For the best experience, open
https://m.punjabitribuneonline.com
on your mobile browser.
Advertisement

ਸੈਂਕੜੇ ਏਕੜ ਰਕਬੇ ਵਿੱਚ ਭਰਿਆ ਪਾਣੀ

07:12 AM Jun 07, 2024 IST
ਸੈਂਕੜੇ ਏਕੜ ਰਕਬੇ ਵਿੱਚ ਭਰਿਆ ਪਾਣੀ
ਪਿੰਡ ਫੱਗੂ ਨੇੜੇ ਨਹਿਰ ’ਚ ਪਾੜ ਪੈਣ ਕਾਰਨ ਖੇਤਾਂ ਵਿੱਚ ਭਰਿਆ ਪਾਣੀ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 6 ਜੂਨ
ਪਿੰਡ ਫੱਗੂ ਨੇੜੇ ਅੱਜ ਸਵੇਰੇ ਅਚਾਨਕ ਨਹਿਰ ਵਿੱਚ ਪਾੜ ਪੈਣ ਨਾਲ ਪਾਣੀ ਆਸ-ਪਾਸ ਦੇ ਖੇਤਾਂ ਵਿੱਚ ਭਰ ਗਿਆ ਅਤੇ ਪਾਣੀ ਰਿਹਾਇਸ਼ੀ ਖੇਤਰ ਵੱਲ ਵਧਣਾ ਸ਼ੁਰੂ ਹੋ ਗਿਆ। ਨਹਿਰ ਟੁੱਟਣ ਦਾ ਪਤਾ ਢਾਣੀਆਂ ’ਚ ਰਹਿੰਦੇ ਲੋਕਾਂ ਨੂੰ ਉਦੋਂ ਲੱਗਾ ਜਦੋਂ ਉਨ੍ਹਾਂ ਦੀਆਂ ਢਾਣੀਆਂ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਨਜ਼ਰ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪਿੰਡ ’ਚ ਨਹਿਰ ਟੁੱਟਣ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪਿੰਡ ਵਾਸੀ ਵੱਡੀ ਗਿਣਤੀ ’ਚ ਮੌਕੇ ’ਤੇ ਪਹੁੰਚ ਗਏ। ਦੂਜੇ ਪਾਸੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਮੌਕੇ ’ਤੇ ਪਹੁੰਚ ਕੇ ਪੰਜਾਬ ਹੈੱਡ ਤੋਂ ਪਾਣੀ ਨੂੰ ਪਿੱਛੋਂ ਬੰਦ ਕਰਵਾਇਆ। ਨਹਿਰ ਟੁੱਟਣ ਦਾ ਕਾਰਨ ਝੱਖੜ ਕਾਰਨ ਨਹਿਰ ਵਿੱਚ ਦਰੱਖਤ ਡਿੱਗਣਾ ਦੱਸਿਆ ਗਿਆ ਹੈ। ਪਿੰਡ ਫੱਗੂ ਵਾਸੀ ਜਸਕਰਨ ਸਿੰਘ, ਪਾਲ ਸਿੰਘ, ਹਰਪਾਲ ਸਿੰਘ, ਦਰਸ਼ਨ ਸਿੰਘ, ਰਾਮ ਸਿੰਘ, ਗੁਰਜੰਟ ਸਿੰਘ, ਕਾਲਾ ਸਿੰਘ, ਕੁਲਵੰਤ ਸਿੰਘ, ਜੱਗਾ ਸਿੰਘ, ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਫੱਗੂ ਵਿੱਚ ਮੁੱਖ ਸੜਕ ਦੇ ਪੁਲ ਅਤੇ ਰਈਆ ਰੋਡ ਪੁਲ ਦੇ ਵਿਚਕਾਰ ਪੂਰਬੀ ਦਿਸ਼ਾ ਵੱਲ ਅਚਾਨਕ ਮਮੜ ਖੇੜਾ ਨਹਿਰ ਟੁੱਟ ਗਈ। ਜਿਸ ਕਾਰਨ ਕਰੀਬ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਜਿਸ ਕਰਕੇ ਮੂੰਗੀ, ਜਵਾਰ, ਮੱਕੀ, ਨਰਮਾ ਆਦਿ ਦੀਆਂ ਫ਼ਸਲਾਂ ਪਾਣੀ ’ਚ ਡੁੱਬ ਗਈਆਂ। ਉਨ੍ਹਾਂ ਦੱਸਿਆ ਕਿ ਪਿੰਡ ਵਾਲੇ ਪਾਸੇ ਨਹਿਰ ’ਚ ਪਾੜ ਪੈ ਗਿਆ। ਜਿਸ ਕਾਰਨ ਨਹਿਰ ਦਾ ਪਾਣੀ ਨੀਵੇਂ ਪਾਸੇ ਪੈਂਦੇ ਪਿੰਡ ਦੀਆਂ ਬਸਤੀਆਂ ਵੱਲ ਬਹੁਤ ਤੇਜ਼ੀ ਨਾਲ ਵਹਿਣ ਲੱਗ ਪਿਆ। ਪਾਣੀ ਦਾ ਤੇਜ਼ ਵਹਾਅ ਦੇਖ ਕੇ ਪਿੰਡ ਦੇ ਲੋਕ ਡਰ ਗਏ ਅਤੇ ਆਪਣੇ ਘਰਾਂ ਦੇ ਬਾਹਰ ਕੰਧਾਂ ਦੇ ਨਾਲ ਮਿੱਟੀ ਲਾਉਣ ਲੱਗ ਗਏ ਤਾਂ ਕਿ ਪਾਣੀ ਘਰਾਂ ਵਿੱਚ ਨਾ ਵੜ ਜਾਵੇ ਪਰ ਪਾਣੀ ਪਿੱਛੋਂ ਬੰਦ ਕਰਵਾ ਦਿੱਤਾ ਗਿਆ ਜਿਸ ਕਰਕੇ ਜ਼ਿਆਦਾ ਨੁਕਸਾਨ ਹੋਣੋਂ ਬਚ ਗਿਆ। ਬਾਅਦ ਵਿੱਚ ਨਹਿਰੀ ਵਿਭਾਗ ਅਤੇ ਪਿੰਡ ਵਾਸੀਆਂ ਵੱਲੋਂ ਜੇਸੀਬੀ ਮਸ਼ੀਨ ਅਤੇ ਟਰੈਕਟਰ ਟਰਾਲੀਆਂ ਵਿੱਚ ਦੂਰੋਂ-ਦੂਰੋਂ ਮਿੱਟੀ ਲਿਆ ਕੇ ਨਹਿਰ ਵਿੱਚ ਪਏ ਪਾੜ ਨੂੰ ਪੂਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਹਿਰ ਟੁੱਟਣ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

