For the best experience, open
https://m.punjabitribuneonline.com
on your mobile browser.
Advertisement

ਬੇਟ ਖੇਤਰ ’ਚ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ

06:53 AM Jul 08, 2023 IST
ਬੇਟ ਖੇਤਰ ’ਚ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ
ਬੇਟ ਖੇਤਰ ਵਿੱਚ ਪਾਣੀ ਵਿੱਚ ਡੁੱਬੀ ਝੋਨੇ ਦੀ ਫ਼ਸਲ।
Advertisement

ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਦੋ ਦਿਨ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਬੇਟ ਖੇਤਰ ਲਈ ਇਹ ਭਾਰੀ ਸਮੱਸਿਆਵਾਂ ਲੈ ਕੇ ਆਈ ਹੈ ਕਿਉਂਕਿ ਸਥਾਨਕ ਬਲਾਕ ਅਧੀਨ ਪੈਂਦੇ ਬੇਟ ਖੇਤਰ ਵਿੱਚੋਂ ਲੰਘਦੀਆਂ ਡਰੇਨਾਂ ਦੀ ਸਮੇਂ ਸਿਰ ਸਾਫ਼-ਸਫ਼ਾਈ ਨਾ ਹੋਣ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਵੱਖ ਵੱਖ ਪਿੰਡ ਦੇ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚੋਂ ਲੰਘਦੀਆਂ ਸੇਮ ਨਾਲਿਆਂ ਦੀ ਸਮੇਂ ਸਿਰ ਡਰੇਨਜ਼ ਵਿਭਾਗ ਵੱਲੋਂ ਸਫ਼ਾਈ ਨਾ ਕਰਵਾਏ ਜਾਣ ਕਾਰਨ ਬਾਰਸ਼ ਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਡੁੱਬ ਗਈਆਂ ਹਨ। ਇਸ ਦੇ ਨਾਲ ਉਨ੍ਹਾਂ ਦੇ ਟਿਊਬਵੈੱਲ ਅਤੇ ਕੁੱਝ ਘਰ ਵੀ ਪਾਣੀ ਦੀ ਲਪੇਟ ਵਿੱਚ ਆ ਗਏ ਹਨ। ਅਜਿਹੀ ਹਾਲਤ ਕਾਰਨ ਉਨ੍ਹਾਂ ਨੂੰ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਵੱਖ ਵੱਖ ਪਿੰਡਾਂ ਸੱਲੋਪੁਰ, ਕੋਟਲੀ ਹਰਚੰਦਾਂ, ਚੱਕਸ਼ਰੀਫ, ਝੰਡਾ ਲੁਬਾਣਾ, ਬਲਵੰਡਾ, ਕੋਟਲਾ ਗੁਜਰਾਂ, ਰਾਜੂਬੇਲਾ, ਛਿਛਰਾ, ਨਾਨੋਵਾਲ ਕਲਾਂ, ਨਾਨੋਵਾਲ ਜੀਂਦੜ, ਨਾਨੋਵਾਲ ਖੁਰਦ, ਫੇਰੋਚੇਚੀ ਆਦਿ ਪਿੰਡਾ ਦਾ ਦੌਰਾ ਕਰ ਕੇ ਦੇਖਿਆ ਗਿਆ ਕਿ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਦੇ ਨਾਲ ਪਸ਼ੂਆਂ ਦੇ ਹਰੇ-ਚਾਰੇ ਦੀ ਫ਼ਸਲ ਅਤੇ ਪਾਣੀ ਵਾਲੇ ਇੰਜਨ ਅਤੇ ਟਿਊਬਵੈੱਲ ਵੀ ਪਾਣੀ ਵਿੱਚ ਡੁੱਬੇ ਹੋਏ ਸਨ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੀ ਫ਼ਸਲ ਜ਼ਿਆਦਾ ਸਮੇਂ ਤੱਕ ਪਾਣੀ ਵਿੱਚ ਡੁੱਬੀ ਰਹੀ ਤਾਂ ਫ਼ਸਲ ਬਰਬਾਦ ਹੋ ਸਕਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਡਰੇਨਜ਼ ਵਿਭਾਗ ਖ਼ਿਲਾਫ਼ ਡਟ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਜਦੋਂ ਐੱਸਡੀਓ ਪਰਮਜੀਤ ਸਿੰਘ ਕਾਹਲੋਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਸਬੰਧੀ ਡਰੇਨਜ਼ ਵਿਭਾਗ ਦੇ ਜੇਈ ਪਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਜਿੰਨਾ ਫ਼ੰਡ ਡਰੇਨਾਂ ਦੀ ਸਫ਼ਾਈ ਲਈ ਆਇਆ ਸੀ। ਉਸ ਦੇ ਅਨੁਸਾਰ ਡਰੇਨਾਂ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ। ਬਾਕੀ ਡਰੇਨਾਂ ਦੀ ਸਫ਼ਾਈ ਹੋਰ ਫ਼ੰਡ ਮਿਲਣ ਉੱਤੇ ਕਰਵਾ ਦਿੱਤੀ ਜਾਵੇਗੀ।

Advertisement

Advertisement
Advertisement
Tags :
Author Image

joginder kumar

View all posts

Advertisement