ਝੰਬੋ ਚੋਅ ’ਚ ਆਏ ਹੜ੍ਹ ਕਾਰਨ ਸੈਂਕੜੇ ਏਕੜ ਫ਼ਸਲ ਬਰਬਾਦ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਜੁਲਾਈ
ਝੰਬੋ ਚੋਅ ਵਿਚ ਆਏ ਹੜ੍ਹ ਨੇ ਸੈਂਕੜੇ ਏਕੜ ਝੋਨਾ ਅਤੇ ਪੱਕਣ ’ਤੇ ਆਈ ਮੱਕੀ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ। ਪਿਛਲੇ ਸਾਲ ਹੋਏ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੇ ਹੜ੍ਹਾਂ ਦਾ ਕਾਰਨ ਬਣਦੀ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਕਿਸਾਨਾਂ ਵਿਚ ਸਰਕਾਰ ਪ੍ਰਤੀ ਡਾਢਾ ਰੋਸ ਹੈ। ਕਿਸਾਨਾਂ ਨੇ ਇਸ ਦੌਰਾਨ ਪੁਲੀਆਂ ਦਾ ਪਾਣੀ ਪਾਈਪ ਲਾਈਨ ਰਾਹੀਂ ਚੋਅ ਵਿੱਚ ਨਾ ਪਾਉਣ ਦਾ ਦੋਸ਼ ਲਾਇਆ। ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਦਾ ਯਕੀਨ ਦਿਵਾਇਆ ਹੈ।
ਪਿੰਡ ਪਾਤੜਾਂ ਦੇ ਸਰਪੰਚ ਗੁਰਮੀਤ ਸਿੰਘ ਬਬਲੀ, ਸਾਬਕਾ ਸਰਪੰਚ ਕਰਨੈਲ ਸਿੰਘ, ਗਿਆਨ ਖਾਨ ਅਤੇ ਗੁਰਪਿੰਦਰ ਸਿੰਘ ਕਾਲੇਕਾ ਨੇ ਦੱਸਿਆ ਕਿ ਪਾਤੜਾਂ ਸ਼ਹਿਰ ਦੇ ਨਾਲ ਦੀ ਵਗਦੀ ਝੰਬੋ ਡਰੇਨ ਵਿੱਚ ਆਏ ਹੜ੍ਹ ਨਾਲ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲਾਂ ਮਾਰੀਆਂ ਗਈਆਂ ਹਨ। ਉਨ੍ਹਾਂ ਦੱਸਿਆ ਹੈ ਕਿ ਕੁੱਝ ਰਕਬੇ ਵਿੱਚ ਝੋਨੇ ਤੋਂ ਇਲਾਵਾ ਖੇਤੀ ਵਿਭੰਨਤਾ ਤਹਿਤ ਦਾਲਾਂ, ਸਬਜ਼ੀਆਂ ਅਤੇ ਮੱਕੀ ਬੀਜੀ ਹੋਈ ਸੀ ਜੋ ਕਿ ਹੜ੍ਹ ਦੀ ਭੇਟ ਚੜ੍ਹ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰਮਨ ਨਗਰ ਤੋਂ ਪਿੰਡ ਦਿਉਗੜ੍ਹ ਦੀ ਸੜਕ ਬਣਾਉਣ ਸਮੇਂ ਪੁਲੀਆਂ ਰੱਖੀਆਂ ਗਈਆਂ ਸਨ ਕਿ ਇਨ੍ਹਾਂ ਦਾ ਪਾਣੀ ਪਾਈਪ ਲਾਈਨ ਵਿੱਚ ਪਾ ਕੇ ਡਰੇਨ ਵਿੱਚ ਪਾਇਆ ਜਾਵੇਗਾ ਪਰ ਪਾਈਪ ਲਾਈਨ ਨਾ ਪਾਏ ਜਾਣ ਕਾਰਨ ਸਾਰੇ ਸ਼ਹਿਰ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਆ ਕੇ ਫਸਲਾਂ ਨੂੰ ਮਾਰ ਦਿੰਦਾ ਹੈ। ਐੱਸਡੀਐੱਮ ਪਾਤੜਾਂ ਨਵਦੀਪ ਕੁਮਾਰ ਕਿਹਾ ਹੈ ਕਿ ਜੂਨ ਵਿੱਚ ਡਰੇਨ ਵਿਭਾਗ ਨੇ ਸਫਾਈ ਕਰਵਾਈ ਸੀ। ਉਨ੍ਹਾਂ ਵੱਲੋਂ ਪਾਈਪ ਲਾਈਨ ਪੁਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਵੀ ਮੁਆਵਜ਼ੇ ਦੀ ਰਕਮ ਹੋਵੇਗੀ ਹੜ੍ਹ ਪੀੜਤਾਂ ਨੂੰ ਜ਼ਰੂਰ ਦਿੱਤੀ ਜਾਵੇਗੀ।