੱਗਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮਨਜੀਤ ਰਾਜ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਿਰਮਲ ਸਿੰਘ ਬਟੜਿਆਣਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਹਰੇਕ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕੀਤਾ ਜਾਵੇ, ਵਾਟਰ ਅਲਾਉਂਸ ਨੂੰ ਰਿਵਾਈਜ਼ ਕੀਤਾ ਜਾਵੇ, ਵਪਾਰ ਲਈ ਭਾਰਤ- ਪਾਕਿਸਤਾਨ ਬਾਰਡਰ ਖੋਲੇ ਜਾਣ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ’ਤੇ ਲੀਕ ਮਾਰੀ ਜਾਵੇ, 60 ਸਾਲ ਦੀ ਉਮਰ ਤੋਂ ਬਾਅਦ ਕਿਸਾਨ ਮਰਦ ਅਤੇ ਔਰਤ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਇੱਕ ਏਕੜ ਨੂੰ ਇਕਾਈ ਮੰਨ ਕੇ ਫਸਲਾਂ ਦਾ ਬੀਮਾ ਕੀਤਾ ਜਾਵੇ, ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਂਦੇ ਵਿਧਾਨ ਸਭਾ ਸੈਸ਼ਨ ਵਿੱਚ ਕਿਸਾਨੀ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਧੂਰੀ (ਬੀਰਬਲ ਰਿਸ਼ੀ): ਸੰਯੁਕਤ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੈਂਕੜੇ ਕਿਸਾਨਾਂ ਨੇ ਧਰਨਾ ਲਗਾਇਆ। ਚਾਰ ਘੰਟੇ ਤੱਕ ਚੱਲੇ ਇਸ ਧਰਨੇ ਦੌਰਾਨ ਕੋਈ ਵੀ ਮੁੱਖ ਮੰਤਰੀ ਦਫ਼ਤਰ ਦਾ ਨੁਮਾਇੰਦਾ ਮੰਗ ਪੱਤਰ ਨਾ ਲੈਣ ਪੁੱਜਿਆ ਤਾਂ ਮਾਹੌਲ ਕਾਫ਼ੀ ਸਮਾਂ ਤਣਾਅਪੂਰਵਕ ਬਣਿਆ ਰਿਹਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਰਨੈਲ ਸਿੰਘ ਜਹਾਂਗੀਰ, ਤਰਲੋਚਨ ਸਿੰਘ ਝੋਰੜਾ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਆਗੂ ਲਖਵੀਰ ਸਿੰਘ ਲੱਖਾ ਬਾਲੀਆਂ, ਬਲਾਕ ਪ੍ਰਧਾਨ ਨਾਜ਼ਮ ਸਿੰਘ, ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਰਾਹੀਂ ਲਾਗੂ ਕਰਨ, ਹੂਸ਼ੈਨੀਵਾਲਾ ਤੇ ਬਾਘਾਬਾਰਡਰ ਖੋਲ੍ਹੇ ਜਾਣ, ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕਰਨ ਸਮੇਤ ਹੋਰ ਮੰਗਾਂ ਰੱਖੀਆਂ। ਮੁੱਖ ਮੰਤਰੀ ਦਫ਼ਤਰੀ ਵੱਲੋਂ ਨਿਰਧਾਰਤ ਸਮੇ ਤੱਕ ਮੰਗ ਪੱਤਰ ਨਾ ਲੈਣ ’ਤੇ ਕਿਸਾਨਾਂ ਨੇ ਬੈਰੀਗੇਡਾਂ ਤੋਂ ਅੱਗੇ ਵਧਣ ਦਾ ਐਲਾਨ ਕੀਤਾ ਤਾਂ ਮੌਕੇ ਐਸਡੀਐਮ ਧੂਰੀ ਅਮਿੱਤ ਗੁਪਤਾ ਅਤੇ ਡੀਐਸਪੀ ਧੂਰੀ ਪੁੱਜੇ ਜਿੰਨ੍ਹਾਂ ਮੰਗ ਪੱਤਰ ਲਿਆ।

ਪਟਿਆਲਾ ’ਚ ਕਿਸਾਨਾਂ ਵੱਲੋਂ ਸਿਹਤ ਮੰਤਰੀ ਦੇ ਨਿਵਾਸ ਅੱਗੇ ਧਰਨਾ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਨੇ ਕਰਜ਼ਾ ਮੁਕਤੀ, ਐੱਮਐੱਸਪੀ ਦੀ ਕਾਨੂੰਨਨ ਗਾਰੰਟੀ, ਹਰ ਘਰ ਤੇ ਖੇਤ ਲਈ ਸਾਫ਼ ਨਹਿਰੀ ਪਾਣੀ, ਕੁਦਰਤ ਪੱਖੀ ਖੇਤੀ ਨੀਤੀ ਬਣਾਉਣੀ, ਪਾਕਿਸਤਾਨ ਨਾਲ ਵਪਾਰ ਖੋਲ੍ਹਣਾ, ਕਿਸਾਨਾਂ ’ਤੇ ਪਾਏ ਸੰਘਰਸ਼ਾਂ ਦੇ ਕੇਸਾਂ ਦੀ ਵਾਪਸੀ, ਸਮਾਰਟ ਮੀਟਰ ਲਾਉਣੇ ਬੰਦ ਕਰਨੇ, ਸਹਿਕਾਰਤਾ ਪ੍ਰਬੰਧ ਦਰੁਸਤ ਕਰਕੇ ਵਧਾਉਣਾ, ਕਿਸਾਨਾਂ ਤੇ ਮਜ਼ਦੂਰਾਂ ਨੂੰ ਅਠਵੰਜਾ ਸਾਲ ਦੀ ਉਮਰ ਬਾਅਦ ਦਸ ਹਜ਼ਾਰ ਰੁਪਏ ਪੈਨਸ਼ਨ ਆਦਿ ਸ਼ਾਮਲ ਹਨ। ਸਮੂਹ ਬੁਲਾਰਿਆਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਆਰਥਕ ਹਾਲਤ ਮਾੜੀ ਹੋਣ ਲਈ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ । ਉਨ੍ਹਾਂ ਦਾਅਵਾ ਕੀਤਾ ਕਿ ਵਰਤਮਾਨ ਰਾਜ ਪ੍ਰਬੰਧ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਹੈ, ਜੋ ਕਿ ਸਰਮਾਏਦਾਰਾਂ ਦੇ ਲਈ ਮਿਹਨਤਕਸ਼ ਲੋਕਾਂ ਦੀ ਲੁੱਟ ਕਰਦਾ ਹੈ। ਅਖੀਰ ਵਿਚ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਨੁਮਾਇੰਦੇ ਨੇ ਪ੍ਰਾਪਤ ਕਰਕੇ ਅਗਲੀ ਕਾਰਵਾਈ ਲਈ ਭਰੋਸਾ ਦਿੱਤਾ।

Advertisement

Advertisement
Author Image

Advertisement
×