ਨਹਿਰ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਡੁੱਬੀ
ਜਗਤਾਰ ਸਮਾਲਸਰ
ਏਲਨਾਬਾਦ, 2 ਅਗਸਤ
ਇੱਥੋਂ ਦੇ ਪਿੰਡ ਦੜਬਾ ਕਲਾਂ ਨੇੜੇ ਸ਼ੇਰਾਵਾਲੀ ਭਾਖੜਾ ਬਰਾਂਚ ਨਹਿਰ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਇਸ ਦੌਰਾਨ ਨਰਮੇ ਅਤੇ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜਾਣਕਾਰੀ ਅਨੁਸਾਰ ਲੋਕਾਂ ਵੱਲੋਂ ਨਹਿਰ ਟੁੱਟਣ ਦੀ ਸੂਚਨਾ ਸਿੰਜਾਈ ਵਿਭਾਗ ਦੇਣ ਮਗਰੋਂ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਨਹਿਰ ਨੂੰ ਨਹਿਰਾਨਾ ਹੈੱਡ ਤੋਂ ਬੰਦ ਕਰਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਨਹਿਰ ਟੁੱਟਣ ਤੋਂ ਬਾਅਦ ਪਾਣੀ ਪਿੰਡ ਵੱਲ ਜਾਣ ਲੱਗਾ ਤਾਂ ਗਰਾਮ ਪੰਚਾਇਤ ਦੜਬਾ ਕਲਾਂ ਵਲੋਂ ਜੇਸੀਬੀ ਮਸ਼ੀਨ ਲਗਾਕੇ ਪਾਣੀ ਨੂੰ ਪਿੰਡ ਦੇ ਨਾਲੇ ਨਾਲ ਜੋੜ ਦਿੱਤਾ। ਜਿਸ ਕਾਰਨ ਘਰਾਂ ਵਿੱਚ ਪਾਣੀ ਜਾਣ ਤੋਂ ਬਚਾਅ ਹੋ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਸੰਤੋਸ਼ ਬੈਨੀਵਾਲ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਰਕਬੇ ਵਿੱਚ ਨਹਿਰ ਟੁੱਟੀ ਹੈ, ਜਿਸ ਕਾਰਨ ਠੇਕੇ ’ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਅਤੇ ਕੁਝ ਹੋਰ ਕਿਸਾਨਾਂ ਜਿਨ੍ਹਾਂ ਦੀ ਆਪਣੀ ਜ਼ਮੀਨ ਹੈ ਉਨ੍ਹਾਂ ਦੀ ਫ਼ਸਲ ਵੀ ਪਾਣੀ ਵਿੱਚ ਡੁੱਬ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਅਮਨ ਬੈਨੀਵਾਲ,ਸਰਪੰਚ ਸੰਤੋਸ਼ ਬੈਨੀਵਾਲ, ਭਗਵਾਨਾ ਰਾਮ,ਨੰਦ ਲਾਲ ਆਦਿ ਨੇ ਦੱਸਿਆ ਕਿ ਨਹਿਰ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਹਿਰ ਟੁੱਟੀ ਹੈ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਪਾਣੀ ਵਿਚ ਡੁੱਬੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸਿੰਜਾਈ ਵਿਭਾਗ ਦੇ ਐਸਈ.ਆਤਮਾ ਰਾਮ ਭਾਂਬੂ ਨੇ ਆਖਿਆ ਕਿ ਪਿੰਡ ਦੜਬਾ ਕਲਾਂ ਨੇੜੇ ਸ਼ੇਰਾਵਾਲੀ ਭਾਖੜਾ ਬਰਾਂਚ ਨਹਿਰ ਵਿੱਚ ਅਚਾਨਕ ਪਾੜ ਪੈਣ ਦੀ ਸੂਚਨਾ ਮਿਲੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਨਹਿਰ ਨੂੰ ਨਹਿਰਾਨਾ ਹੈੱਡ ਤੋਂ ਬੰਦ ਕਰਵਾ ਦਿੱਤਾ ਹੈ ਅਤੇ ਪਾੜ ਭਰਿਆ ਜਾ ਰਿਹਾ ਹੈ।