Advertisement

ਸ਼ਹਿਣਾ ਵਿੱਚ ਤੇਜ਼ ਹਨੇਰੀ ਕਾਰਨ ਜਨਜੀਵਨ ਪ੍ਰਭਾਵਿਤ

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਲੰਘੀ ਰਾਤ 8 ਵਜੇ ਦੇ ਕਰੀਬ ਸ਼ਹਿਣਾ ਅਤੇ ਇਲਾਕੇ ’ਚ ਆਈ ਤੇਜ਼ ਹਨੇਰੀ ਅਤੇ ਝੱਖੜ ਆਉਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਝੱਖੜ ਕਾਰਨ ਨਹਿਰੀ ਪਟੜੀ ਬੱਲੋਕੇ ਅਤੇ ਨਹਿਰੀ ਪਟੜੀ ਵਿਧਾਤੇ ’ਤੇ ਦਰੱਖਤ ਵੀ ਡਿੱਗੇ। ਕਸਬੇ ਸ਼ਹਿਣਾ ਦੀ ਬਿਜਲੀ ਸਪਲਾਈ ਅਤੇ ਨੈੱਟ ਸੇਵਾ ਸਾਰੀ ਰਾਤ ਬੰਦ ਰਹੀ। ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਰਾਤ ਗਰਮੀ ’ਚ ਹੀ ਲੰਘਾਉਣੀ ਪਈ। ਝੱਖੜ ਕਾਰਨ ਕਿਸੇ ਮਾਲੀ, ਜਾਨੀ ਨੁਕਸਾਨ ਦੀ ਕੋਈ ਖਬਰ ਨਹੀ ਹੈ। ਬਿਜਲੀ ਸਪਲਾਈ ਨਾ ਹੋਣ ਕਾਰਨ ਲੋਕ ਸਾਰੀ ਰਾਤ ਪ੍ਰੇਸ਼ਾਨ ਰਹੇ। ਇਸੇ ਦੌਰਾਨ ਬਲਾਕ ਸ਼ਹਿਣਾ ਦੇ ਪਿੰਡ ਸੁਖਪੁਰਾ ’ਚ ਬਿਜਲੀ ਗਜਿੱਡ ਨੂੰ ਤੇਜ਼ ਹਵਾਵਾਂ ਕਾਰਨ ਅੱਗ ਲੱਗ ਗਈ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਸੁਖਪੁਰਾ ਗਰਿੱਡ ਦੇ ਅਧਿਕਾਰੀ ਲੱਗੀ ਅੱਗ ਦੇ ਕਾਰਨਾਂ ਬਾਰੇ ਜਾਣਕਾਰੀ ਦੇਣ ਤੋਂ ਟਾਲਮਟੋਲ ਕਰਦੇ ਰਹੇ। ਗਰਿੱਡ ’ਚ ਨਾਮਾਤਰ ਨੁਕਸਾਨ ਹੀ ਹੋਇਆ ਹੈ। ਜੇਕਰ ਲੋਕ ਸਮੇਂ-ਸਿਰ ਅੱਗ ’ਤੇ ਕਾਬੂ ਨਾ ਪਾਉਂਦੇ ਤਾਂ ਇਥੇ ਵੱਡਾ ਹਾਦਸਾ ਵਾਪਰ ਸਕਦਾ ਸੀ। ਅੱਗ ’ਤੇ ਕਾਬੂ ਪੈਣ ਕਾਰਨ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ।

Advertisement
Author Image

joginder kumar

View all posts

Advertisement
Advertisement
×