ਨੌਹਰ ਫੀਡਰ ਨਹਿਰ ਟੁੱਟਣ ਨਾਲ ਸੌ ਏਕੜ ਫ਼ਸਲ ਡੁੱਬੀ
ਪੱਤਰ ਪ੍ਰੇਰਕ/ ਨਿੱਜੀ ਪੱਤਰ ਪ੍ਰੇਰਕ
ਏਲਨਾਬਾਦ/ਸਿਰਸਾ, 20 ਨਵੰਬਰ
ਪਿੰਡ ਮਾਖੋਸਰਾਨੀ ਤੇ ਦਿੜ੍ਹਬਾ ਕਲਾਂ ਨੇੜੇ ਰਾਜਸਥਾਨ ਨੂੰ ਜਾਣ ਵਾਲੀ ਨੌਹਰ ਫੀਡਰ ਨਹਿਰ ਅੱਜ ਸਵੇਰੇ ਟੁੱਟ ਗਈ ਜਿਸ ਕਾਰਨ 100 ਏਕੜ ਦੇ ਕਰੀਬ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨਾਂ ਓਮ ਪ੍ਰਕਾਸ਼, ਰਾਮ ਲਾਲ, ਭਜਨ ਸਿੰਘ, ਮਿੱਠੂ ਰਾਮ ਆਦਿ ਨੇ ਦੱਸਿਆ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਅਧਿਕਾਰੀਆਂ ਨੇ ਨਹਿਰਾਣਾ ਹੈੱਡ ਤੋਂ ਨਹਿਰ ਨੂੰ ਬੰਦ ਕਰਵਾ ਦਿੱਤਾ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਕਿਸਾਨਾਂ ਨੇ ਦੱਸਿਆ ਕਿ ਇਹ ਨਹਿਰ ਟੁੱਟਣ ਨਾਲ ਕਰੀਬ 100 ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਪਾਣੀ ਜ਼ਿਆਦਾ ਭਰਨ ਕਾਰਨ ਕਿਸਾਨਾਂ ਨੂੰ ਅੱਗੇ ਬਿਜਾਈ ਕਰਨ ਵਿੱਚ ਵੀ ਦਿੱਕਤ ਆਵੇਗੀ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਖਤਮ ਹੋਣ ਵਾਲਾ ਹੈ। ਕਿਸਾਨਾਂ ਨੇ ਆਖਿਆ ਕਿ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਨਹਿਰ ਟੁੱਟੀ ਹੈ ਕਿਉਂਕਿ ਨਹਿਰ ਵਿੱਚੋਂ ਭਰੀ ਗਾਰ ਨੂੰ ਕਦੇ ਵੀ ਨਹੀਂ ਕੱਢਿਆ ਗਿਆ ਅਤੇ ਸਫ਼ਾਈ ਵੀ ਨਹੀਂ ਕਰਵਾਈ ਗਈ ਜਿਸ ਕਾਰਨ ਇਸ ਸੀਜ਼ਨ ਵਿੱਚ ਇਹ ਨਹਿਰ ਵਾਰ-ਵਾਰ ਟੁੱਟ ਰਹੀ ਹੈ ਪਰ ਵਿਭਾਗ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿੰਚਾਈ ਵਿਭਾਗ ਦੇ ਐਸਡੀਓ ਹਰਦੀਪ ਸਿੰਘ ਨੇ ਦੱਸਿਆ ਕਿ ਨੌਹਰ ਫੀਡਰ ਨਹਿਰ ਸਵੇਰੇ ਕਰੀਬ 7 ਵਜੇ ਟੁੱਟ ਗਈ ਸੀ। ਨਹਿਰ ਟੁੱਟਣ ਕਾਰਨ ਕਰੀਬ 100 ਫੁੱਟ ਚੌੜਾ ਪਾੜ ਪੈ ਗਿਆ ਹੈ।